August 17, 2026

Justice News

ਅਵਾਮ ਦੀ ਆਵਾਜ਼

ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਗਏ ਬੇਰੁਜ਼ਗਾਰ ਅੰਦਰ ਤਾੜੇ; ਲੱਡਾ ਕੋਠੀ ਦੇ ਗੇਟ ‘ਤੇ ਘੇਰੇ=ਮੀਟਿੰਗ ਦਾ ਵਾਅਦਾ ਬਣਿਆ ਲਾਰਾ

ਸੰਗਰੂਰ
(  ਜਸਟਿਸ ਨਿਊਜ਼ )
ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੱਡਾ ਕੋਠੀ ਵਿਖੇ ਇੱਕ ਜਨਤਕ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਸੀ ਤਾਂ ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਮੈਂਬਰ ਵੀ ਆਪਣੀ ਆਪਣੀਆਂ ਮੰਗਾਂ ਲਈ ਵਾਸਤੇ ਅਚਾਨਕ ਲੱਡਾ ਕੋਠੀ ਦੇ ਸੰਗਰੂਰ-ਧੂਰੀ ਸੜਕ ਉੱਤੇ ਬਣੇ ਮੁੱਖ ਗੇਟ ਉੱਤੇ ਆ ਪਹੁੰਚੇ। ਪੁਲਿਸ ਪ੍ਰਸ਼ਾਸਨ ਨੂੰ ਜਿਉਂ ਹੀ ਬੇਰੁਜ਼ਗਾਰਾਂ ਦੇ ਪਹੁੰਚਣ ਦੀ ਭਿੜਕ ਮਿਲੀ ਤਾਂ ਉਨਾਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾ ਸਮੇਤ ਬਾਕੀ ਸਭਨਾਂ ਨੂੰ ਨਜ਼ਦੀਕ ਇੱਕ ਨਿੱਜੀ ਮੈਰਿਜ ਪੈਲਸ ਵਿੱਚ ਤਾੜ ਦਿੱਤਾ ।ਸਾਂਝੇ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾਈ ਜਾਵੇ। ਲੰਬਾ ਸਮਾਂ ਪ੍ਰਸ਼ਾਸਨ ਇਸ ਸਬੰਧੀ ਲਾਰੇ ਲੱਪੇ ਲਾਉਂਦਾ ਰਿਹਾ। ਆਖਰ ਕੁਝ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਗਗਨਦੀਪ ਕੌਰ ਗਰੇਵਾਲ ਅਤੇ ਆਗਣਵਾੜੀ ਦੀਆਂ ਦੋ ਮਹਿਲਾਵਾਂ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਬਿਠਾ ਕੇ ਮੁੱਖ ਮੰਤਰੀ ਨੂੰ ਮਿਲਵਾਉਣ ਦਾ ਭਰੋਸਾ ਦੇ ਅੰਦਰ ਲੈ ਗਿਆ ।ਲੰਬਾ ਸਮਾਂ ਉਡੀਕ ਕਰਨ ਮਗਰੋਂ ਆਖਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ ।ਉਹਨਾਂ ਬੇਰੁਜ਼ਗਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਅਤੇ ਉਸਦੀ ਪੂਰੀ ਟੀਮ ਦੂਜੇ ਰਸਤੇ ਤੋਂ ਨਿਕਲ ਚੁੱਕੀ ਹੈ।ਬੇਰੁਜ਼ਗਾਰਾਂ ਨੂੰ ਵਾਪਸ ਜਦੋਂ ਫਿਰ ਬਾਕੀ ਸਾਥੀਆਂ ਕੋਲ (ਸਿਡਨੀ ਗ੍ਰੈਂਡ ਮੈਰਿਜ ਪੈਲੇਸ) ਲਿਆਂਦਾ ਗਿਆ ਤਾਂ ਬੇਰੁਜ਼ਗਾਰਾਂ ਨੇ ਲੰਬਾ ਸਮਾਂ ਸੜਕ ਕਿਨਾਰੇ ਬੈਠ ਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਉਹਨਾਂ ਮੰਗ ਕੀਤੀ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
ਉਨ੍ਹਾਂ ਇਸ ਗੱਲ ਦੀ ਚਿਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਪਿਛਲੇ ਚਾਰ ਸਾਲਾਂ ਅੰਦਰ ਇੱਕ ਵੀ ਅਸਾਮੀ ਕੱਢੀ ਹੋਣ ਦਾ ਇਸ਼ਤਿਹਾਰ ਸਾਂਝਾ ਕਰੇ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਝੂਠੇ ਪ੍ਰਚਾਰ ਰਾਹੀਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਨੇ ਸਿੱਖਿਆ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਭਰਤੀਆਂ ਕੀਤੀਆਂ ਹਨ ਜਦ ਕਿ ਬੇਰੁਜ਼ਗਾਰਾਂ ਦੀ ਸਿੱਧੀ ਚਿਤਾਵਨੀ ਹੈ ਕਿ ਉਹ ਅਧਿਆਪਕ ਭਰਤੀ ਮਸਲੇ ਤੇ ਸਰਕਾਰ ਨਾਲ ਬਹਿਸ ਕਰਨ ਲਈ ਤਿਆਰ ਹਨ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਨਰਸਰੀ, ਈਟੀਟੀ, ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫੈਸਰ ਪੱਧਰ ਤੱਕ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ, ਨਾ ਹੀ ਪਿਛਲੇ ਸਮੇਂ ਅਤੇ ਇੰਨਾ ਬੀਤੇ ਚਾਰ ਸਾਲਾਂ ਦੇ ਸਮੇਂ ਦੌਰਾਨ ਧਰਨੇ ਲਾਉਂਦੇ ਓਵਰਏਜ਼ ਹੋਏ ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਦੇਣ ਸਬੰਧੀ ਕੋਈ ਕਾਰਵਾਈ ਕੀਤੀ ਹੈ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਭਾਵੇ ਮਾਸਟਰ ਕੇਡਰ ਵਿੱਚ ਲੱਗੀ 55 ਫੀਸਦੀ ਲਾਜਮੀ ਅੰਕਾਂ ਦੀ ਸ਼ਰਤ ਨੂੰ ਰੱਦ ਕੀਤਾ ਸੀ ਪਰੰਤੂ ਆਮ ਆਦਮੀ ਪਾਰਟੀ ਨੇ ਇਸ ਸ਼ਰਤ ਨੂੰ ਮੁੜ ਲਾਗੂ ਕਰ ਦਿੱਤਾ ਹੈ ਅਤੇ ਇਸਨੂੰ ਰੱਦ ਕਰਨ ਸਬੰਧੀ ਅਜੇ ਤੱਕ ਕੋਈ ਵੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ। ਬੇਰਜਗਾਰਾਂ ਦਾ ਪੱਕਾ ਮੋਰਚਾ ਪਿਛਲੇ 97 ਦਿਨਾਂ ਤੋਂ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਅੱਗੇ ਜਾਰੀ ਹੈ।ਬੇਰੁਜ਼ਗਾਰਾਂ ਨੇ ਚਿਤਾਵਨੀ ਦਿੱਤੀ ਕਿ ਉਹ ਆਉਂਦੇ ਸਮੇਂ ਹਰੇਕ ਸਮਾਗਮ ਵਿੱਚ ਮੁੱਖ ਮੰਤਰੀ ਨੂੰ ਰੁਜ਼ਗਾਰ ਦੇ ਮੁੱਦੇ ‘ ਤੇ ਸਵਾਲ ਕਰਨ ਲਈ ਪਹੁੰਚਣਗੇ। ਇਸ ਮੌਕੇ ਅਮਨ ਸੇਖਾ, ਰਾਜਵੀਰ ਕੌਰ, ਸਰਬਜੀਤ ਸਿੰਘ ਅਤੇ ਕਰਨਵੀਰ ਸਿੰਘ ਸ੍ਰੀ ਤਰਨਤਾਰਨ ਸਾਹਿਬ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.