August 17, 2026

Justice News

ਅਵਾਮ ਦੀ ਆਵਾਜ਼

ਵ੍ਰਿੰਦਾਵਨ ਕਿਸ਼ਤੀ ਹਾਦਸੇ ਦੇ ਪੀੜਤਾਂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਏ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ, ਪਰਿਵਾਰਾਂ ਲਈ ਐੱਮਪੀ ਲੈਡ ਫੰਡ ‘ਚੋਂ ਸਹਾਇਤਾ ਦਾ ਕੀਤਾ ਐਲਾਨ

ਜਗਰਾਓਂ,
( ਜਸਟਿਸ ਨਿਊਜ਼ ਸਰਵਿਸ )
: ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਅੱਜ ਮਥੁਰਾ ਦੇ ਵ੍ਰਿੰਦਾਵਨ ਵਿਖੇ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਜਗਰਾਓਂ ਵਿਖੇ ਮੁਲਾਕਾਤ ਕੀਤੀ ਅਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਨੇ ਜਗਰਾਓਂ ਦੇ ਗੀਤਾ ਭਵਨ ਅਤੇ ਗੁਰਦੁਆਰਾ ਦਸ਼ਮੇਸ਼ ਨਗਰ ਵਿਖੇ ਪੀੜਤ ਪਰਿਵਾਰਾਂ ਵੱਲੋਂ ਰੱਖੇ ਗਏ ਵੱਖ ਵੱਖ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ, “ਇਹ ਹਾਦਸਾ ਬਹੁਤ ਹੀ ਮੰਦਭਾਗਾ ਅਤੇ ਹਿਰਦੇਵੇਦਕ ਹੈ।” ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੂਰਾ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਨ।
ਐੱਮਪੀ ਸੰਧੂ ਨੇ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ‘ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਮੈਂਬਰ ਪਾਲੀਮੈਂਟ ਸਤਨਾਮ ਸਿੰਘ ਸੰਧੂ ਨੇ ਇਸ ਮੌਕੇ ਹਾਦਸੇ ਦੇ ਸ਼ਿਕਾਰ ਹੋਏ ਸ਼ਰਧਾਲੂਆਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਲਈ ਗੁਰਦੁਆਰਾ ਦਸ਼ਮੇਸ਼ ਨਗਰ ਨੂੰ ਐੱਮਪੀ ਲੈਡ ਫੰਡ ਵਿੱਚੋਂ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਕਿਵੇਂ ਅਤੇ ਕਿਸ ਤਰ੍ਹਾਂ ਕਰਨੀ ਹੈ, ਇਸ ਬਾਰੇ ਫੈਸਲਾ ਪੀੜਤ ਪਰਿਵਾਰਾਂ ਅਤੇ ਸਥਾਨਕ ਨਿਵਾਸੀਆਂ ਵੱਲੋਂ ਸਾਂਝੇ ਤੌਰ ‘ਤੇ ਲਿਆ ਜਾਵੇਗਾ।
ਇਸ ਮੌਕੇ ਐੱਮਪੀ ਸੰਧੂ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ, ਆਈਟੀ ਸੈੱਲ ਇੰਚਾਰਜ ਨਵੀਨ ਜੈਨ, ਮੰਡਲ ਜਗਰਾਉਂ ਦੇ ਜਨਰਲ ਸਕੱਤਰ ਗੌਰਵ ਗੁਪਤਾ ਤੇ ਸੌਰਵ ਕੁਮਾਰ, ਭਾਜਪਾ ਸੂਬਾ ਕੈਸ਼ੀਅਰ ਗੁਰਦੇਵ ਦੇਬੀ, ਜ਼ਿਲ੍ਹਾ ਮੀਤ ਪ੍ਰਧਾਨ ਕ੍ਰਿਸ਼ਨ ਕੁਮਾਰ ਤੇ ਸਤੀਸ਼ ਕੁਮਾਰ ਅਤੇ ਬਾਲਮੀਕਿ ਸਭਾ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਗੇਜਾ ਰਾਮ ਬਾਲਮੀਕਿ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।ਸਾਰੇ ਆਗੂਆਂ ਨੇ ਸਾਂਝੇ ਤੌਰ ‘ਤੇ ਇਸ ਹਾਦਸੇ ਵਿੱਚ ਮਾਰੇ ਗਏ 16 ਵਿਅਕਤੀਆਂ, ਜਿਨ੍ਹਾਂ ਵਿੱਚ ਕਵਿਤਾ ਰਾਣੀ, ਮਧੁਰ ਬਹਿਲ, ਚਰਨਜੀਤ ਬਹਿਲ, ਚੰਦਨ ਪਿੰਕੀ ਬਹਿਲ, ਆਸ਼ਾ ਰਾਣੀ, ਰਾਕੇਸ਼ ਗੁਲਾਟੀ ਅਤੇ ਹੋਰ ਸ਼ਾਮਲ ਸਨ, ਦੇ ਨਿਮਿੱਤ ਅਰਦਾਸ ਕੀਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਕਾਮਨਾ ਕੀਤੀ।ਦੱਸਣਯੋਗ ਹੈ ਕਿ ਵ੍ਰਿੰਦਾਵਨ ਵਿਖੇ 10 ਅਪ੍ਰੈਲ ਨੂੰ ਯਮੁਨਾ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ ਭਿਆਨਕ ਹਾਦਸਾ ਵਾਪਰਿਆ ਸੀ। ਹਾਦਸੇ ਦੇ ਵਕਤ ਕਿਸ਼ਤੀ ਵਿੱਚ 30 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜਾਬ ਦੇ 16 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.