August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਸਫਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ – ਚੇਅਰਮੈਨ ਚੰਦਨ ਗਰੇਵਾਲ

ਮੋਗਾ

  ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )

ਪੰਜਾਬ ਰਾਜ ਦੇ  ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਚੰਦਨ ਗਰੇਵਾਲ ਵੱਲੋਂ ਸਥਾਨਕ ਨਗਰ ਨਿਗਮ ਵਿਖੇ  ਵਿਖੇ ਜ਼ਿਲ੍ਹਾ ਮੋਗਾ ਦੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨਾਲ ਸਬੰਧਤ ਜੱਥੇਬੰਦੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ।ਮੀਟਿੰਗ ਦੌਰਾਨ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ. ਜਸਪਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨl  ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਸਫਾਈ ਕਮਿਸ਼ਨ ਸਫਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਡੱਟ ਕੇ ਖੜ੍ਹਾ ਰਹੇਗਾ। ਉਹਨਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੂੰ ਵਰਦੀ, ਸਮੇਂ ਸਿਰ ਤਨਖਾਹ, ਸਿਹਤ ਸਹੂਲਤਾਂ ਅਤੇ ਕੰਮ ਲਈ ਉਪਕਰਨ ਮੁਹੱਈਆ ਕਰਵਾਉਣ ਸਮੇਤ ਜਿਨ੍ਹਾਂ ਕਰਮਚਾਰੀਆਂ ਨੂੰ ਆਪਣੇ ਬੈਂਕ ਖਾਤੇ ਸਬੰਧੀ ਕੇ.ਵਾਈ.ਸੀ ਆਦਿ ਦੀ ਸਮੱਸਿਆ ਹੈ, ਨੂੰ ਵੀ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮਾਂ ਦੇ ਪੱਧਰ ’ਤੇ ਹੱਲ ਹੋਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ  ਜਦਕਿ ਜੋ ਸਮੱਸਿਆਵਾਂ ਮੁੱਖ ਦਫਤਰਾਂ ਨਾਲ ਸਬੰਧਿਤ ਹਨ ਉਨ੍ਹਾਂ ਬਾਰੇ ਕਮਿਸ਼ਨ  ਵਲੋਂ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।

 ਮੀਟਿੰਗ ਦੌਰਾਨ ਉਨ੍ਹਾਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇl  ਉਨ੍ਹਾਂ ਵੱਖ ਵੱਖ ਜਥੇਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜਲਦ ਨਿਪਟਾਰੇ ਦਾ ਵੀ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਕਮਿਸ਼ਨ ਸਫਾਈ ਕਰਮਚਾਰੀਆਂ, ਸੀਵਰਮੈਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਹਨਾਂ ਕਮਿਸ਼ਨਰ ਨਗਰ ਨਿਗਮ ਨੂੰ ਸਫਾਈ ਸੇਵਕਾਂ/ਸੀਵਰਮੇਂਨਾ  ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇਣ ਲਈ ਨਿਰਦੇਸ਼ ਦਿੱਤੇl ਉਹਨਾਂ ਮੋਗਾ ਵਿਖੇ ਨਗਰ ਨਿਗਮ ਦੀਆਂ ਵੱਖ ਵੱਖ ਸਫਾਈ ਕਰਮੀ ਯੂਨੀਅਨਾਂ ਦੀ ਇੱਕਜੁਟਤਾ ਦੀ ਸ਼ਲਾਘਾ ਕੀਤੀ। ਪਿਛਲੇ ਦਿਨੀਂ ਸੀਵਰੇਜ ਦੀ ਸਮੱਸਿਆ ਠੀਕ ਕਰਨ ਦੌਰਾਨ ਜਖਮੀ ਹੋਏ ਨਗਰ ਨਿਗਮ ਦੇ ਸੀਵਰਮੈਨ ਸੌਰਵ ਦਾ ਚੇਅਰਮੈਨ ਚੰਦਨ ਗਰੇਵਾਲ ਵੱਲੋਂ ਵਿਸ਼ੇਸ਼ ਤੌਰ ਤੇ ਹਸਪਤਾਲ ਵਿਖੇ ਪਹੁੰਚ ਕੇ ਹਾਲ ਚਾਲ ਜਾਣਿਆ ਅਤੇ ਕਿਹਾ ਕਿ ਕਮਿਸ਼ਨ ਉਹਨਾਂ ਦੇ ਹਰੇਕ ਦੁੱਖ ਸੁੱਖ ਵਿੱਚ ਉਹਨਾਂ ਨਾਲ ਹੈ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸ੍ਰੀ ਗਰੇਵਾਲ ਨੇ ਇਹ ਵੀ ਕਿਹਾ ਕਿ ਸਮੂਹ ਕਾਰਜ ਸਾਧਕ ਅਫਸਰ ਸਫਾਈ ਕਰਮਚਾਰੀਆਂ ਦੀ ਮੈਡੀਕਲ ਸਹੂਲਤ ਲਈ ਈ.ਐਸ.ਆਈ. ਕਾਰਡ ਜ਼ਰੂਰ ਬਣਵਾਉਣ ਤਾਂ ਜੋ ਉਹ ਵੀ ਲੋੜ ਅਨੁਸਾਰ ਮੁਫਤ ਇਲਾਜ ਦੀ ਸਹੂਲਤ ਦਾ ਲਾਭ ਲੈ ਸਕਣ।  ਚੇਅਰਮੈਨ ਨੇ ਇਹ ਵੀ ਹਦਾਇਤ ਕੀਤੀ ਕਿ ਕਰਮਚਾਰੀਆਂ ਦੇ ਆਈ.ਡੀ. ਕਾਰਡ ਵਿੱਚ ਈ. ਐੱਸ.ਆਈ. ਅਤੇ ਈ.ਪੀ.ਐੱਫ. ਨੰਬਰ ਦਰਜ ਜ਼ਰੂਰ ਕੀਤਾ ਜਾਵੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.