August 17, 2026

Justice News

ਅਵਾਮ ਦੀ ਆਵਾਜ਼

ਜੰਤਰ ਮੰਤਰ ‘ਤੇ ਗੂੰਜਿਆ ਹਰਿਆਣਾ 1984 ਸਿੱਖ ਕਤਲੇਆਮ ਦਾ ਦਰਦ, ਸੰਤ ਬਲਵੀਰ ਸਿੰਘ ਸੀਚੇਵਾਲ ਹੋਏ ਸ਼ਾਮਲ =ਕੇਸ ਮੁੜ ਖੋਲ੍ਹ ਕੇ ਕੇਂਦਰੀ ਏਜੰਸੀ ਹੇਠ ਐਸ.ਆਈ.ਟੀ. ਬਣਾਉਣ ਦੀ ਮੰਗ- ਭਾਈ ਦਰਸ਼ਨ ਸਿੰਘ ਘੋਲੀਆ

ਅੰਮ੍ਰਿਤਸਰ
( ਬਿਊਰੋ  )
ਹਰਿਆਣਾ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦਾ ਦਰਦ ਇੱਕ ਵਾਰ ਫ਼ਿਰ ਦਿੱਲੀ ਦੇ ਜੰਤਰ ਮੰਤਰ ‘ਤੇ ਗੂੰਜਿਆ, ਜਿੱਥੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ (1984 ਹਰਿਆਣਾ) ਦੀ ਅਗਵਾਈ ਹੇਠ ਭਾਈ ਦਰਸ਼ਨ ਸਿੰਘ ਘੋਲੀਆ ਦੀ ਰਹਿਨੁਮਾਈ ਵਿੱਚ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰਾ ਕੀਤਾ ਗਿਆ।        ਇਸ ਰੋਸ ਪ੍ਰਦਰਸ਼ਨ ਵਿੱਚ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਜਿਨ੍ਹਾਂ ਦੀ ਹਾਜ਼ਰੀ ਨੇ ਪੀੜਤ ਪਰਿਵਾਰਾਂ ਨੂੰ ਨਵੀਂ ਹਿੰਮਤ ਅਤੇ ਆਸ ਦਿੱਤੀ।ਇਸ ਧਰਨੇ ਦੌਰਾਨ ਪੀੜਤ ਪਰਿਵਾਰਾਂ ਨੇ “ਸਾਨੂੰ ਇਨਸਾਫ਼ ਦਿਓ” ਅਤੇ “ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ” ਵਰਗੀਆਂ ਤਖ਼ਤੀਆਂ ਫੜ੍ਹ ਕੇ ਕੇਂਦਰ ਸਰਕਾਰ ਅਤੇ ਨਿਆ ਪ੍ਰਣਾਲੀ ਖਿਲਾਫ਼ ਆਪਣਾ ਰੋਸ ਪ੍ਰਗਟਾਇਆ। ਨਾਅਰਿਆਂ ਵਿੱਚ ਪੀੜਤਾਂ ਦਾ ਦਰਦ ਸਾਫ਼ ਝਲਕਦਾ ਸੀ। ਉਨ੍ਹਾਂ ਕਿਹਾ ਕਿ 42 ਸਾਲ ਬੀਤ ਜਾਣ ਦੇ ਬਾਵਜ਼ੂਦ ਵੀ ਉਨ੍ਹਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਿਆ, ਜੋ ਭਾਰਤੀ ਨਿਆ ਪ੍ਰਣਾਲੀ ‘ਤੇ ਇੱਕ ਕਾਲਾ ਧੱਬਾ ਹੈ।
ਭਾਈ ਦਰਸ਼ਨ ਸਿੰਘ ਘੋਲੀਆ ਨੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਸੀ.ਬੀ.ਆਈ. ਦੀ ਨਿਗਰਾਨੀ ਹੇਠ ਇੱਕ ਖ਼ਾਸ ਕੇਂਦਰੀ ਏਜੰਸੀ ਤਹਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰੇ। ਉਨ੍ਹਾਂ ਕਿਹਾ ਕਿ ਹਰਿਆਣਾ ਨਾਲ ਸਬੰਧਿਤ ਸਾਰੇ ਬੰਦ ਪਏ ਕੇਸ ਤੁਰੰਤ ਮੁੜ ਖੋਲ੍ਹੇ ਜਾਣ ਅਤੇ ਦੋਸ਼ੀਆਂ ਖਿਲਾਫ਼ ਮੁਕੱਦਮੇਂ ਦਰਜ਼ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।
ਉਨ੍ਹਾਂ ਟੀ.ਪੀ. ਗਰਗ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਅਤੇ ਉਸ ਵਿੱਚ ਨਾਮਜ਼ਦ ਉੱਚ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਉਠਾਈ। ਇਸ ਦੇ ਨਾਲ ਹੀ ਚਸ਼ਮਦੀਦ ਗਵਾਹਾਂ ਨੂੰ ਅਸਲਾ ਲਾਇਸੰਸ ਅਤੇ ਗੰਨਮੈਨ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ ਗਈ, ਕਿਉਂਕਿ ਕਈ ਗਵਾਹ ਅਜੇ ਵੀ ਡਰ ਅਤੇ ਦਬਾਅ ਹੇਠ ਜੀਵਨ ਬਿਤਾ ਰਹੇ ਹਨ।
ਇਸ ਧਰਨੇ ਦੌਰਾਨ ਚਸ਼ਮਦੀਦ ਗਵਾਹਾਂ — ਰਾਮ ਸਿੰਘ (ਗੁੜਗਾਂਵ), ਗੁਰਜੀਤ ਸਿੰਘ (ਪਟੌਦੀ), ਗੁੱਡੀ ਦੇਵੀ (ਹਨੁਮਾਨਗੜ੍ਹ), ਗੁਰਦੀਪ ਸਿੰਘ (ਕੁਰੂਕਸ਼ੇਤਰ) ਅਤੇ ਸੁਰਜੀਤ ਕੌਰ (ਰੇਵਾੜੀ) — ਨੇ ਅੱਖੀਂ ਵੇਖੇ ਕਤਲੇਆਮ ਦੀਆਂ ਦਰਦਨਾਕ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਕਈ ਕਮਿਸ਼ਨਾਂ ਦੀਆਂ ਰਿਪੋਰਟਾਂ ਅਤੇ ਫ਼ਾਇਲਾਂ ਸਾਲਾਂ ਤੱਕ ਧੂੜ ਖਾਂਦੀਆਂ ਰਹੀਆਂ, ਜਿਸ ਕਾਰਨ ਇਨਸਾਫ਼ ਵਿੱਚ ਬੇਹੱਦ ਦੇਰੀ ਹੋਈ।
     ਭਾਈ ਘੋਲੀਆ ਨੇ ਕਿਹਾ ਕਿ 2006 ਵਿੱਚ ਸੰਸਦ ਵਿੱਚ ਐਲਾਨਿਆ ਗਿਆ 1984 ਪੀੜਤਾਂ ਲਈ ਰਾਹਤ ਪੈਕੇਜ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆਂ ਕਿ ਲਗਭਗ 20 ਸਾਲ ਪਹਿਲਾਂ ਦਿੱਤਾ ਗਿਆ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਮੌਜ਼ੂਦਾ ਮਹਿੰਗਾਈ ਦੇ ਮੱਦੇਨਜ਼ਰ ਨਾਕਾਫ਼ੀ ਹੈ, ਇਸ ਲਈ ਹਰ ਪੀੜਤ ਪਰਿਵਾਰ ਨੂੰ ਘੱਟੋ-ਘੱਟ ਇੱਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਨੇ ਕਿਹਾ ਕਿ ਪੀੜਤ ਪਰਿਵਾਰ ਇਨਸਾਫ਼ ਦੀ ਉਡੀਕ ਕਰਦੇ ਕਰਦੇ ਥੱਕ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਨਿਆ ਮਿਲਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਪੀੜਤਾਂ ਦੇ ਵਫ਼ਦ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਮਜ਼ਬੂਤੀ ਨਾਲ ਰੱਖਣਗੇ।
ਅੰਤ ਵਿੱਚ ਭਾਈ ਦਰਸ਼ਨ ਸਿੰਘ ਘੋਲੀਆ ਨੇ ਐਲਾਨ ਕੀਤਾ ਕਿ ਜਦ ਤੱਕ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਹਰ ਸੰਸਦੀ ਸੈਸ਼ਨ ਦੌਰਾਨ ਉਹ ਆਪਣੀ ਅਵਾਜ਼ ਬੁਲੰਦ ਕਰਦੇ ਰਹਿਣਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.