August 17, 2026

Justice News

ਅਵਾਮ ਦੀ ਆਵਾਜ਼

ਚੰਗੇ ਤੇ ਅਨੁਭਵੀ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਅੰਦਰ ਹਮੇਸ਼ਾਂ ਉਹਨਾਂ ਦੀ ਗੈਰ-ਹਾਜ਼ਰੀ ਦਾ ਅਹਿਸਾਸ ਕਰਾਉਂਦੀ ਹੈ – ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ

 

ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਪੀ.ਬੀ.ਆਈ) ਪਰਸ਼ੋਤਮ ਸਿੰਘ ਬੱਲ ਦੀ ਸੇਵਾਮੁਕਤੀ ’ਤੇ ਯਾਦਗਾਰ ਵਿਦਾਇਗੀ ਸਮਾਗਮ, ਸਮੂਹ ਪੁਲਿਸ ਸਟਾਫ ਵੱਲੋਂ ਦਿੱਤੀ ਗਈ ਭਾਵੁਕ ਵਿਦਾਈ
ਖੰਨਾ, ਲੁਧਿਆਣਾ
( ਜਸਟਿਸ ਨਿਊਜ਼  )
ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਪੀ.ਬੀ.ਆਈ) ਪਰਸ਼ੋਤਮ ਸਿੰਘ ਬੱਲ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਯਾਦਗਾਰ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਭਾਵੁਕ ਸਮਾਗਮ ਵਿੱਚ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਸਟਾਫ ਨੇ ਹਾਜ਼ਰੀ ਭਰੀ ਅਤੇ ਸੇਵਾਮੁਕਤੀ ਮੌਕੇ ਅਧਿਕਾਰੀ ਨੂੰ ਸਨਮਾਨਤ ਕਰਦੇ ਹੋਏ ਉਨ੍ਹਾਂ ਦੀ ਸੇਵਾਵਾਂ ਨੂੰ ਯਾਦ ਕੀਤਾ। ਸਮਾਗਮ ਦੌਰਾਨ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਖ਼ਾਸ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਐਸ.ਪੀ ਪਰਸ਼ੋਤਮ ਸਿੰਘ ਬੱਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਸ.ਪੀ ਪਰਸ਼ੋਤਮ ਸਿੰਘ ਬੱਲ ਨੇ ਆਪਣੀ ਲੰਬੀ ਅਤੇ ਗੌਰਵਮਈ ਸੇਵਾ ਦੌਰਾਨ ਇਮਾਨਦਾਰੀ ਅਤੇ ਸਮਰਪਣ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਐਸ.ਪੀ ਬੱਲ ਹਮੇਸ਼ਾ ਆਪਣੇ ਫਰਜ਼ਾਂ ਪ੍ਰਤੀ ਨਿਸ਼ਠਾਵਾਨ ਰਹੇ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀ ਕਾਰਜਸ਼ੈਲੀ ਨੌਜਵਾਨ ਅਧਿਕਾਰੀਆਂ ਲਈ ਪ੍ਰੇਰਣਾ ਦਾ ਸਰੋਤ ਰਹੇਗੀ। ਐਸ.ਐਸ.ਪੀ ਨੇ ਕਿਹਾ ਕਿ ਐਸ.ਪੀ ਬੱਲ ਦੀ ਸੇਵਾਮੁਕਤੀ ਪੁਲਿਸ ਵਿਭਾਗ ਲਈ ਇੱਕ ਵੱਡਾ ਘਾਟਾ ਵੀ ਹੈ, ਕਿਉਂਕਿ ਇਹੋ ਜਿਹੋ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਅੰਦਰ ਹਮੇਸ਼ਾਂ ਕਮੀ ਦਾ ਅਹਿਸਾਸ ਕਰਾਉਂਦੀ ਹੈ। ਪਰ ਉਨ੍ਹਾਂ ਵੱਲੋਂ ਕੀਤੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਸਮਾਗਮ ਦੌਰਾਨ ਐਸ.ਪੀ (ਐਚ) ਹਰਪਿੰਦਰ ਕੌਰ ਗਿੱਲ, ਐਸ.ਪੀ (ਆਈ) ਪਵਨ ਚੌਧਰੀ, ਡੀ.ਐਸ.ਪੀ (ਆਈ) ਮੋਹਿਤ ਸਿੰਗਲਾ, ਡੀ.ਐਸ.ਪੀ (ਐਚ) ਕਰਮਵੀਰ ਤੂਰ, ਡੀ.ਐਸ.ਪੀ (ਨਾਰਕੋਟਿਕਸ) ਕਰਮਜੀਤ ਸਿੰਘ ਗਰੇਵਾਲ, ਡੀ.ਐਸ.ਪੀ ਖੰਨਾ ਵਿਨੋਦ ਕੁਮਾਰ, ਡੀ.ਐਸ.ਪੀ ਸਮਰਾਲਾ ਤਰਲੋਚਨ ਸਿੰਘ ਅਤੇ ਡੀ.ਐਸ.ਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸਭ ਅਧਿਕਾਰੀਆਂ ਨੇ ਐਸ.ਪੀ ਬੱਲ ਦੇ ਕਾਰਜਕਾਲ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਵਿਦਾਇਗੀ ਸਮਾਗਮ ਦੌਰਾਨ ਐਸ.ਪੀ ਪਰਸ਼ੋਤਮ ਸਿੰਘ ਬੱਲ ਨੇ ਭਾਵੁਕ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਬਿਤਾਇਆ ਹਰ ਪਲ ਉਨ੍ਹਾਂ ਲਈ ਯਾਦਗਾਰ ਰਿਹਾ ਹੈ। ਉਨ੍ਹਾਂ ਨੇ ਆਪਣੇ ਸਹਿਯੋਗੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਵਰਕ ਦੇ ਬਿਨਾਂ ਕੋਈ ਵੀ ਸਫਲਤਾ ਸੰਭਵ ਨਹੀਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੂੰ ਪੁਲਿਸ ਵਰਗੇ ਅਨੁਸ਼ਾਸਿਤ ਅਤੇ ਜ਼ਿੰਮੇਵਾਰ ਵਿਭਾਗ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ।ਸਮੂਹ ਸਟਾਫ ਵੱਲੋਂ ਐਸ.ਪੀ ਬੱਲ ਨੂੰ ਯਾਦਗਾਰੀ ਚਿੰਨ੍ਹ ਅਤੇ ਹੋਰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਲੰਬੀ ਸੇਵਾ ਨੂੰ ਸਲਾਮ ਕੀਤਾ ਗਿਆ। ਸਮਾਗਮ ਦੌਰਾਨ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ, ਜਿਸ ਕਾਰਨ ਮਾਹੌਲ ਭਾਵੁਕ ਹੋ ਗਿਆ। ਕਈ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਜੁਦਾਈ ਦੇ ਹੰਝੂ ਵੀ ਨਜ਼ਰ ਆਏ, ਜੋ ਐਸ.ਪੀ ਬੱਲ ਨਾਲ ਉਨ੍ਹਾਂ ਦੇ ਗਹਿਰੇ ਸਬੰਧਾਂ ਨੂੰ ਦਰਸਾਉਂਦੇ ਸਨ।ਅੰਤ ਵਿੱਚ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਐਸ.ਪੀ ਪਰਸ਼ੋਤਮ ਸਿੰਘ ਬੱਲ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਸਦਾ ਯਾਦ ਰੱਖੀ ਜਾਵੇਗੀ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਭਵਿੱਖ ਵਿੱਚ ਪੁਲਿਸ ਵਿਭਾਗ ਲਈ ਮਾਰਗਦਰਸ਼ਕ ਬਣੀ ਰਹੇਗੀ। ਇਹ ਵਿਦਾਇਗੀ ਸਮਾਗਮ ਸਿਰਫ਼ ਇੱਕ ਅਧਿਕਾਰੀ ਦੀ ਸੇਵਾਮੁਕਤੀ ਨਹੀਂ, ਸਗੋਂ ਇਮਾਨਦਾਰੀ ਅਤੇ ਸਮਰਪਣ ਨੂੰ ਦਿੱਤਾ ਗਿਆ ਸਨਮਾਨ ਸੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.