ਲੁਧਿਆਣਾ
( ਜਸਟਿਸ ਨਿਊਜ਼ )
- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਜੀਐਸਟੀ ਟਰੱਕ ਪਰਮਿਟ, ਕੋਕਾ ਕੋਲਾ,ਏਵਨ ਸਾਈਕਲ, 38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 13 14 ਅਤੇ 15 ਫਰਵਰੀ 2026 ਨੂੰ ਕਰਵਾਈਆਂ ਜਾ ਰਹੀਆਂ ਹਨ।
ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਇਕ ਪ੍ਰੈਸ ਮਿਲਣੀ ਦੌਰਾਨ ਜਰਖੜ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਖੇਡਾਂ ਦਾ ਉਦਘਾਟਨੀ ਸਮਾਗਮ ਬੇਹੱਦ ਲਾਜਵਾਬ ਹੋਵੇਗਾ। ਉਦਘਾਟਨੀ ਸਮਾਰੋਹ 11 ਵਜੇ ਸ਼ੁਰੂ ਹੋਵੇਗਾ।ਇਸ ਵਿੱਚ ਜਿੱਥੇ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਦਾ ਮਾਰਚ ਪਾਸਟ ਖਿੱਚ ਦਾ ਕੇਂਦਰ ਬਣੇਗਾ ਉਥੇ ਵੱਖ ਵੱਖ ਸਕੂਲਾਂ ਦੀ ਸੱਭਿਆਚਾਰ ਵੰਨਗੀਆ ਵੀ ਖੇਡ ਮਹੌਲ ਨੂੰ ਹੋਰ ਸੁਹਾਵਣਾ ਬਣਾਉਣਗੀਆ । ਇਸ ਮੌਕੇ ਜਰਖੜ ਖੇਡਾਂ ਦੀ ਉਲੰਪਿਕ ਖੇਡ ਮਿਸ਼ਾਲ ਜੰਨਤ ਏ ਜਰਖੜ ਮਿਊਜੀਅਮ ਦੇ ਲਾਹੌਰ ( ਪਾਕਿਸਤਾਨ ਵਾਲਾ ਲਾਹੌਰ ਨਹੀਂ) ਤੋਂ ਚੱਲੇਗੀ ਅਤੇ ਖਿਡਾਰੀਆਂ ਦੇ ਕਾਫਲੇ ਦੇ ਰੂਪ ਵਿੱਚ ਜਰਖੜ ਖੇਡ ਸਟੇਡੀਅਮ ਵਿਖੇ ਪੁੱਜੇਗੀ ਜਿੱਥੇ ਕੌਮੀ ਅਤੇ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਖੇਡ ਮਿਸ਼ਾਲ ਨੂੰ ਜਗਾਉਣਗੇ , ਅਤੇ ਖੇਡਾਂ ਸ਼ੂਰੂ ਕਰਨ ਦਾ ਐਲਾਨ ਹੋਵੇਗਾ। ਖੇਡਾਂ ਦਾ ਉਦਘਾਟਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਕਰਨਗੇ ਜਦਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ।
7 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ
——————————
ਇਸ ਵਰ੍ਹੇ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਉੱਤੇ 15 ਫਰਵਰੀ ਨੂੰ ਦੁਪਹਿਰ 1 ਵਜੇ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਖੇਡ ਸਮਰਥਕ ਅਧਿਕਾਰੀ ਸ੍ਰੀ ਚੰਦਰਸ਼ੇਖਰ ਨੂੰ ” ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ” ਨਾਲ, ਪਦਮ ਸ੍ਰੀ ਬਲਦੇਵ ਸਿੰਘ ਨੂੰ ਭਗਤ ਪੂਰਨ ਸਿੰਘ ਐਵਾਰਡ” ਨਾਲ , ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ”ਪੰਜਾਬ ਦਾ ਮਾਣ ਐਵਾਰਡ” ਸ਼੍ਰੀਮਤੀ ਸਿਮਰਨਜੀਤ ਕੌਰ ਗਿੱਲ ਪ੍ਰੋ ਵਾਈਸ ਚਾਂਸਲਰ ਸੀ ਟੀ ਯੂਨੀਵਰਸਿਟੀ ਲੁਧਿਆਣਾ ਨੂੰ “ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ” ਨਾਲ,ਪੱਤਰਕਾਰ ਦਵਿੰਦਰਪਾਲ ਸਿੰਘ ਚੰਡੀਗੜ੍ਹ ਨੂੰ “ਪੰਜਾਬ ਦੀ ਪੱਤਰਕਾਰੀ ਦਾ ਮਾਣ ਐਵਾਰਡ” ਦੇ ਨਾਲ, ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋ ਨੂੰ “ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ ” ਨਾਲ, ਵੇਟਰਨਜ਼ ਹਾਕੀ ਖਿਡਾਰੀ ਕਰਮਜੀਤ ਸਿੰਘ ਕਾਲ਼ਾ ਗਰੇਵਾਲ ਯੂ ਐਸ ਏ ਨੂੰ ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਦੇ ਨਾਲ ਸਨਮਾਨਿਆ ਜਾਵੇਗਾ।
ਹਾਕੀ ,ਕਬੱਡੀ ,ਫੁਟਬਾਲ ਅਤੇ ਰੱਸਾਕਸ਼ੀ ਦੇ ਹੋਣਗੇ ਮੁਕਾਬਲੇ
——————————
ਇਹਨਾਂ ਖੇਡਾਂ ਵਿੱਚ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਗੋਲਡ ਕੱਪ ਅਤੇ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਖੇਡਾਂ ਦਾ ਮੁੱਖ ਆਕਰਸ਼ਨ ਹੋਵੇਗਾ। ਉਹਨਾਂ ਦੱਸਿਆ ਹਾਕੀ ਲੜਕੇ ਤੇ ਲੜਕੀਆਂ ਸੀਨੀਅਰ ਵਰਗ, ਹਾਕੀ ਅੰਡਰ 15ਸਾਲ ਮੁੰਡੇ, ਕਬੱਡੀ ਓਪਨ ਲੁਧਿਆਣਾ ਮਲੇਰਕੋਟਲਾ ਕਬੱਡੀ ਲੀਗ ਦੇ ਮੁਕਾਬਲੇ, ਕਬੱਡੀ ਬਜ਼ੁਰਗਾਂ ਦੀ 50 ਸਾਲ ਧਰਮ ਸਿੰਘ ਜਰਖੜ ਕਬੱਡੀ ਕੱਪ, ਅਮਰਜੀਤ ਗਰੇਵਾਲ ਦੀ ਯਾਦ ਵਿੱਚ ਫੁੱਟਬਾਲ 60 ਕਿਲੋ ਮੁੰਡੇ, ਅਤੇ ਅੰਡਰ 19 ਸਾਲ ਕੁੜੀਆਂ ਦੇ ਮੁਕਾਬਲੇ, ਬਾਬਾ ਸੁਰਜਨ ਸਿੰਘ ਸਰੀਂਹ ਦੀ ਯਾਦ ਵਿੱਚ ਰੱਸਾਕਸ਼ੀ ਸੀਨੀਅਰ ਵਰਗ ਦੇ ਮੁਕਾਬਲੇ, ਇਸਤੋਂ ਇਲਾਵਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਵੱਖ ਵੱਖ ਖੇਡਾਂ, ਰੱਸਾਕਸ਼ੀ, ਦੌੜਾਂ, ਕਬੱਡੀ ਪ੍ਰਾਇਮਰੀ ਸਕੂਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਖਿਡਾਰੀਆ ਅਤੇ ਪਬਲਿਕ ਵਾਸਤੇ ਗੁਰੂ ਦਾ ਲੰਗਰ, ਜੂਸ ਦਾ ਵਿਸ਼ੇਸ਼ ਪ੍ਰਬੰਧ
——————————
ਖਿਡਾਰੀਆਂ ਅਤੇ ਆਮ ਪਬਲਿਕ ਵਾਸਤੇ ਲੰਗਰ ਦੀ ਸੇਵਾ ਗੁਰਦੁਆਰਾ ਮਾਤਾ ਸਾਹਿਬ ਕੌਰ ਮੰਜੀ ਸਾਹਿਬ ਜਰਖੜ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਾਵਰ ਕੰਪਨੀ ਅਤੇ ਕੋਕਾ ਕੋਲਾ ਵੱਲੋਂ ਖਿਡਾਰੀਆਂ ਵਾਸਤੇ ਵਧੀਆ ਜੂਸ ਅਤੇ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ।
ਸਤਵਿੰਦਰ ਬਿੱਟੀ ਅਤੇ ਹੋਰ ਕਲਾਕਾਰਾਂ ਦਾ ਅਖਾੜਾ
——————————
ਫਾਈਨਲ ਸਮਾਰੋਹ ਤੇ 15 ਫ਼ਰਵਰੀ ਨੂੰ ਦੁਪਹਿਰ 2 ਵਜੇ ਨਾਮੀ ਲੋਕ ਗਾਇਕਾ ਸਤਵਿੰਦਰ ਬਿੱਟੀ, ਜਸਵੰਤ ਸੰਦੀਲਾ,ਨੀਤੂ ਵਿਰਕ, ਗੁਰਜਾਨ ਆਦਿ ਹੋਰ ਗਾਇਕਾਂ ਦਾ ਖੁੱਲਾ ਅਖਾੜਾ ਵੀ ਲੱਗੇਗਾ। ਡਰੈਗਨ ਅਕੈਡਮੀ ਲੁਧਿਆਣਾ ਵੱਲੋਂ ਸਭਿਆਚਾਰਕ ਗੀਤਾ ਉੱਤੇ ਕੋਰੀਓਗਰਾਫੀ ਅਤੇ ਡਾਂਸ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
ਜੇਤੂ ਖਿਡਾਰੀਆਂ ਨੂੰ ਮਿਲਣਗੇ 70 ਸਾਈਕਲ ਅਤੇ ਵੱਡੀ ਇਨਾਮੀ ਰਾਸ਼ੀ
——————————
ਜਰਖੜ ਖੇਡਾਂ ਦੇ ਜੇਤੂ ਖਿਡਾਰੀ ਨੂੰ ਜਿੱਥੇ ਏਵਨ ਸਾਈਕਲ ਵੱਲੋਂ 50 ਸਾਈਕਲ ਦਿੱਤੇ ਜਾਣਗੇ ਉਥੇ ਹਾਕੀ ਦੇ ਜੇਤੂ ਖਿਡਾਰੀਆਂ ਨੂੰ ਵੀ ਵਿਸ਼ਾਲ ਸਾਈਕਲ 20 ਸਾਈਕਲ ਇਨਾਮ ਵਜੋਂ ਦੇਵੇਗਾ। ਇਸ ਤੋਂ ਇਲਾਵਾ ਵੱਡੇ ਪੱਧਰ ਤੇ ਇਨਾਮੀ ਰਾਸ਼ੀ ਵੀ ਮਿਲੇਗੀ । ਕਬੱਡੀ ਖਿਡਾਰੀਆਂ ਨੂੰ ਢਾਈ ਲੱਖ ਰੁਪਏ ਤੇ ਫੁੱਟਬਾਲ ਵਿਚ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ।
ਕੁੱਲ ਮਿਲਾ ਕੇ ਜਰਖੜ ਖੇਡਾਂ ਇਸ ਵਰ੍ਹੇ ਨਸ਼ਾ ਰਹਿਤ ਸਮਾਜ ਦੇ ਇਤਿਹਾਸ ਦਾ ਇਕ ਨਵਾਂ ਪੰਨਾ ਸਿਰਜਣਗੀਆਂ ਅਤੇ ਖਿਡਾਰੀਆਂ ਨੂੰ ਇੱਕ ਨਵੀਂ ਸੇਧ ਦੇ ਕੇ ਸਮਾਪਤ ਹੋਣਗੀਆਂ।
ਅੱਜ ਦੀ ਮੀਟਿੰਗ ਦੌਰਾਨ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਤੋਂ ਇਲਾਵਾ ਅਮਰੀਕ ਸਿੰਘ ਮਿਨਹਾਸ ਸਾਬਕਾ ਏਆਈਜੀ ਪੰਜਾਬ ਪੁਲਿਸ ,ਸਰਪੰਚ ਸੰਦੀਪ ਸਿੰਘ ਜਰਖੜ , ਸੁਖਵਿੰਦਰ ਸਿੰਘ ਚੈਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ,ਤਜਿੰਦਰ ਸਿੰਘ ਜਰਖੜ ,ਪਰਮਜੀਤ ਸਿੰਘ ਪੰਮਾ ਗਰੇਵਾਲ ,ਅੰਤਰਰਾਸ਼ਟਰੀ ਹਾਕੀ ਖਿਡਾਰੀ ਬਲਵੰਤ ਸਿੰਘ ਬੁੱਢੇਵਾਲ , ਛਿੰਦਾ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਜਗਰੂਪ ਸਿੰਘ ਜਰਖੜ
98143-00722
Leave a Reply