August 17, 2026

Justice News

ਅਵਾਮ ਦੀ ਆਵਾਜ਼

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਫਾਇਰਿੰਗ ਦੀ ਘਟਨਾ ਦਾ ਪੁਲਿਸ ਅਧਿਕਾਰੀਆਂ ਦੇ ਨਾਲ ਜਾਇਜ਼ਾ ਲਿਆ

ਖੰਨਾ,  (ਲੁਧਿਆਣਾ/
(ਜਸਟਿਸ ਨਿਊਜ਼)
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰੇਮ ਵੈਸ਼ਨੂੰ ਢਾਬਾ ਖੰਨਾ ਦਾ ਦੌਰਾ ਕਰਕੇ ਹਾਲ ਹੀ ਵਿੱਚ ਪ੍ਰੇਮ ਵੈਸ਼ਨੂੰ ਢਾਬੇ ’ਤੇ ਹੋਈ ਫਾਇਰਿੰਗ ਦੀ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ ਹਰਪਿੰਦਰ ਕੌਰ ਗਿੱਲ, ਡੀ.ਐਸ.ਪੀ ਤਰਲੋਚਨ ਸਿੰਘ ਤੋਂ ਇਲਾਵਾ ਖੰਨਾ ਪੁਲਿਸ ਦੇ ਹੋਰ ਵੀ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਲਈ ਸਪੱਸ਼ਟ ਸੰਦੇਸ਼ ਹੈ ਕਿ ਇਸ ਧਰਤੀ ‘ਤੇ ਸਮਾਜ ਵਿਰੋਧੀ ਤੱਤਾਂ ਲਈ ਕੋਈ ਥਾਂ ਨਹੀਂ ਹੈ। ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪ੍ਰੇਮ ਵੈਸ਼ਨੋ ਢਾਬਾ ਸਾਡੇ ਖੰਨੇ ਦਾ ਨਾਮਵਰ ਢਾਬਾ ਹੈ। ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀ ਤੀਜੀ ਪੀੜ੍ਹੀ ਜਿਹੜੀ ਇਸ ਢਾਬੇ ਨੂੰ ਚਲਾ ਰਹੀ ਹੈ। ਬੀਤੇ ਦਿਨੀ ਇਹਨਾਂ ਨੂੰ ਬੇਤਰਤੀਬ ਕਾਲ ਆ ਰਹੀਆਂ ਸਨ। ਇਸ ਤੋਂ ਬਾਅਦ ਮੇਰੇ ਵੱਲੋਂ ਇਸ ਸਬੰਧ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਨਾਲ ਗੱਲਬਾਤ ਕਰਕੇ ਇਸ ਕੇਸ ਨੂੰ ਟਰੇਸ ਕਰਨ ਲਈ ਕਿਹਾ ਗਿਆ ਅਤੇ ਪੁਲਿਸ ਟਰੇਸ ਕਰ ਰਹੀ ਸੀ। ਉਸ ਸਬੰਧ ਦੇ ਵਿੱਚ ਚਲਦੇ ਹੋਏ ਜਦੋਂ ਪ੍ਰੇਮ ਵੈਸ਼ਨੋ ਢਾਬਾ ਦੇ ਸੰਚਾਲਕ ਜਦੋਂ ਆਪਣੇ ਘਰ ਵਿੱਚ ਮਹਿਫੂਸ ਸੁੱਤੇ ਪਏ ਸਨ ਤਾਂ ਉਸ ਸਮੇਂ ਕਿਸੇ ਸ਼ਰਾਰਤੀ ਅਨਸਰਾਂ ਨੇ ਥਰੈਟ ਮੈਸੇਜ ਦੇਣ ਲਈ ਫਾਇਰਿੰਗ ਕਰਵਾਈ ਹੈ। ਉਸ ਦੀ ਪੂਰੀ ਦੀ ਪੂਰੀ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ, ਪੂਰੀ ਬੈਲਿਸਟਿਕ ਰਿਪੋਰਟਸ ਅਤੇ ਜੋ ਵੀ ਸਬੂਤ ਮਿਲੇ ਉਹ ਇਕੱਤਰ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਖੰਨਾ ਪੁਲਿਸ ਉਸ ਦਿਨ ਤੋਂ ਹੀ ਬਹੁਤ ਹੀ ਮੁਸਤੈਦੀ ਨਾਲ ਲੱਗੀ ਹੋਈ ਹੈ।
ਕੈਬਨਿਟ ਮੰਤਰੀ ਸੌਂਦ ਨੇ ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਨੂੰ ਅਪਰਾਧ ਮੁਕਤ ਬਣਾਉਣ ਅਤੇ ਗੈਰਕਾਨੂੰਨੀ ਸਰਗਰਮੀਆਂ ‘ਤੇ ਪੂਰੀ ਤਰ੍ਹਾਂ ਨੱਥ ਪਾਉਣ ਲਈ ਪੁਲਿਸ ਦ੍ਰਿੜ ਨਿਸ਼ਚੇ ਨਾਲ ਕੰਮ ਕਰ ਰਹੀ ਹੈ। ਪੁਲਿਸ ਜ਼ਿਲ੍ਹਾ ਖੰਨਾ ਵਿੱਚ ਪਹਿਲਾਂ ਵੀ ਜੇਕਰ ਕੋਈ ਵਾਰਦਾਤ ਹੋਈ ਹੈ ਤਾਂ ਇੱਕ ਵੀ ਕੇਸ ਅਜਿਹਾ ਨਹੀਂ ਹੈ ਜਿਹੜਾ ਕਿ ਖੰਨਾ ਪੁਲਿਸ ਨੇ ਹੱਲ ਨਾ ਕੀਤਾ ਹੋਵੇ। ਉਹਨਾਂ ਕਿਹਾ ਕਿ ਇੱਕ ਨਿਰਧਾਰਤ ਸਮੇਂ ਦੇ ਵਿੱਚ ਇਹ ਕੇਸ ਵੀ ਹੱਲ ਕੀਤਾ ਜਾਵੇਗਾ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਇਸ ਦੇ ਪਿੱਛੇ ਕਿਹੜੇ ਸ਼ਰਾਰਤੀ ਅਨਸਰ ਹਨ ਜਿਹੜੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ ਉਹ ਦੋਸ਼ੀ ਬਹੁਤ ਜਲਦ ਖੰਨਾ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।
ਉਨ੍ਹਾਂ ਪ੍ਰੇਮ ਵੈਸ਼ਨੋ ਢਾਬੇ ਦੀ ਸੁਰੱਖਿਆ ਸਬੰਧੀ ਦੱਸਿਆ ਕਿ ਪੀ.ਸੀ.ਆਰ ਜੀਪ ਹਰ ਸਮੇਂ ਢਾਬੇ ਦੇ ਬਾਹਰ ਖੜੀ ਰਹਿੰਦੀ ਹੈ। ਉਨ੍ਹਾਂ ਐਸ.ਪੀ ਹਰਪਿੰਦਰ ਕੌਰ ਗਿੱਲ ਨੂੰ ਆਦੇਸ਼ ਦਿੱਤਾ ਕਿ ਪ੍ਰੇਮ ਵੈਸ਼ਨੂੰ ਢਾਬੇ ਦੀ ਸੁਰੱਖਿਆ ਲਈ ਇੱਕ ਪੁਲਿਸ ਮੁਲਾਜ਼ਮ ਤੁਰੰਤ ਤੈਨਾਤ ਕਰ ਦਿੱਤਾ ਜਾਵੇ ਜਦੋਂ ਤੱਕ ਇਹ ਕੇਸ ਹੱਲ ਨਹੀਂ ਹੋ ਜਾਂਦਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.