August 17, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ, ਵਿੱਚ ਵੱਖ-ਵੱਖ ਖਾਦ ਇਕਾਈਆਂ ‘ਤੇ ਵਿਸ਼ਾਲ ਚੈਕਿੰਗ ਮੁਹਿੰਮ; 21 ਸੈਂਪਲ ਜਾਂਚ ਲਈ ਭੇਜੇ

ਲੁਧਿਆਣਾ

(  ਜਸਟਿਸ ਨਿਊਜ਼ )
ਫੂਡ ਸੇਫਟੀ ਟੀਮ, ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਅਫਸਰ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਵੱਲੋਂ ਫਾਸਟ ਫੂਡ ਆਉਟਲੈੱਟਸ, ਰੈਸਟੋਰੈਂਟਾਂ, ਬੇਕਰੀਆਂ, ਮਿਠਾਈ ਦੀਆਂ ਦੁਕਾਨਾਂ, ਡੇਅਰੀਆਂ ਅਤੇ ਹਸਪਤਾਲਾਂ ਵਿੱਚ ਖਾਸ ਤੌਰ ‘ਤੇ ਜਾਂਚ ਕੀਤੀ ਗਈ। ਇਹ ਕਾਰਵਾਈ ਢੰਡਾਰੀ, ਮਾਡਲ ਟਾਊਨ, ਦੁੱਗਰੀ, ਜਵੱਦੀ ਅਤੇ ਸ਼ੇਰਪੁਰ ਚੌਂਕ ਖੇਤਰਾਂ ਵਿੱਚ ਕੀਤੀ ਗਈ, ਜਿਸਦਾ ਮੁੱਖ ਮਕਸਦ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਜਾਂਚ ਦੌਰਾਨ ਟੀਮ ਵੱਲੋਂ ਕੁੱਲ 21 ਸੈਂਪਲ ਇਕੱਠੇ ਕੀਤੇ ਗਏ। ਇਨ੍ਹਾਂ ਵਿੱਚ ਸ਼ੱਕਰ, ਪਿਸਤਾ, ਵਰਤਿਆ ਹੋਇਆ ਕੂਕਿੰਗ ਆਇਲ, ਦਾਲ ਮੱਖਣੀ, ਪਨੀਰ ਅਤੇ ਗੁੜ ਵਰਗੇ ਪਦਾਰਥ ਸ਼ਾਮਲ ਹਨ। ਇਸ ਤੋਂ ਇਲਾਵਾ ਵਰਤੇ ਹੋਏ ਤੇਲ, ਮੈਨਗੋ ਸੰਡੇ, ਪਨੀਰ ਅਤੇ ਬੰਟਾ ਬੋਤਲ ਡ੍ਰਿੰਕ ਦੇ ਸੈਂਪਲ ਵੀ ਲਏ ਗਏ। ਟੀਮ ਵੱਲੋਂ ਤਿਆਰ ਦਾਲ, ਆਟਾ, ਤਿਆਰ ਸਬਜ਼ੀ, ਕਾਲਾ ਚਣਾ, ਮੈਦਾ, ਗੁਜੀਆ ਅਤੇ ਢੋਡਾ ਵਰਗੇ ਤਿਆਰ ਅਤੇ ਕੱਚੇ ਖਾਦ ਪਦਾਰਥਾਂ ਦੇ ਸੈਂਪਲ ਵੀ ਇਕੱਠੇ ਕੀਤੇ ਗਏ।
ਡਾ. ਚਾਵਲਾ ਨੇ ਕਿਹਾ ਕਿ ਇਹ ਸੈਂਪਲਿੰਗ ਮੁਹਿੰਮ ਨਿਯਮਿਤ ਨਿਗਰਾਨੀ ਦਾ ਹਿੱਸਾ ਹੈ ਅਤੇ ਖਾਸ ਕਰਕੇ ਉਹਨਾਂ ਪਦਾਰਥਾਂ ‘ਤੇ ਧਿਆਨ ਦਿੱਤਾ ਗਿਆ ਹੈ ਜੋ ਵੱਧ ਵਰਤੋਂ ਵਿੱਚ ਹਨ ਜਾਂ ਜਿਨ੍ਹਾਂ ਵਿੱਚ ਮਿਲਾਵਟ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੈਂਪਲ ਠੀਕ ਤਰੀਕੇ ਨਾਲ ਸੀਲ ਕਰਕੇ ਪ੍ਰਮਾਣਿਤ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ।
ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਲਈ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਜਿਸ ਵਿੱਚ ਸਫ਼ਾਈ ਦੇ ਮਿਆਰ, ਸੁਰੱਖਿਅਤ ਸਮੱਗਰੀ ਦੀ ਵਰਤੋਂ ਅਤੇ ਖਾਦ ਪਦਾਰਥਾਂ ਦੀ ਠੀਕ ਸੰਭਾਲ ਸ਼ਾਮਲ ਹੈ। ਉਨ੍ਹਾਂ ਖਾਸ ਤੌਰ ‘ਤੇ ਵਰਤੇ ਹੋਏ ਤੇਲ ਦੀ ਗਲਤ ਵਰਤੋਂ ਤੋਂ ਬਚਣ ਦੀ ਹਦਾਇਤ ਵੀ ਦਿੱਤੀ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਲੈਬੋਰਟਰੀ ਰਿਪੋਰਟਾਂ ਦੇ ਆਧਾਰ ‘ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਨ ਸਿਹਤ ਦੀ ਰੱਖਿਆ ਲਈ ਅਜਿਹੀਆਂ ਮੁਹਿੰਮਾਂ ਅਗੇ ਵੀ ਜਾਰੀ ਰਹਿਣਗੀਆਂ।

Leave a Reply

Your email address will not be published. Required fields are marked *

Copyright © All rights reserved. | Newsphere by AF themes.