ਚੰਡੀਗੜ੍ਹ/ਅੰਮ੍ਰਿਤਸਰ
(ਰਣਜੀਤ ਮਸੌਣ/ਰਾਘਵ/ਸੁਰਿੰਦਰ/ਕੁਸ਼ਾਲ/ਬਲਦੇ ਵ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਆਧੁਨਿਕ ਪਿਸਤੌਲ ਅਤੇ 3.5 ਕਿੱਲੋ ਹੈਰੋਇਨ ਬਰਾਮਦ ਕਰਕੇ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸ਼ਕਰੀ ਦੇ ਦੋ ਵੱਖ-ਵੱਖ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰਕੈਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨ ਸਿੰਘ (26), ਗੁਰਪ੍ਰੀਤ ਸਿੰਘ ਉਰਫ਼ ਗੋਪੀ (22), ਰਾਕੇਸ਼ ਉਰਫ਼ ਕੇਸ਼ੂ (26), ਚਮਕੋਰ ਸਿੰਘ ਉਰਫ਼ ਚਮਕੋਰ (23), ਚਾਰੋਂ ਵਾਸੀ ਖੇਮਕਰਨ, ਜ਼ਿਲ੍ਹਾ ਤਰਨ ਤਾਰਨ ਅਤੇ ਮੱਖਣਦੀਨ ਉਰਫ਼ ਮੱਖਣ (22) ਵਾਸੀ ਨਾਗ ਕਲਾਂ, ਅੰਮ੍ਰਿਤਸਰ ਅਤੇ ਜਸਬੀਰ ਸਿੰਘ ਉਰਫ਼ ਬੀਰਾ ਉਰਫ਼ ਰਘੂ (19) ਵਾਸੀ ਪਿੰਡ ਮੂਲੇਚੱਕ, ਅੰਮ੍ਰਿਤਸਰ ਵਜੋਂ ਹੋਈ ਹੈ।
ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ ਪੀ ਐਕਸ 5.7×28 ਐਮਐਮ ਟੀਆਈਐਸਏਐਸ ਟਰਕੀ ਪਿਸਤੌਲ, ਦੋ .30 ਬੋਰ ਅਤੇ ਇੱਕ 9 ਐਮਐਮ ਪਿਸਤੌਲ ਤੋਂ ਇਲਾਵਾ 60 ਜ਼ਿੰਦਾ ਕਾਰਤੂਸਾਂ ਵੀ ਸ਼ਾਮਲ ਹਨ। ਇਸ ਕਾਰਵਾਈ ਵਿੱਚ ਬਰਾਮਦ ਕੀਤੇ ਗਏ ਆਧੁਨਿਕ ਆਟੋਮੈਟਿਕ ਪੀ ਐਕਸ 5.7×28 ਐਮਐਮ ਟੀਆਈਐਸਏਐਸ ਟਰਕੀ ਸੀਰੀਜ਼ ਪਿਸਤੌਲ ਨਵੀਨਤਮ ਹਥਿਆਰ ਹੈ ਅਤੇ ਇਹ ਦੁਰਲੱਭ ਬਰਾਮਦਗੀਆਂ ਵਿੱਚੋਂ ਇੱਕ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਪਾਕਿਸਤਾਨ-ਅਧਾਰਤ ਤਸ਼ਕਰਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ, ਜੋ ਡਰੋਨ ਜ਼ਰੀਏ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਸਰਹੱਦ ਪਾਰ ਦੇ ਇੱਕ ਹੈਂਡਲਰ ਅਧੀਨ ਕੰਮ ਕਰ ਰਹੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਵੱਡਾ ਸੰਗਠਿਤ ਤਸ਼ਕਰੀ ਨੈੱਟਵਰਕ ਹੋ ਸਕਦਾ ਹੈ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਮੁੱਚੇ ਨੈੱਟਵਰਕ ਨੂੰ ਖ਼ਤਮ ਕੀਤਾ ਜਾ ਸਕੇ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗਸ਼ਤ ਅਤੇ ਤਲਾਸ਼ੀ ਦੌਰਾਨ, ਪੁਲਿਸ ਟੀਮਾਂ ਨੇ ਮੋਟਰਸਾਈਕਲ ‘ਤੇ ਸਵਾਰ ਦੋ ਸ਼ੱਕੀ ਨੌਜ਼ਵਾਨਾਂ ਕਰਨ ਸਿੰਘ ਅਤੇ ਗੁਰਪ੍ਰੀਤ ਉਰਫ਼ ਗੋਪੀ ਦੀ ਤਲਾਸ਼ੀ ਲੈਣ ‘ਤੇ, ਦੋ ਟੀਆਈਐਸਏਐਸ ਟਰਕੀ ਪਿਸਤੌਲ, ਮੈਗਜ਼ੀਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਖੁਲਾਸੇ ਉਪਰੰਤ ਜਾਂਚ ਦੌਰਾਨ ਗੋਲਾ ਬਾਰੂਦ ਸਮੇਤ ਇੱਕ ਹੋਰ ਟੀਆਈਐਸਏਐਸ ਟਰਕੀ ਪਿਸਤੌਲ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨੇੜਲੇ ਪਿੰਡਾਂ ਨਾਲ ਸਬੰਧਤ ਹਨ, ਜਿਸ ਨਾਲ ਸਰਹੱਦ ਪਾਰੋਂ ਇਨ੍ਹਾਂ ਹਥਿਆਰਾਂ ਦੀ ਤਸ਼ਕਰੀ ਵਿੱਚ ਮੱਦਦ ਮਿਲਦੀ ਸੀ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣੇ ਸਪਲਾਇਰ ਦਾ ਖੁਲਾਸਾ ਕੀਤਾ ਅਤੇ ਉਸਦੀ ਪਛਾਣ ਮੱਖਣਦੀਨ ਉਰਫ਼ ਮੱਖਣ ਵਜੋਂ ਕੀਤੀ, ਜਿਸਨੂੰ ਬਾਅਦ ਵਿੱਚ ਇੱਕ .30 ਬੋਰ ਪਿਸਤੌਲ, ਮੈਗਜ਼ੀਨ ਅਤੇ ਗੋਲਾ ਬਾਰੂਦ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਸੀਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਇੱਕ ਹੋਰ ਕਾਰਵਾਈ ਵਿੱਚ ਪੁਲਿਸ ਟੀਮਾਂ ਨੇ ਸ਼ੱਕੀ ਰਾਕੇਸ਼ ਉਰਫ਼ ਕੇਸ਼ੂ ਅਤੇ ਚਮਕੋਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਖੁਲਾਸੇ ‘ਤੇ 800 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਇਸ ਮਾਮਲੇ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 1 ਕਿੱਲੋਗ੍ਰਾਮ ਹੋ ਗਈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਭਰੋਸੇਯੋਗ ਗੁਪਤ ਸੂਚਨਾ ‘ਤੇ ਪੁਲਿਸ ਟੀਮਾਂ ਵੱਲੋਂ ਸੁਚੱਜੇ ਤਾਲਮੇਲ ਨਾਲ ਅਗਲੇਰੀ ਕਾਰਵਾਈ ਕਰਦਿਆਂ ਜਸਬੀਰ ਸਿੰਘ ਉਰਫ਼ ਬੀਰਾ ਉਰਫ਼ ਰਘੂ ਨੂੰ 2.5 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ।ਇਸ ਸਬੰਧੀ ਤਿੰਨ ਵੱਖ-ਵੱਖ ਮਾਮਲੇ ਥਾਣਾ ਗੇਟ ਹਕੀਮਾਂ ਵਿਖੇ ਅਸਲਾ ਐਕਟ ਦੀ ਧਾਰਾ 25(8) ਅਧੀਨ ਐਫ਼ਆਈਆਰ ਨੰਬਰ 59 ਮਿਤੀ 08-03-2026, ਥਾਣਾ ਛੇਹਰਟਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 21-ਬੀ ਅਧੀਨ ਐਫ਼ਆਈਆਰ ਨੰਬਰ 53 ਮਿਤੀ 10-03-2026 ਅਤੇ ਥਾਣਾ ਵੇਰਕਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਧੀਨ ਐਫ਼ਆਈਆਰ ਨੰਬਰ 27 ਮਿਤੀ 8-3-2026 ਦਰਜ ਕੀਤੇ ਗਏ ਹਨ।
Leave a Reply