August 17, 2026

Justice News

ਅਵਾਮ ਦੀ ਆਵਾਜ਼

“ਜੀਵਨ ਦੇ ਇਸ ਮਹਾਨ ਤੋਹਫੇ ਨੂੰ ਮਾਪਣ ਦਾ ਕੋਈ ਪੈਮਾਨਾ ਨਹੀਂ”: PGIMER ਡਾਇਰੈਕਟਰ ਪ੍ਰੋਫੈਸਰ. ਵਿਵੇਕ ਲਾਲ ਨੇ ਅੰਗਦਾਨ ਕਰਨ ਵਾਲੇ ਪਰਿਵਾਰਾਂ ਨੂੰ ਦਿੱਤੀ ਸ਼ਰਧਾਂਜਲੀ

16 ਸਾਹਸੀ ਦਾਤਾ ਪਰਿਵਾਰਾਂ ਨੂੰ ਸਨਮਾਨ, ਜਿਨ੍ਹਾਂ ਦੇ ਫੈਸਲੇ ਨਾਲ 80 ਲੋਕਾਂ ਨੂੰ ਮਿਲਿਆ ਜੀਵਨ ਅਤੇ ਰੌਸ਼ਨੀ

ROTTO PGIMER ਦੇ CME-cum-Workshop ‘ਸਮਰਥਨ 2026’ ਵਿੱਚ 200 ਤੋਂ ਵੱਧ ਭਾਗੀਦਾਰਾਂ ਨੇ ਲਿਆ ਹਿੱਸਾ

ਚੰਡੀਗੜ੍

(ਜਸਟਿਸ ਨਿਊਜ਼   )
: ਮਨੁੱਖਤਾ ਅਤੇ ਦਇਆ ਦੀ ਭਾਵਨਾ ਨੂੰ ਨਮਨ ਕਰਦੇ ਹੋਏ PGIMER ਵਿੱਚ 16 ਸਾਹਸੀ ਅੰਗਦਾਤਾ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਪਰਿਵਾਰਾਂ ਨੇ ਆਪਣੇ ਨਿਜੀ ਦੁਖ ਦੇ ਸਮੇਂ ਵੀ ਅੰਗਦਾਨ ਲਈ ਸਹਿਮਤੀ ਦੇ ਕੇ ਇੱਕ ਮਹਾਨ ਫੈਸਲਾ ਲਿਆ। ਉਨ੍ਹਾਂ ਦੇ ਇਸ ਫੈਸਲੇ ਨਾਲ 80 ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ, ਜਿਨ੍ਹਾਂ ਵਿੱਚ 52 ਗੰਭੀਰ ਅੰਗ ਅਸਫ਼ਲਤਾ ਨਾਲ ਜੂਝ ਰਹੇ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ ਅਤੇ 28 ਕੋਰਨੀਅਲ ਅੰਨ੍ਹਾਪਣ ਨਾਲ ਪੀੜ੍ਹਤ ਮਰੀਜ਼ਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਈ।

ਇਹ ਸਨਮਾਨ ਸਮਾਰੋਹ SAMARTHAN 2026 ਦੇ ਉਦਘਾਟਨੀ ਸੈਸ਼ਨ ਵਿੱਚ ਆਯੋਜਿਤ ਕੀਤਾ ਗਿਆ। ਇਹ ਅੰਗਦਾਨ ਅਤੇ ਟ੍ਰਾਂਸਪਲਾਂਟ (ਪ੍ਰਤੀਰੋਪਣ) ‘ਤੇ ਆਯੋਜਿਤ CME-cum-Workshop ਸੀ, ਜਿਸ ਦਾ ਆਯੋਜਨ ROTTO North, PGIMER ਚੰਡੀਗੜ੍ਹ ਵੱਲੋਂ ਕੀਤਾ ਗਿਆ। ਇਸ ਵਿੱਚ ਖੇਤਰ ਦੇ ਮੈਡੀਕਲ ਮਾਹਿਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ 200 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।

ਇਸ ਭਾਵਨਾਤਮਕ ਮੌਕੇ ‘ਤੇ ਪੂਰਾ ਆਡੀਟੋਰੀਅਮ ਖੜ੍ਹੇ ਹੋ ਕੇ ਤਾਲੀਆਂ ਨਾਲ ਇਨ੍ਹਾਂ ਪਰਿਵਾਰਾਂ ਦੇ ਸਾਹਸ ਅਤੇ ਉਦਾਰਤਾ ਨੂੰ ਨਮਨ ਕਰਦਾ ਦਿਖਾਈ ਦਿੱਤਾ। ਉਨ੍ਹਾਂ ਦੇ ਨਿਰਸੁਆਰਥ ਫੈਸਲੇ ਨੇ ਆਪਣੇ ਨਿੱਜੀ ਦੁੱਖ ਨੂੰ ਕਈ ਮਰੀਜ਼ਾਂ ਲਈ ਜੀਵਨ ਦੇ ਅਨਮੋਲ ਤੋਹਫ਼ੇ ਵਿੱਚ ਬਦਲ ਦਿੱਤਾ।

ਇਸ ਮੌਕੇ ‘ਤੇ ਮੁੱਖ ਮਹਿਮਾਨ PGIMER ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਦਾਤਾ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੰਗ ਟ੍ਰਾਂਸਪਲਾਂਟ ਦੇ ਖੇਤਰ ਵਿੱਚ PGIMER ਦੀ ਵਿਸ਼ੇਸ਼ ਪਛਾਣ ਇਨ੍ਹਾਂ ਪਰਿਵਾਰਾਂ ਦੀ ਵਜ੍ਹਾ ਨਾਲ ਹੀ ਸੰਭਵ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਪਰਿਵਾਰਾਂ ਨੇ ਸਾਹਸ ਅਤੇ ਨਿਰਸੁਆਰਥ ਭਾਵਨਾ ਨਾਲ ਫੈਸਲਾ ਨਾ ਲਿਆ ਹੁੰਦਾ, ਤਾਂ ਇਹ ਉਪਲਬਧੀਆਂ ਸੰਭਵ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਜੀਵਨ ਦੇ ਇਸ ਮਹਾਨ ਤੋਹਫ਼ੇ ਨੂੰ ਮਾਪਣ ਦਾ ਕੋਈ ਪੈਮਾਨਾ ਨਹੀਂ ਹੋ ਸਕਦਾ। ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਇਨ੍ਹਾਂ ਪਰਿਵਾਰਾਂ ਨੇ ਦੂਜਿਆਂ ਦੀ ਜਾਨ ਬਚਾਉਣ ਦੀ ਆਪਣੀ ਸਭ ਤੋਂ ਵੱਡੀ ਇੱਛਾ ਲਈ PGIMER ‘ਤੇ ਭਰੋਸਾ ਕੀਤਾ ਅਤੇ ਸੰਸਥਾਨ ਉਸ ਭਰੋਸੇ ‘ਤੇ ਖਰਾ ਉਤਰ ਸਕਿਆ।

ਇਸ ਮੌਕੇ ‘ਤੇ ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (NOTTO), ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਨੇ ਕਿਹਾ ਕਿ ਅੰਗਾਂ ਦੀ ਉਪਲਬਧਤਾ ਅਤੇ ਜ਼ਰੂਰਤ ਦਰਮਿਆਨ ਪਾੜੇ ਨੂੰ ਪੂਰਨ ਦਾ ਸਭ ਤੋਂ ਟਿਕਾਊ ਤਰੀਕਾ ਸਵੈ-ਇੱਛਤ ਮ੍ਰਿਤਕ ਅੰਗਦਾਨ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਅੰਗਾਂ ਦੀ ਉਡੀਕ ਕਰ ਰਹੇ ਮਰੀਜ਼ਾਂ ਦੀ ਪੀੜਾ ਨੂੰ ਸਮਝੇਗਾ ਅਤੇ ਅੰਗਦਾਨ ਦਾ ਸੰਕਲਪ ਲਵੇਗਾ, ਤਾਂ ਅਨੇਕਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਜਾਗਰੂਕਤਾ ਵਧਾਉਣ ਅਤੇ ਵਿਦਿਆਰਥੀਆਂ ਨੂੰ ਤਬਦੀਲੀ ਦੇ ‘ਯੁਵਾ ਦੂਤ’ ਬਣਾਉਣ ਲਈ NOTTO ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਚੰਡੀਗੜ੍ਹ ਦੀ ਸੀਨੀਅਰ ਖੇਤਰੀ ਡਾਇਰੈਕਟਰ ਡਾ. ਅਮਰਜੀਤ ਕੌਰ ਨੇ ਕਿਹਾ ਕਿ ‘ਸਮਰਥਨ 2026’ ਦਾ ਉਦੇਸ਼ ਅੰਗਦਾਨ ਬਾਰੇ ਸਹੀ ਜਾਣਕਾਰੀ ਫੈਲਾਉਣਾ ਅਤੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਹਸੀ ਦਾਤਾ ਪਰਿਵਾਰਾਂ ਦੀ ਮੌਜੂਦਗੀ ਤੋਂ ਵੱਧ ਪ੍ਰੇਰਨਾਦਾਇਕ ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਉਨ੍ਹਾਂ ਦੇ ਔਖੇ ਸਮੇਂ ਵਿੱਚ ਲਏ ਗਏ ਫੈਸਲੇ ਹਜ਼ਾਰਾਂ ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣਦੇ ਹਨ।

ਇਸ ਮੌਕੇ ਜਿਨ੍ਹਾਂ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਸੁਖਵਿੰਦਰ ਸਿੰਘ (40 ਸਾਲ, ਸੁਨਾਮ), ਜਤਿੰਦਰ ਸਿੰਘ (36 ਸਾਲ, ਫਤਿਹਗੜ੍ਹ ਸਾਹਿਬ), ਰਵਿੰਦਰ ਸਿੰਘ (36 ਸਾਲ, ਚੰਡੀਗੜ੍ਹ), ਹਰਪ੍ਰੀਤ ਕੌਰ (17 ਸਾਲ, ਬੱਸੀ ਪਠਾਣਾ), ਨਵਨੀਤ ਠਾਕੁਰ (23 ਸਾਲ, ਕਾਂਗੜਾ), ਮੇਜਰ ਸਿੰਘ (54 ਸਾਲ, ਰਾਜਪੁਰਾ, ਪਟਿਆਲਾ), ਪਰਵੀਨ ਕੁਮਾਰ (44 ਸਾਲ, ਪੰਚਕੂਲਾ), ਨਰੇਸ਼ ਕੁਮਾਰ (30 ਸਾਲ, ਕੈਥਲ) ਅਤੇ ਰਵੀਸ਼ ਕੁੰਵਰ ਮਲਿਕ (36 ਸਾਲ, ਜ਼ੀਰਕਪੁਰ) ਦੇ ਪਰਿਵਾਰ ਸ਼ਾਮਲ ਸਨ।

ਇਸ ਤੋਂ ਇਲਾਵਾ ਹਰਪਿੰਦਰ ਸਿੰਘ (40 ਸਾਲ, ਅਨੰਦਪੁਰ ਸਾਹਿਬ), ਗੁਰਨੂਰ ਸਿੰਘ (18 ਸਾਲ, ਲੁਧਿਆਣਾ) ਅਤੇ ਦਵਿੰਦਰ ਸਿੰਘ (36 ਸਾਲ, ਰੋਪੜ) ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਨਾਲ ਹੀ ਭਾਰਤੀ ਸੈਨਾ ਨਾਲ ਜੁੜੇ ਅਰਸ਼ਦੀਪ ਸਿੰਘ (18 ਸਾਲ), ਬਲਵਿੰਦਰ ਸਿੰਘ (56 ਸਾਲ), ਪਿਆਰ ਚੰਦ (44 ਸਾਲ) ਅਤੇ ਬਿਸਵਨਾਥ ਸਾਵ (44 ਸਾਲ) ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਪ੍ਰੇਰਨਾਦਾਇਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ PGIMER ਦੇ ਮੈਡੀਕਲ ਸੁਪਰਡੈਂਟ, ਹਸਪਤਾਲ ਪ੍ਰਸ਼ਾਸਨ ਵਿਭਾਗ ਦੇ ਮੁਖੀ ਅਤੇ ROTTO North ਦੇ ਨੋਡਲ ਅਫ਼ਸਰ ਪ੍ਰੋ. ਵਿਪਿਨ ਕੌਸ਼ਲ ਨੇ ਪ੍ਰੋਗਰਾਮ ਦੀ ਰੂਪ-ਰੇਖਾ ਰੱਖਦਿਆਂ ਕਿਹਾ ਕਿ ‘ਸਮਰਥਨ 2026’ ਦਾ ਉਦੇਸ਼ ਅੰਗਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੇ ਸੰਸਥਾਗਤ ਯਤਨਾਂ ਨੂੰ ਮਜ਼ਬੂਤ ਕਰਨਾ ਹੈ ਜੋ ਅੰਗਦਾਨ ਅਤੇ ਟ੍ਰਾਂਸਪਲਾਂਟ ਨੂੰ ਸੰਭਵ ਬਣਾਉਂਦੇ ਹਨ।

ਉਦਘਾਟਨੀ ਸੈਸ਼ਨ ਤੋਂ ਬਾਅਦ ਇੱਕ ਵਿਦਿਅਕ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿਸ ਵਿੱਚ ਮਾਹਿਰਾਂ ਅਤੇ ਡਾਕਟਰਾਂ ਨੇ ਅੰਗ ਟ੍ਰਾਂਸਪਲਾਂਟ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ। ਸੈਸ਼ਨਾਂ ਦੌਰਾਨ ਮ੍ਰਿਤਕ ਅੰਗਦਾਨ ਪ੍ਰੋਗਰਾਮਾਂ ਨੂੰ ਮਜ਼ਬੂਤ ਬਣਾਉਣ, ਤਾਲਮੇਲ ਵਿਵਸਥਾ ਨੂੰ ਬਿਹਤਰ ਕਰਨ ਅਤੇ ਜਾਗਰੂਕਤਾ ਵਧਾਉਣ ਵਰਗੇ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ, ਜਿਸ ਨਾਲ ਭਾਗੀਦਾਰਾਂ ਦਰਮਿਆਨ ਸਾਰਥਕ ਚਰਚਾ ਅਤੇ ਗਿਆਨ ਦਾ ਅਦਾਨ-ਪ੍ਰਦਾਨ ਹੋਇਆ।

 

Leave a Reply

Your email address will not be published. Required fields are marked *

Copyright © All rights reserved. | Newsphere by AF themes.