August 17, 2026

Justice News

ਅਵਾਮ ਦੀ ਆਵਾਜ਼

ਜ਼ਿਲਾ ਪ੍ਰੈਸ ਕਲੱਬ ਮਾਲੇਰਕੋਟਲਾ ਵੱਲੋਂ ਰੋਜ਼ਾ ਅਫ਼ਤਾਰੀ ਸਮਾਗਮ ਆਯੋਜਿਤ=ਹਿੰਦੂ-ਮੁਸਲਿਮ-ਸਿੱਖ ਭਾਈਚਾਰੇ ਦੀ ਸਾਂਝੀ ਹਾਜ਼ਰੀ ਨਾਲ ਗੰਗਾ ਜਮਨੀ ਤਹਿਜ਼ੀਬ ਦਾ ਦਿੱਤਾ ਸੰਦੇਸ਼

ਮਾਲੇਰਕੋਟਲਾ
(ਸ਼ਹਿਬਾਜ਼ ਚੌਧਰੀ)
ਮਾਲੇਰਕੋਟਲਾ ਜ਼ਿਲਾ ਪ੍ਰੈਸ ਕਲੱਬ ਵੱਲੋਂ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਪ੍ਰੈਸ ਕਲੱਬ ਦੇ ਜਿਲ੍ਹਾ ਪ੍ਰਧਾਨ ਸ਼ਹਾਬੂਦੀਨ ਦੀ ਪ੍ਰਧਾਨਗੀ ਹੇਠ ਰੋਜ਼ਾ ਅਫ਼ਤਾਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਦੀਆਂ ਸਮਾਜਿਕ, ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦਾ ਮੁੱਖ ਉਦੇਸ਼ ਆਪਸੀ ਭਾਈਚਾਰੇ, ਸਾਂਝ ਅਤੇ ਧਾਰਮਿਕ ਏਕਤਾ ਨੂੰ ਮਜ਼ਬੂਤ ਕਰਨਾ ਸੀ।ਪ੍ਰੋਗਰਾਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਮੁਸਲਿਮ ਭਾਈਚਾਰੇ ਦੇ ਨਾਲ-ਨਾਲ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਇਲਾਕੇ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ। ਸਮਾਗਮ ਦੌਰਾਨ ਸਭ ਨੇ ਮਿਲ ਬੈਠ ਕੇ ਰੋਜ਼ਾ ਅਫ਼ਤਾਰ ਕੀਤਾ ਅਤੇ ਆਪਸੀ ਪਿਆਰ, ਅਮਨ ਅਤੇ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਮਾਲੇਰਕੋਟਲਾ ਸਦੀਆਂ ਤੋਂ ਭਾਈਚਾਰਕ ਸਦਭਾਵਨਾ ਅਤੇ ਗੰਗਾ ਜਮਨੀ ਤਹਿਜ਼ੀਬ ਲਈ ਜਾਣਿਆ ਜਾਂਦਾ ਹੈ ਅਤੇ ਅਜਿਹੇ ਪ੍ਰੋਗਰਾਮ ਸਮਾਜ ਵਿੱਚ ਭਰਾਵਾਂ ਵਾਲਾ ਮਾਹੌਲ ਮਜ਼ਬੂਤ ਕਰਦੇ ਹਨ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਥਾਨਕ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਮੈਡਮ ਜ਼ਾਹਿਦਾ ਸੁਲੇਮਾਨ, ਕਾਂਗਰਸੀ ਆਗੂ ਕਾਮਰੇਡ ਇਸਮਾਈਲ, ਪਰਵੇਜ਼ ਅਲੀ ਖਾਨ, ਮੁਜ਼ਮਿੱਲ ਖਾਨ ਤੋਂ ਇਲਾਵਾ ਸਾਕਿਬ ਅਲੀ ਰਾਜ਼ਾ ਜ਼ਿਲਾ ਚੇਅਰਮੈਨ ਪਲਾਨਿੰਗ ਬੋਰਡ ਅਤੇ ਨਗਰ ਕੌਂਸਲ ਪ੍ਰਧਾਨ ਨਸਰੀਨ ਅਸ਼ਰਫ ਦੇ ਪਤੀ ਅਸ਼ਰਫ ਅਬਦੁੱਲਾ ਹਾਜ਼ਰ ਰਹੇ। ਉਨ੍ਹਾਂ ਨੇ ਜ਼ਿਲਾ ਪ੍ਰੈਸ ਕਲੱਬ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਪਿਆਰ ਅਤੇ ਭਰੋਸੇ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।ਇਸ ਤੋਂ ਇਲਾਵਾ ਹੋਰ ਭਾਈਚਾਰਿਆਂ ਵਿਚੋਂ ਗਿਆਨੀ ਅਮਰ ਸਿੰਘ ਐਮ.ਡੀ. ਦਸਮੇਸ਼ ਕੰਬਾਈਨਜ਼, ਕੌਂਸਲਰ ਮਹਿੰਦਰ ਸਿੰਘ ਪਰੂਥੀ, ਡਾ. ਕਰਨਵੀਰ, ਡਾ. ਸੰਜੀਵ ਗੋਇਲ, ਬੇਅੰਤ ਕਿੰਗਰ, ਅਮਨ ਥਾਪਰ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਰੋਜ਼ੇ ਦਾ ਮਕਸਦ ਮੁਫ਼ਤੀ ਯੂਸਫ਼ ਕਾਸਮੀ ਨੇ ਕੁਰਆਨ ਅਤੇ ਹਦੀਸ ਦੀ ਰੌਸ਼ਨੀ ਚ ਪੇਸ਼ ਕੀਤਾ।ਅਖੀਰ ਵਿੱਚ ਜ਼ਿਲਾ ਪ੍ਰੈਸ ਕਲੱਬ ਦੇ ਪ੍ਰਧਾਨ ਸ਼ਹਾਬੁਦੀਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਸਾਂਝੇ ਸਮਾਗਮ ਕਰਵਾਉਣ ਦਾ ਸੰਕਲਪ ਪ੍ਰਗਟਾਇਆ ਗਿਆ। ਇਹ ਰੋਜ਼ਾ ਅਫ਼ਤਾਰੀ ਸਮਾਗਮ ਸ਼ਹਿਰ ਵਿੱਚ ਆਪਸੀ ਭਾਈਚਾਰੇ ਅਤੇ ਸਮਾਜਿਕ ਇਕਤਾ ਦਾ ਸੁੰਦਰ ਪ੍ਰਤੀਕ ਬਣਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.