August 17, 2026

Justice News

ਅਵਾਮ ਦੀ ਆਵਾਜ਼

ਆਪ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਤੋਂ ਬਾਅਦ, ਕੇਜਰੀਵਾਲ ਨੂੰ ਹੁਣ ਸਿਆਸਤ ਛੱਡ ਕੇ ਘਰ ਬੈਠ ਜਾਣਾ ਚਾਹੀਦਾ : ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ,

(ਜਸਟਿਸ ਨਿਊਜ਼  )

ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਅਵਾਜ਼ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਲੋਕਤੰਤਰਿਕ ਪ੍ਰਕਿਰਿਆ ਅਧੀਨ ਭਾਜਪਾ ਵਿੱਚ ਸ਼ਾਮਲ ਹੋਣਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਅਰਵਿੰਦ ਕੇਜਰੀਵਾਲ ਦੀ ਝੂਠ ਦੀ ਸਿਆਸਤ ਦੀ ਦੁਕਾਨ ਹੁਣ ਬੰਦ ਹੋਣ ਕਿਨਾਰੇ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਹੁਣ ਸਿਆਸਤ ਛੱਡ ਕੇ ਘਰ ਬੈਠ ਜਾਣਾ ਚਾਹੀਦਾ ਹੈ, ਨਹੀਂ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਪ ਨੂੰ ਅਜਿਹਾ ਸਬਕ ਸਿਖਾਉਣਗੇ ਜੋ ਉਹ ਕਦੇ ਨਹੀਂ ਭੁੱਲਣਗੇ।
ਪ੍ਰੋ. ਖਿਆਲਾ ਨੇ ਕਿਹਾ ਕਿ “ਬਦਲਾਅ ਦੀ ਰਾਜਨੀਤੀ” ਦੇ ਨਾਅਰੇ ਨਾਲ ਅੱਗੇ ਆਈ ਆਪ ਅੱਜ ਸਿਰਫ਼ ਸੱਤਾ ਦੀ ਭੁੱਖ ਅਤੇ ਤਾਨਾਸ਼ਾਹੀ ਦਾ ਪ੍ਰਤੀਕ ਬਣ ਚੁੱਕੀ ਹੈ। ਜਿਸ ਪਾਰਟੀ ਨੇ ਵੀ ਆਈ ਪੀ ਕਲਚਰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਉਹ ਅੱਜ ਖ਼ੁਦ ਇਸ ਕਲਚਰ ਨੂੰ ਸਭ ਤੋਂ ਵੱਧ ਵਧਾਵਾ ਦੇ ਰਹੀ ਹੈ। ਲੋਕਾਂ ਦੇ ਪੈਸੇ ਦੀ ਸਵਾਰਥੀ ਹਿਤਾਂ ਲਈ ਬੇਹਿਸਾਬ ਇਸ਼ਤਿਹਾਰਬਾਜ਼ੀ ਕਰਕੇ ਲੁੱਟ ਕੀਤੀ ਜਾ ਰਹੀ ਹੈ।
ਉਨ੍ਹਾਂ ਤਿੱਖੇ ਲਹਿਜ਼ੇ ਵਿੱਚ ਵਿਅੰਗ ਕਸਦਿਆਂ ਕਿਹਾ “ਘੁਟਾਲਾ ਸ਼ਰਾਬ ਦਾ ਕਰਦੇ ਹਨ ਤੇ ਨਾਅਰੇਬਾਜ਼ੀ ਇਨਕਲਾਬ ਦੀ ਲਗਾਉਂਦੇ ਹਨ।” ਅੱਜ ਪੰਜਾਬ “ਰੰਗਲਾ ਪੰਜਾਬ” ਨਹੀਂ, ਸਗੋਂ “ਰੁਲਦਾ ਪੰਜਾਬ” ਬਣ ਚੁੱਕਾ ਹੈ। ਵਿਕਾਸ ਦੀ ਥਾਂ ਇਸ਼ਤਿਹਾਰ, ਕ੍ਰਾਂਤੀ ਦੀ ਥਾਂ ਰੰਗ-ਰੋਗਨ ਅਤੇ ਇਮਾਨਦਾਰੀ ਦੀ ਥਾਂ ਸਮਝੌਤੇ—ਕੀ ਇਹੀ “ਨਵਾਂ ਪੰਜਾਬ” ਹੈ?
ਪ੍ਰੋ. ਖਿਆਲਾ ਨੇ ਕਿਹਾ ਕਿ ਆਪ ਦੇ ਫਾਊਂਡਰ ਮੈਂਬਰ ਅਤੇ ਅਹਿਮ ਆਗੂ ਇਕ-ਇਕ ਕਰਕੇ ਪਾਰਟੀ ਛੱਡ ਰਹੇ ਹਨ। ਹੁਣ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਰਾਜਿੰਦਰ ਗੁਪਤਾ, ਸਵਾਤੀ ਮਾਲੀਵਾਲ ਅਤੇ ਵਿਕਰਮ ਸਾਹਨੀ ਵਰਗੇ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਆਉਣ ’ਤੇ ਉਨ੍ਹਾਂ ਨੂੰ “ਗੱਦਾਰ” ਕਹਿਣਾ ਆਪ ਦੀ ਘਬਰਾਹਟ ਦਾ ਸਬੂਤ ਹੈ। ਉਨ੍ਹਾਂ ਪੁੱਛਿਆ ਕਿ ਜੇ ਪਾਰਟੀ ਛੱਡਣ ਵਾਲੇ ਗੱਦਾਰ ਹਨ ਤਾਂ ਫਿਰ ਹੋਰ ਪਾਰਟੀਆਂ ਤੋਂ ਆਏ ਆਪ ਆਗੂਆਂ ਨੂੰ ਕਿਹੜਾ ਸਰਟੀਫਿਕੇਟ ਦਿੱਤਾ ਜਾਵੇ?
ਉਨ੍ਹਾਂ ਕਿਹਾ ਕਿ ਜੇ ਇਹਨਾਂ ਲੋਕਾਂ ਦੀ “ਮੁਹੱਲਿਆਂ ਵਾਲੀ ਔਕਾਤ ਵੀ ਨਹੀਂ ਸੀ” ਤਾਂ ਫਿਰ ਇਹਨਾਂ ਨੂੰ ਰਾਜ ਸਭਾ ਕਿਉਂ ਥੋਪਿਆ ਗਿਆ? ਕੀ ਇਹ ਤੁਹਾਡੇ ਵੱਲੋਂ ਪੰਜਾਬੀਆਂ ਨਾਲ ਕੀਤੀ ਗਈ ਗ਼ੱਦਾਰੀ ਨਹੀਂ?
ਪ੍ਰੋ. ਖਿਆਲਾ ਨੇ ਕਿਹਾ ਕਿ ਭਾਜਪਾ ’ਤੇ “ਧੱਕਾ” ਕਰਨ ਦੇ ਦੋਸ਼ ਲਾਉਣ ਵਾਲੇ ਪਹਿਲਾਂ ਇਹ ਦੱਸਣ ਕਿ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਘਰ ਬੁਲਾ ਕੇ ਕੇਜਰੀਵਾਲ ਨੇ ਆਪਣੇ ਪੀ ਏ ਤੋਂ ਚਪੇੜਾਂ ਮਰਵਾ ਕੇ ਨਾਰੀ ਸ਼ਕਤੀ ਦਾ ਅਪਮਾਨ ਕਿਉਂ ਕੀਤਾ?
ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਵਰਗੇ ਮਹਾਨ ਕ੍ਰਿਕਟਰ ਨੂੰ “ਵਿਕਾਊ” ਕਹਿਣਾ ਸਿਰਫ਼ ਉਸ ਦਾ ਨਹੀਂ, ਸਗੋਂ ਪੂਰੇ ਖੇਡ ਜਗਤ ਦਾ ਅਪਮਾਨ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਅੱਜ ਲੁੱਟਾਂ-ਖੋਹਾਂ, ਫਿਰੌਤੀਆਂ, ਗੈਂਗਸਟਰਵਾਦ, ਕਤਲਾਂ ਦੀ ਭਰਮਾਰ ਹੈ। ਉਦਯੋਗਪਤੀ ਅਤੇ ਵਪਾਰੀ ਵਰਗ ਬੇਜ਼ਾਰ ਹੈ। ਕਾਨੂੰਨ-ਵਿਵਸਥਾ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ, ਲੁੱਟਾਂ-ਖੋਹਾਂ, ਧਮਕੀਆਂ, ਕਤਲ ਅਤੇ ਪੁਲਿਸ ਥਾਣਿਆਂ ’ਤੇ ਗ੍ਰੇਨੇਡ ਹਮਲੇ ਆਮ ਹੋ ਗਏ ਹਨ। ਲਾਰੰਸ ਬਿਸ਼ਨੋਈ ਦਾ CIA ਖਰੜ ਵਿੱਚ ਇੰਟਰਵਿਊ ਇਸ ਦਾ ਸਿੱਧਾ ਸਬੂਤ ਹੈ।  ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਕਿ ਜਿਹੜੇ ਕਹਿੰਦੇ ਸਨ “ਡਰ ਲੱਗਦਾ ਹੈ ਤਾਂ ਸਿਆਸਤ ਛੱਡ ਕੇ ਮੁਰਗੀਖਾਨਾ ਖੋਲ੍ਹ ਲਓ”, ਉਹੀ ਅੱਜ ਬੁਲੇਟ-ਪਰੂਫ਼ ਸ਼ੀਸ਼ੇ ਪਿੱਛੇ ਭਾਸ਼ਣ ਦੇ ਰਹੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ  ਭਗਵੰਤ ਮਾਨ ਅਤੇ ਕੇਜਰੀਵਾਲ ਸਿਰਫ਼ ਸ਼ੋਸ਼ੇਬਾਜ਼ੀ ਦੇ ਮਾਹਿਰ ਹਨ। ਅੱਜ ਸਭ ਜਾਣਦੇ ਹਨ ਕਿ ਸੀ ਐਮ ਓ (CMO) ਨੂੰ ਕੌਣ ਚਲਾ ਰਿਹਾ ਹੈ, ਮੰਤਰੀਆਂ ਦੇ ਓ ਐਸ ਡੀ (OSD) ਕਿੱਥੋਂ ਤੇ ਕਿਉਂ ਲਗਾਏ ਗਏ ਹਨ। ਈ ਡੀ (ED) ਦੀਆਂ ਰੇਡਾਂ ਨੂੰ ਰਾਜਨੀਤਿਕ ਦਬਾਅ ਕਹਿਣ ਵਾਲੇ ਇਹ ਵੀ ਦੱਸਣ ਕਿ ਵਿਜੀਲੈਂਸ ਦੀਆਂ ਰੇਡਾਂ ਕਿਸ ਖਾਤੇ ਵਿੱਚ ਪਾਈਆਂ ਜਾਣ?
ਉਨ੍ਹਾਂ ਕਿਹਾ ਕਿ ਪੰਜਾਬ ਸਾਢੇ ਚਾਰ ਲੱਖ ਕਰੋੜ ਦੇ ਕਰਜ਼ੇ ਹੇਠ ਡੁੱਬ ਚੁੱਕਾ ਹੈ। ਪਰ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ।  ਕੇਂਦਰੀ ਯੋਜਨਾਵਾਂ ਦੇ ਨਾਮ ਬਦਲ ਕੇ ਆਪਣੀਆਂ ਦੱਸੀਆਂ ਜਾ ਰਹੀਆਂ ਹਨ। ਕੇਂਦਰ ਵੱਲੋਂ ਭੇਜੇ ਫੰਡਾਂ ਦੀ UC (Utilization Certificate) ਤੱਕ ਨਹੀਂ ਭੇਜੀ ਜਾਂਦੀ।
ਉਨ੍ਹਾਂ ਕਿਹਾ ਕਿ “ਸਿਹਤ ਕ੍ਰਾਂਤੀ” ਦੇ ਨਾਂ ’ਤੇ ਕੇਵਲ ਮੁਹੱਲਾ ਕਲੀਨਿਕ ਖੋਲੇ ਗਏ। “ਸਿੱਖਿਆ ਕ੍ਰਾਂਤੀ/ਸਿਹਤ ਕ੍ਰਾਂਤੀ ਕੇਵਲ ਰੰਗ ਬਦਲਣ ਨਾਲ ਆਉਂਦੀ ਹੁੰਦੀ ਤਾਂ ਗਿਰਗਿਟ ਸਭ ਤੋਂ ਵੱਡਾ ਕ੍ਰਾਂਤੀਕਾਰੀ ਹੁੰਦਾ।” 16 ਮੈਡੀਕਲ ਕਾਲਜਾਂ ਦਾ ਵਾਅਦਾ ਅੱਜ ਵੀ ਦੂਰਬੀਨ ਨਾਲ ਵੀ ਨਹੀਂ ਦਿੱਸਦਾ। ਨਾ ਹੀ ਔਰਤਾਂ ਨੂੰ 1000 ਰੁਪੈ ਦੇਣ ਦਾ ਵਾਅਦਾ ਪੂਰਾ ਹੋਇਆ।

ਭ੍ਰਿਸ਼ਟਾਚਾਰ ’ਤੇ ਪ੍ਰਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਰੇਤ-ਬਜਰੀ ਮਾਫੀਆ ਬੇਲਗ਼ਾਮ ਹੈ। ਵਿਜੇ ਸਿੰਗਲਾ, ਅਮਿਤ ਰਤਨ, ਫੌਜਾ ਸਿੰਘ ਸਰਾਰੀ ਵਰਗੇ ਮੰਤਰੀ ਜੇਲ੍ਹ ਕੱਟ ਚੁੱਕੇ ਹਨ। 28 ਜੂਨ 2025 ਨੂੰ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦੇਣ ਨਾਲ ਆਪ ਦੀ “ਇਮਾਨਦਾਰ ਸਰਕਾਰ” ਵਾਲੀ ਪੋਲ ਖੁੱਲ੍ਹ ਗਈ।
ਬੇਅਦਬੀ ਮਾਮਲਿਆਂ ’ਤੇ ਉਨ੍ਹਾਂ ਕਿਹਾ ਕਿ ਆਪ ਸਰਕਾਰ ਦੀ ਨੀਅਤ ’ਤੇ ਸਵਾਲ ਖੜ੍ਹਦੇ ਹਨ। 24 ਘੰਟਿਆਂ ਵਿੱਚ ਇਨਸਾਫ਼ ਦੇ ਵਾਅਦੇ ਕਰਨ ਵਾਲਿਆਂ ਨੇ 29 ਅਪ੍ਰੈਲ 2025 ਨੂੰ ਸੁਪਰੀਮ ਕੋਰਟ ’ਚ ਟਰਾਇਲ ਰੋਕਣ ’ਤੇ ਸਹਿਮਤੀ ਕਿਉਂ ਦਿੱਤੀ? 11 ਸਾਲਾਂ ਵਿੱਚ 597 ਬੇਅਦਬੀਆਂ, ਸਿਰਫ਼ 40 ਕੇਸਾਂ ਵਿੱਚ ਸਜ਼ਾ, 99 ਬਰੀ, 131 ਅਦਾਲਤਾਂ ਵਿੱਚ, ਅਤੇ 422 ਰਫ਼ਾ-ਦਫ਼ਾ—ਇਹ ਅੰਕੜੇ ਆਪ ਦੀ ਨਾਕਾਮੀ ਬਿਆਨ ਕਰਦੇ ਹਨ।
ਪ੍ਰੋ. ਖਿਆਲਾ ਨੇ ਅੰਨ੍ਹਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਹਵਾਲਾ ਦਿੰਦਿਆਂ ਕਿਹਾ ਕਿ 2011 ਦੇ ਰਾਮਲੀਲ੍ਹਾ  ਮੈਦਾਨ ਤੋਂ ਸ਼ੁਰੂ ਹੋਇਆ ਅੰਦੋਲਨ ਜਨ ਲੋਕਪਾਲ ਬਿੱਲ ਅਤੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਲਈ ਸੀ। ਪਰ 26 ਨਵੰਬਰ 2012 ਨੂੰ ਕੇਜਰੀਵਾਲ ਨੇ ਇਸ ਦਾ ਸਿਆਸੀ ਲਾਭ ਲੈ ਕੇ ਆਮ ਆਦਮੀ ਪਾਰਟੀ ਬਣਾਈ। ਉਸ ਵਕਤ ਅੰਨ੍ਹਾ ਹਜ਼ਾਰੇ ਨੇ ਖ਼ੁਦ ਕਿਹਾ ਸੀ ਕਿ ਕੇਜਰੀਵਾਲ ਨੇ ਸਿਆਸਤ ਵਿੱਚ ਆ ਕੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਨੁਕਸਾਨ ਪਹੁੰਚਾਇਆ।
ਉਨ੍ਹਾਂ ਕਿਹਾ ਕਿ “ਇਨਸਾਨ ਦਾ ਇਨਸਾਨ ਨਾਲ ਹੋਵੇ ਭਾਈਚਾਰਾ”, “ਕੱਟੜ ਇਮਾਨਦਾਰੀ”, “ਕੱਟੜ ਦੇਸ਼ਭਗਤੀ” ਅਤੇ “ਮਨੁੱਖਤਾ” ਦੇ ਨਾਅਰੇ ਦੇਣ ਵਾਲੀ ਪਾਰਟੀ ਅੱਜ ਭ੍ਰਿਸ਼ਟ, ਸਮਝੌਤਾਵਾਦੀ ਅਤੇ ਤਾਨਾਸ਼ਾਹ ਲੋਕਾਂ ਦੇ ਹੱਥਾਂ ਵਿੱਚ ਆ ਚੁੱਕੀ ਹੈ। ਇਸ ਲਈ ਅੱਜ ਪੰਜਾਬ ਦੀ ਜਨਤਾ ਕਹਿ ਰਹੀ ਹੈ— “ਰੰਗਲਾ ਨਹੀਂ, ਕੰਗਲਾ ਪੰਜਾਬ ਬਣਾਇਆ ਗਿਆ।”

Leave a Reply

Your email address will not be published. Required fields are marked *

Copyright © All rights reserved. | Newsphere by AF themes.