August 17, 2026

Justice News

ਅਵਾਮ ਦੀ ਆਵਾਜ਼

ਡਿਜੀਟਲ ਡਸਟ: ਮੌਤ ਤੋਂ ਬਾਅਦ ਸਾਡੀ ਆਨਲਾਈਨ ਜ਼ਿੰਦਗੀ ਦਾ ਕੀ ਹੁੰਦਾ ਹੈ?

 

“ਡਿਜੀਟਲ ਡਸਟ ਉਹ ਸਾਰਾ ਡਾਟਾ ਹੈ ਜੋ ਅਸੀਂ ਅਣਜਾਣੇ ਜਾਂ ਜਾਣਬੁੱਝ ਕੇ ਇੰਟਰਨੈੱਟ ‘ਤੇ ਛੱਡ ਜਾਂਦੇ ਹਾਂ।”
ਡਿਜੀਟਲ ਡਸਟ ਸਾਡੀ ਡਿਜੀਟਲ ਜ਼ਿੰਦਗੀ ਦਾ ਇੱਕ ਹਿੱਸਾ ਹੈ। ਅੱਜ-ਕੱਲ੍ਹ ਅਸੀਂ ਸਾਰੇ ਹੀ ਡਿਜੀਟਲ ਡਿਵਾਈਸਿਸ ਦੀ ਵਰਤੋਂ ਕਰਦੇ ਹਾਂ ਅਤੇ ਵੱਖ-ਵੱਖ ਵੈਬਸਾਈਟਾਂ ਵਿੱਚ ਲੌਗਇਨ ਹੁੰਦੇ ਹਾਂ। ਅਸੀਂ ਸੋਸ਼ਲ ਮੀਡੀਆ ਸਾਈਟਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ, ਟਵੀਟਰ, ਸ਼ੇਅਰ ਚੈਟ ਆਦਿ ‘ਤੇ ਆਪਣੀਆਂ ਨਿੱਜੀ ਯਾਦਾਂ ਨੂੰ ਪੋਸਟ ਕਰਦੇ ਹਾਂ। ਅਸੀਂ ਆਨਲਾਈਨ ਖਰੀਦਦਾਰੀ ਕਰਦੇ ਹਾਂ, ਕੁਝ ਵੇਚਦੇ ਹਾਂ, ਵੈੱਬ ਬ੍ਰਾਊਜ਼ਿੰਗ ਆਦਿ ਕਰਦੇ ਹਾਂ। ਇਹ ਸਾਰੀਆਂ ਗਤੀਵਿਧੀਆਂ ਸਾਡੇ ਬਾਰੇ ਡਾਟਾ ਅਤੇ ਜਾਣਕਾਰੀ ਇਕੱਠੀ ਕਰਦੀਆਂ ਹਨ, ਜਿਸ ਨੂੰ ਡਿਜੀਟਲ ਡਸਟ ਕਿਹਾ ਜਾਂਦਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ, ਸਾਡੀ ਜ਼ਿੰਦਗੀ ਸਿਰਫ਼ ਹਕੀਕਤ ਤੱਕ ਸੀਮਿਤ ਨਹੀਂ ਹੈ। ਸਾਡੀਆਂ ਯਾਦਾਂ, ਗੱਲਬਾਤਾਂ, ਫੋਟੋਆਂ, ਵੀਡੀਓਜ਼, ਬੈਂਕ ਖਾਤੇ, ਅਤੇ ਇੰਟਰਨੈੱਟ ‘ਤੇ ਛੱਡੇ ਨਿਸ਼ਾਨ ਸਭ ਇਕ “ਡਿਜੀਟਲ ਵਿਰਾਸਤ” ਬਣ ਜਾਂਦੇ ਹਨ। ਹੁਣ ਸਵਾਲ ਇਹ ਹੈ ਕਿ ਮੌਤ ਤੋਂ ਬਾਅਦ ਸਾਡੀ ਆਨਲਾਈਨ ਜਿੰਦਗੀ ਦਾ ਕੀ ਹੁੰਦਾ ਹੈ ? ਆਓ ਅੱਜ ਅਸੀਂ ਇਸ ਬਾਰੇ ਗੱਲ ਕਰੀਏ !
ਡਿਜੀਟਲ ਪਹਿਚਾਣ ਦਾ ਉਭਾਰ: ਭੌਤਿਕ ਸੰਸਾਰ ਵਿੱਚ ਵਸਤਾਂ ਵਾਰਸਾਂ ਨੂੰ ਮਿਲ ਜਾਂਦੀਆਂ ਹਨ ਜਾਂ ਨਸ਼ਟ ਕੀਤੀਆਂ ਜਾ ਸਕਦੀਆਂ ਹਨ। ਪਰ ਸਾਡੀ ਡਿਜੀਟਲ ਮੌਜੂਦਗੀ ਕਦੇ ਵੀ ਅਚਾਨਕ ਗਾਇਬ ਨਹੀਂ ਹੁੰਦੀ। ਸੋਸ਼ਲ ਮੀਡੀਆ ਅਕਾਉਂਟ ਦਾ ਡਾਟਾ ਦੂਜੇ ਵਿਅਕਤੀਆਂ ਨੂੰ ਦਿਖਦਾ ਰਹਿੰਦਾ ਹੈ। ਈਮੇਲ ਇਨਬਾਕਸ ਵਿੱਚ ਹੀ ਰਹਿ ਜਾਂਦੇ ਹਨ, ਤੇ ਡਾਟਾ ਸਰਵਰਾਂ ਵਿੱਚ ਮੌਜੂਦ ਰਹਿੰਦਾ ਹੈ। ਕਿਸੇ ਲਈ ਇਹ ਯਾਦਾਂ ਬਣ ਜਾਂਦੀਆਂ ਹਨ, ਪਰ ਕਿਸੇ ਲਈ ਇਹ ਪ੍ਰਾਈਵੇਸੀ ਅਤੇ ਸੁਰੱਖਿਆ ਦਾ ਮੁੱਦਾ ਬਣ ਸਕਦਾ ਹੈ।
ਯਾਦਗਾਰ ਜਾਂ ਯਾਦਾਂ ਦਾ ਜਾਲ ? ਟੈੱਕ ਕੰਪਨੀਆਂ ਇਸ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕ ਰਹੀਆਂ ਹਨ। ਜਿਵੇਂ ਕਿ ਫੇਸਬੁੱਕ “ਮੇਮੋਰਿਅਲਾਈਜ਼ਡ ਪ੍ਰੋਫ਼ਾਈਲ” ਬਣਾਉਣ ਦੀ ਸਹੂਲਤ ਦਿੰਦਾ ਹੈ, ਤਾਂ ਜੋ ਪਰਿਵਾਰ ਤੇ ਦੋਸਤ ਮਰਨ ਵਾਲੇ ਦੀਆਂ ਯਾਦਾਂ ਸੰਭਾਲ ਸਕਣ। ਗੂਗਲ “ਇਨਐਕਟਿਵ ਅਕਾਉਂਟ ਮੈਨੇਜਰ” ਦਿੰਦਾ ਹੈ, ਜਿਸ ਨਾਲ ਯੂਜ਼ਰ ਆਪਣਾ ਡਾਟਾ ਮੌਤ ਤੋਂ ਬਾਅਦ ਕਿਵੇਂ ਸੰਭਾਲਿਆ ਜਾਵੇ, ਇਹ ਨਿਰਧਾਰਤ ਕਰ ਸਕਦੇ ਹਨ। ਪਰ ਬਹੁਤ ਸਾਰੇ ਲੋਕ ਇਹ ਜਾਣਕਾਰੀ ਨਹੀਂ ਜਾਣਦੇ, ਜਿਸ ਨਾਲ ਉਨ੍ਹਾਂ ਦੀ ਡਿਜੀਟਲ ਮੌਜੂਦਗੀ ਅਧੂਰੀ ਰਹਿ ਜਾਂਦੀ ਹੈ।
ਕਨੂੰਨੀ ਗੁੰਝਲਦਾਰੀ: ਡਿਜੀਟਲ ਡਾਟਾ ਵਾਰਸ ਕਿਵੇਂ ਵਰਤਣਗੇ ਜਾਂ ਦੇਖਣਗੇ ਇਸ ਦੇ ਸਬੰਧ ਵਿੱਚ ਕਨੂੰਨ ਅਜੇ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ। ਜਿਵੇਂ ਜਾਇਦਾਦ ਜਾਂ ਧਨ ਦੀ ਵੰਡ ਲਈ ਕਨੂੰਨੀ ਨਿਯਮ ਬਣੇ ਹੋਏ ਹਨ, ਉਸੇ ਤਰ੍ਹਾਂ ਹਰ ਦੇਸ਼ ਵਿੱਚ ਆਨਲਾਈਨ ਅਕਾਉਂਟਾਂ ਲਈ ਸਪਸ਼ਟ ਕਨੂੰਨ ਨਹੀਂ ਹਨ। ਕਈ ਵਾਰ ਪਰਿਵਾਰਾਂ ਨੂੰ ਫੋਟੋਆਂ, ਦਸਤਾਵੇਜ਼ਾਂ, ਨਿੱਜੀ ਜਾਂ ਵਿੱਤੀ ਜਾਣਕਾਰੀ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਇਹ ਅਕਾਉਂਟ ਹੈਕਿੰਗ ਦਾ ਸ਼ਿਕਾਰ ਵੀ ਬਣ ਸਕਦੇ ਹਨ।
ਡਿਜੀਟਲ ਡਸਟ ਦਾ ਮਨੁੱਖੀ ਪੱਖ: ਆਪਣਿਆਂ ਦੀਆਂ ਪੁਰਾਣੀਆਂ ਫੋਟੋਆਂ, ਚੈਟਾਂ ਦੇਖਣਾ ਜਾਂ ਅਵਾਜ਼ੀ ਸੁਨੇਹੇ ਸੁਣਨਾ ਕਈ ਵਾਰ ਸਹਾਰਾ ਦੇ ਸਕਦਾ ਹੈ, ਪਰ ਵਾਰ ਵਾਰ ਇਹ ਸਭ ਦੇਖਣਾ ਜਾਂ ਸੁਣਨਾ ਦੁੱਖ ਨੂੰ ਹੋਰ ਗਹਿਰਾ ਕਰ ਸਕਦਾ ਹੈ। ਡਿਜੀਟਲ ਦੁਨੀਆ ਯਾਦਾਂ ਨੂੰ ਹਮੇਸ਼ਾਂ ਲਈ ਸੰਭਾਲ ਸਕਦੀ ਹੈ, ਪਰ ਇਹ ਮ੍ਰਿਤਕ ਨੂੰ “ਅਲਵਿਦਾ” ਕਹਿਣਾ ਔਖਾ ਵੀ ਬਣਾ ਸਕਦੀ ਹੈ।
ਡਿਜੀਟਲ ਡਸਟ ਦੀ ਸਫਾਈ: ਮਾਹਿਰਾਂ ਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਆਪਣੀ “ਡਿਜੀਟਲ ਵਸੀਅਤ” ਵੀ ਲਿਖਾਉਣੀ ਚਾਹੀਦੀ ਹੈ। ਜਿਵੇਂ ਭੌਤਿਕ ਵਸਤੂਆਂ ਦੀ ਵਸੀਅਤਾਂ ਵਿੱਚ ਧਨ-ਜਾਇਦਾਦ ਦੀ ਗੱਲ ਹੁੰਦੀ ਹੈ, ਉਸੇ ਤਰ੍ਹਾਂ ਡਿਜੀਟਲ ਵਸੀਅਤ ਵਿੱਚ ਪਾਸਵਰਡ, ਅਕਾਉਂਟ ਅਤੇ ਡਾਟਾ ਬਾਰੇ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਹਨ। ਕੁਝ ਕੰਪਨੀਆਂ ਸੀਮਿਤ ਸਹੂਲਤਾਂ ਦਿੰਦੀਆਂ ਹਨ, ਪਰ ਇੱਕ ਪੂਰੀ ਅਤੇ ਇਕਸਾਰ ‘ਡਿਜੀਟਲ ਆਫ਼ਟਰਲਾਈਫ ਮੈਨੇਜਮੈਂਟ’ ਪ੍ਰਣਾਲੀ ਅਜੇ ਵੀ ਵਿਆਪਕ ਤੌਰ ‘ਤੇ ਮੌਜੂਦ ਨਹੀਂ ਹੈ। ਅਗਰ ਕੋਈ ਕੰਪਨੀ ਇਹ ਸਭ ਸਹੂਲਤਾਂ ਦੇ ਵੀ ਰਹੀ ਹੈ ਤਾਂ ਵੀ ਜਿਆਦਾ ਲੋਕੀਂ ਇਹ ਸਭ ਤੋਂ ਅਨਜਾਣ ਹੀ ਹਨ।
ਸਿੱਟਾ: ਅਖੀਰ ਵਿੱਚ, “ਡਿਜੀਟਲ ਡਸਟ” ਸਾਨੂੰ ਯਾਦ ਦਵਾਉਂਦੀ ਹੈ ਕਿ ਤਕਨਾਲੋਜੀ ਸਾਡੇ ਤੋਂ ਬਾਅਦ ਵੀ ਬਚੀ ਰਹਿੰਦੀ ਹੈ। ਡਿਜੀਟਲ ਡਸਟ ਸਾਡੀ ਔਨਲਾਈਨ ਜ਼ਿੰਦਗੀ ਦਾ ਇੱਕ ਹਿੱਸਾ ਹੈ। ਸਾਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਕਦਮ ਚੁੱਕਣੇ ਚਾਹੀਦੇ ਹਨ।
ਪਵਨ ਕੁਮਾਰ ਅੱਤਰੀ (ਕਪੂਰਥਲਾ )
ਮੋਬਾ : 8427791277

Leave a Reply

Your email address will not be published. Required fields are marked *

Copyright © All rights reserved. | Newsphere by AF themes.