August 17, 2026

Justice News

ਅਵਾਮ ਦੀ ਆਵਾਜ਼

ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ ‘ਚ ਕੱਢਿਆ ਸੋਗਮਈ ਰੋਸ ਮਾਰਚ= ਅਮਰੀਕਾ ਤੇ ਇਜ਼ਰਾਈਲ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ

ਮਾਲੇਰਕੋਟਲਾ
(ਸ਼ਹਿਬਾਜ਼ ਚੌਧਰੀ)
ਅਮਰੀਕਾਂ ਅਤੇ ਇਜ਼ਰਾਈਲ ਵੱਲੋਂ ਲੰਘੀ ਕੱਲ ਸਵੇਰੇ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਹੋਰ ਸ਼ਹਿਰਾਂ ਉੱਪਰ ਕੀਤੇ ਗਏ ਹਮਲਿਆਂ ‘ਚ ਜਿਥੇ ਸੈਂਕੜੇ ਈਰਾਨੀਆਂ ਦੀ ਮੌਤ ਹੋ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਉਥੇ ਈਰਾਨ ਦੇ ਸੁਪਰੀਮ ਲੀਡਰ ਖਾਮੇਨਈ ਦੇ ਵੀ ਇਨ੍ਹਾਂ ਹਮਲਿਆਂ ‘ਚ ਸ਼ਹੀਦ ਹੋ ਜਾਣ ਦੀਆਂ ਖਬਰਾਂ ਜਿਉਂ ਹੀ ਸੋਸ਼ਲ ਮੀਡੀਆ ‘ਤੇ ਆਉਣ ਲੱਗੀਆਂ ਤਾਂ ਮਾਲੇਰਕੋਟਲਾ ਦੇ ਮੁਸਲਮਾਨਾਂ ਖਾਸਕਰ ਸ਼ੀਆ ਮੁਸਲਿਮ ਭਾਈਚਾਰੇ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ।ਰਮਜ਼ਾਨ ਦੇ ਪਵਿੱਤਰ ਮਹੀਨੇ ‘ਚ ਵਾਪਰੀ ਇਸ ਦਰਦਨਾਕ ਘਟਨਾਂ ਨੂੰ ਲੈ ਕੇ ਬੂਰੀ ਤਰ੍ਹਾਂ ਝੰਜੋੜੇ ਗਏ ਮੁਸਲਮਾਨਾਂ ਨੇ ਅੱਜ ਦੁਪਹਿਰੇ ਜ਼ੋਹਰ ਦੀ ਨਮਾਜ਼ ਤੋਂ ਬਾਅਦ ਆਪਣੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਹਿਰ ਅੰਦਰ ਸੋਗਮਈ ਰੋਸ ਮਾਰਚ ਕੱਢਿਆ।ਜਿਸ ‘ਚ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।
ਸਥਾਨਕ ਪੁਰਾਣੀ ਮਿਉਂਸਪਲ ਕਮੇਟੀ ਨੇੜੇ ਸਥਿਤ ਇਮਾਮਬਾੜਾ ਖੋਜਗਾਨ ਵਿਖੇ ਇੱਕਠੇ ਹੋਣ ਤੋਂ ਬਾਅਦ ਮੁਸਲਿਮ ਭਾਈਚਾਰੇ ਦਾ ਇਹ ਵਿਸ਼ਾਲ ਕਾਫਲਾ ਖਾਮੇਨਈ ਦੀਆਂ ਫੋਟੋਆਂ ਵਾਲੇ ਪੋਸਟਰ ਤੇ ਬੈਨਰ ਚੁੱਕ ਕੇ ਅਮਰੀਕਾ ਤੇ ਇਜ਼ਰਾਈਲ ਮੁਰਦਾਬਾਦ, ਖਾਮੇਨਈ ਜਿੰਦਾਬਾਦ ਦੇ ਨਾਅਰੇ ਮਾਰਦਾ ਹੋਇਆ ਸਥਾਨਕ ਸਰਹੰਦੀਗੇਟ ਚੌਂਕ ‘ਚ ਪੁੱਜਾ। ਜਿਥੇ ਜੁੜੇ ਵਿਸ਼ਾਲ ਇੱਕਠ ਨੂੰ ਮੌਲਾਨਾਂ ਆਜ਼ਮ ਅਲੀ ਰਿਜ਼ਵੀ, ਮੌਲਾਨਾਂ ਜਮਾਲ ਹੈਦਰ, ਮੌਲਾਨਾਂ ਰਜ਼ੀ ਹੈਦਰ ਸਾਹਿਬ, ਮੌਲਾਨਾਂ ਮੁਜ਼ਤਬਾ ਹੁਸੈਨ ਜੈਦੀ, ਪ੍ਰਧਾਨ ਸ਼ਕੂਰ ਕਿਲਾ, ਨਾਮਵਰ ਉਰਦੂ ਵਿਦਵਾਨ ਮੈਡਮ ਰੂਬੀਨਾਂ ਸ਼ਬਨਮ, ਜਮੀਰ ਅਲੀ ਜ਼ਮੀਰ ਅਤੇ ਸ਼ਬੀਰ ਹੁਸੈਨ ਨੇ ਸੰਬੋਧਨ ਕੀਤਾ।
ਖਾਮਨੇਈ ਦੀ ਸ਼ਹਾਦਤ ਨੂੰ ਸਲਾਮ ਪੇਸ਼ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਮਾਲੇਰਕੋਟਲਾ ਸਮੇਤ ਦੁਨੀਆਂ ਭਰ ਦੇ ਕਈ ਦੇਸ਼ਾਂ ‘ਚ ਆਪਣੇ ਪਰਿਵਾਰਾਂ ਸਮੇਤ ਸੜਕਾਂ ‘ਤੇ ਉੱਤਰ ਕੇ ਅਮਰੀਕਾ ਤੇ ਇਜ਼ਰਾਈਲ ਖਿਲਾਫ ਨਾਅਰੇਬਾਜ਼ੀ ਕਰ ਰਹੇ ਲੋਕ ਇਹ ਸੰਦੇਸ਼ ਦੇ ਰਹੇ ਹਨ ਕਿ ਖਾਮੇਨਈ ਸਾਹਿਬ ਲਈ ਉਹ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਦੁਨੀਆਂ ਭਰ ‘ਚ ਜਿਥੇ ਵੀ ਕਿਸੇ ‘ਤੇ ਜ਼ੁਲਮ ਹੋਇਆ ਉਸ ਜ਼ੁਲਮ ਦੇ ਖਿਲਾਫ ਉੱਠਣ ਵਾਲੀ ਸਭ ਤੋਂ ਪਹਿਲੀ ਅਵਾਜ਼ ਖਾਮਨੇਈ ਸਾਹਿਬ ਦੀ ਹੁੰਦੀ ਸੀ।ਦੁਨੀਆਂ ਅੰਦਰ ਗੁੰਡਾਗਰਦੀ ਦਾ ਮਾਹੌਲ ਪੈਦਾ ਕਰ ਰਹੇ ਇਹ ਦੋਵੇਂ ਦੇਸ਼ ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਖਾਮੇਨਈ ਸਾਹਿਬ ਨੂੰ ਝੁਕਾਉਣਾ ਚਾਹਿਆ ਸੀ ਪਰ ਖਾਮੇਨਈ ਸਾਹਿਬ ਇਨ੍ਹਾਂ ਦੇ ਜ਼ੁਲਮ ਅੱਗੇ ਨਹੀਂ ਝੁਕੇ ਅਤੇ ਸ਼ਹਾਦਤ ਪਾ ਗਏ। ਇਸ ਮੋਕੇ ਐਡਵੋਕੇਟ ਸ਼ਬੀਹ ਹੈਦਰ, ਸਗੀਰ ਹੁਸੈਨ ਜੈਦੀ, ਸਹਾਰਾ ਮੁਸਲਿਮ ਵੈਲਫੇਅਰ ਦੇ ਪ੍ਰਧਾਨ ਅਜ਼ਹਰ ਮੁਨੀਮ, ਅਬਦੁੱਲ ਹਲੀਮ ਮਿਲਕੋਵੈਲ, ਯਾਸਰ ਅਰਫਾਤ, ਸੱਜਾਦ ਹੁਸੈਨ, ਅਜਾਦਾਰ ਹੁਸੈਨ, ਡਾਕਟਰ ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੇ ਪ੍ਰਧਾਨ ਸ਼ਮਸਾਦ ਝੋਕ, ਜਨਰਲ ਸਕੱਤਰ ਮੁਨਸ਼ੀ ਫਾਰੂਕ ਅਹਿਮਦ, ਸ਼ਾਹਿਦ ਜ਼ੁਬੈਰੀ, ਸ਼ਮਸੂਦੀਨ ਚੌਧਰੀ ਅਤੇ ਮਕਸੂਦ ਉਲ ਹੱਕ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.