August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਸਰਕਾਰ ਨੇ ਸਾਹਨੇਵਾਲ ਵਿੱਚ ਨਵੇਂ ਸਬ-ਤਹਿਸੀਲ ਕੰਪਲੈਕਸ ਨੂੰ ਦਿੱਤੀ ਮਨਜ਼ੂਰੀ : ਹਰਦੀਪ ਸਿੰਘ ਮੁੰਡੀਆਂ

ਲੁਧਿਆਣਾ
(ਜਸਟਿਸ ਨਿਊਜ਼)
ਪ੍ਰਸ਼ਾਸਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜਨਤਕ ਸੇਵਾਵਾਂ ਨੂੰ ਆਸਾਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਹਲਕਾ ਸਾਹਨੇਵਾਲ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਹਨੇਵਾਲ ਵਿੱਚ ਕਰੀਬ 1064.09 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਸਬ-ਤਹਿਸੀਲ ਕੰਪਲੈਕਸ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇੱਕ ਆਧੁਨਿਕ ਸਬ-ਤਹਿਸੀਲ ਕੰਪਲੈਕਸ ਦਾ ਨਿਰਮਾਣ ਨਾ ਸਿਰਫ਼ ਸਾਹਨੇਵਾਲ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਆਮ ਲੋਕਾਂ ਨੂੰ ਵੱਡੀ ਰਾਹਤ ਅਤੇ ਸਹੂਲਤ ਪ੍ਰਦਾਨ ਕਰੇਗਾ ਬਲਕਿ ਵੱਖ-ਵੱਖ ਟੈਕਸਾਂ ਅਤੇ ਫੀਸਾਂ ਦੀ ਬਿਹਤਰ ਅਤੇ ਵਧੇਰੇ ਕੁਸ਼ਲ ਉਗਰਾਹੀ ਰਾਹੀਂ ਸਰਕਾਰੀ ਮਾਲੀਆ ਵਧਾਉਣ ਵਿੱਚ ਵੀ ਮਦਦ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਨਵਾਂ ਕੰਪਲੈਕਸ ਸਰਕਾਰੀ ਮਸ਼ੀਨਰੀ ਲਈ ਢੁਕਵੀਂ ਅਤੇ ਸੁਚੱਜੀ ਜਗ੍ਹਾ ਪ੍ਰਦਾਨ ਕਰੇਗਾ ਜਿਸਦੇ ਨਤੀਜੇ ਵਜੋਂ ਕੰਮ ਦਾ ਤੇਜ਼ੀ ਨਾਲ ਨਿਪਟਾਰਾ, ਕੁਸ਼ਲਤਾ ਵਿੱਚ ਸੁਧਾਰ ਅਤੇ ਜਨਤਕ ਸੇਵਾਵਾਂ ਦੀ ਬਿਹਤਰ ਡਿਲੀਵਰੀ ਹੋਵੇਗੀ।  ਉਨ੍ਹਾਂ ਇਹ ਵੀ ਕਿਹਾ ਕਿ ਵਸਨੀਕਾਂ ਨੂੰ ਹੁਣ ਮਾਲ ਰਿਕਾਰਡ ਅਤੇ ਹੋਰ ਪ੍ਰਸ਼ਾਸਕੀ ਸੇਵਾਵਾਂ ਵਰਗੇ ਰੁਟੀਨ ਕੰਮਾਂ ਲਈ ਲੁਧਿਆਣਾ ਤੱਕ ਲੰਬੀ ਦੂਰੀ ਤੈਅ ਕਰਨ ਦੀ ਲੋੜ ਨਹੀਂ ਪਵੇਗੀ।
ਕੈਬਨਿਟ ਮੰਤਰੀ ਮੁੰਡੀਆਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਵਿੱਚ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਵਿਕਾਸ, ਲੋਕ ਭਲਾਈ ਅਤੇ ਪ੍ਰਸ਼ਾਸਕੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਦ੍ਰਿੜਤਾ ਨਾਲ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਸਾਹਨੇਵਾਲ ਹਲਕੇ ਲਈ ਇੱਕ ਵੱਡਾ ਹੁਲਾਰਾ ਦੇਵੇਗਾ ਅਤੇ ਲੋਕਾਂ ਲਈ ਸ਼ਾਸਨ ਦੀ ਸੌਖ ਵਿੱਚ ਕਾਫ਼ੀ ਵਾਧਾ ਕਰੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.