August 17, 2026

Justice News

ਅਵਾਮ ਦੀ ਆਵਾਜ਼

ਅਗਾਂਹਵਧੂ ਕਿਸਾਨ ਜਸਵੀਰ ਸਿੰਘ ਹੋਰਨਾਂ ਕਿਸਾਨਾਂ ਲਈ ਬਣਿਆ ਚਾਨਣ ਮੁਨਾਰਾ= ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਕਾਮਯਾਬੀ ਕੀਤੀ ਹਾਸਲ

ਲੁਧਿਆਣਾ

( ਜਸਟਿਸ ਨਿਊਜ਼   )

ਲੁਧਿਆਣਾ ਜ਼ਿਲ੍ਹੇ ਅਧੀਨ ਪਿੰਡ ਕਰੌਦੀਆਂ ਦੇ ਅਗਾਂਹਵਧੂ ਕਿਸਾਨ ਜਸਵੀਰ ਸਿੰਘ, ਮੱਛੀ ਪਾਲਣ ਨੂੰ ਸਹਾਇਕ ਧੰਦੇ ਵੱਜੋਂ ਅਪਣਾ ਕੇ ਹੋਰਨਾਂ ਕਿਸਾਨਾਂ ਲਈ  ਚਾਨਣ ਮੁਨਾਰਾ ਬਣਿਆ ਹੈ।ਕੁਝ ਨਵਾਂ ਕਰਨ ਦੀ ਸੋਚ ਰੱਖਣ ਵਾਲੇ, ਸ. ਜੋਧ ਸਿੰਘ ਦੇ ਸਪੁੱਤਰ ਕਿਸਾਨ ਜਸਵੀਰ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਰਵਾਇਤੀ ਖੇਤੀ ਦੇ ਨਾਲ ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਉਸਨੇ ਮੱਛੀ ਪਾਲਣ ਵਿਭਾਗ, ਲੁਧਿਆਣਾ ਨਾਲ ਸੰਪਰਕ ਕੀਤਾ।  ਮੱਛੀ ਪਾਲਣ ਵਿਭਾਗ ਦੀ ਸੇਧ ਨਾਲ ਕਿਸਾਨ ਜਸਵੀਰ ਸਿੰਘ ਨੇ 5 ਰੋਜਾ ਟ੍ਰੇਨਿੰਗ ਲਈ ਜਿਸ ਵਿੱਚ ਮੱਛੀ ਕਾਸ਼ਤ ਕਰਨ ਤੋਂ ਲੈ ਕੇ ਮੱਛੀ ਦਾ ਮੰਡੀਕਰਨ ਕਰਨ ਦੀ ਸਿਖਲਾਈ ਪ੍ਰਾਪਤ ਕੀਤੀ। ਸਾਲ 1999 ਵਿੱਚ ਉਸਨੇ 3 ਏਕੜ ਜਮੀਨ ਠੇਕੇ ’ਤੇ ਲੈ ਕੇ ਮੱਛੀ ਪਾਲਣ ਕਿੱਤੇ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਸ ਨੂੰ ਮੁਨਾਫਾ ਹੋਇਆ। ਉਪਰੰਤ ਸਾਲ 2002 ਤੋਂ ਅਗਾਂਹਵਧੂ ਕਿਸਾਨ ਨੇ ਆਪਣੀ 6 ਏਕੜ ਜਮੀਨ ਵਿੱਚ ਮੱਛੀ ਪਾਲਣ ਦਾ ਕੰਮ ਵਿਗਿਆਨਿਕ ਢੰਗ ਨਾਲ ਸ਼ੁਰੂ ਕੀਤਾ।ਸਫਲ ਕਿਸਾਨ ਨੇ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਉਸ ਲਈ ਇੰਨਾ ਪ੍ਰਫੁਲਿੱਤ ਹੋਇਆ ਕਿ ਉਹ ਅੱਜ ਆਪਣੀ 27 ਏਕੜ ਵਿੱਚ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈ ਜਿੱਥੋਂ ਸਲਾਨਾ 20-25 ਕੁਇੰਟਲ/ਏਕੜ ਤੋਂ ਵੱਧ ਦਾ ਝਾੜ ਲੈ ਰਿਹਾ ਹੈ।  ਜਸਵੀਰ ਸਿੰਘ ਨੂੰ ਕੇਵਲ ਮੱਛੀ ਪਾਲਣ ਨਾਲ ਸਲਾਨਾ 1.5-2.0 ਲੱਖ/ਏਕੜ ਦੀ ਆਮਦਨ ਹੋ ਰਹੀ ਹੈ। ਮੱਛੀ ਪਾਲਣ ਵਿਭਾਗ ਵੱਲੋ ਕਾਸ਼ਤਕਾਰ ਜਸਵੀਰ ਸਿੰਘ ਨੂੰ ਆਰ.ਕੇ.ਵੀ.ਵਾਈ. ਸਕੀਮ ਅਧੀਨ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ।ਕਿਸਾਨ ਨੇ ਦੱਸਿਆ ਕਿ ਮੱਛੀ ਪਾਲਣ ਲਈ ਬਣਾਏ ਤਲਾਅ ਦੇ ਬੰਨ੍ਹਾਂ ’ਤੇ ਉਸਨੇ ਸਬਜੀਆਂ ਤੇ ਵਪਾਰਿਕ ਦਰੱਖਤਾਂ ਦੀ ਕਾਸ਼ਤ ਵੀ ਕੀਤੀ ਜੋ ਉਸਦੀ ਦੀ ਸਲਾਨਾ ਆਮਦਨ ਵਧਾਉਣ ਵਿੱਚ ਸਹਾਈ ਸਿੱਧ ਹੋਈ।

ਉਸਨੇ ਦੱਸਿਆ ਕਿ ਹਮੇਸ਼ਾ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਵਿੱਚ ਰਹਿੰਦਿਆਂ ਵਿਭਾਗ ਦੀ ਸਲਾਹ ਅਨੁਸਾਰ ਹੋਲਸੇਲ ਮੱਛੀ ਮਾਰਕੀਟ, ਤਾਜਪੁਰ ਰੋਡ, ਲੁਧਿਆਣਾ ਵਿਖੇ ਸਾਲ 2016 ਵਿੱਚ “ਔਜਲਾ ਫਿਸ਼ ਕੰਪਨੀ” ਨਾਮਕ ਕੰਪਨੀ ਦੀ ਸ਼ੁਰੂਆਤ ਕੀਤੀ ਜਿੱਥੇ ਆਪਣੇ ਫਾਰਮ ਦੀਆਂ ਮੱਛੀਆਂ ਦੀ ਮਾਰਕੀਟਿੰਗ ਆਪਣੇ ਪੱਧਰ ’ਤੇ ਕੀਤੀ ਜਾਂਦੀ ਹੈ ਅਤੇ ਮੱਛੀਆਂ ਨਾਲ ਸਬੰਧਤ ਦਵਾਈਆਂ ਵੀ ਵੇਚੀਆਂ ਜਾਂਦੀਆਂ ਹਨ।ਆਪਣੀ ਕਮਾਈ ਵਿੱਚ ਹੋਰ ਵਾਧਾ ਕਰਨ ਲਈ ਕਿਸਾਨ ਜਸਵੀਰ ਸਿੰਘ ਨੇ ਮੱਛੀ ਦੀ ਪ੍ਰੋਸੈਸਿੰਗ  ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਹੁਣ ਉਨ੍ਹਾਂ ਵੱਲੋ ਪੰਜਾਬ/ਭਾਰਤ ਸਰਕਾਰ ਵੱਲੋਂ ਲਗਾਏ ਜਾਂਦੇ ਮੇਲਿਆਂ/ਪ੍ਰਰਦਸ਼ਨੀਆਂ ਵਿੱਚ ਮੱਛੀ ਦੇ ਵੱਖ-ਵੱਖ ਪ੍ਰੋਡਕਟ ਵੇਚੇ ਜਾਂਦੇ ਹਨ ਜਿਨ੍ਹਾਂ ਵਿੱਚ ਫਿਸ਼ ਬਾਲਜ, ਆਚਾਰ, ਫਿਸ਼ ਕਟਲੇਟ, ਫਿਸ਼ ਸੂਪ, ਫਿਸ਼ ਫਿੰਗਰਜ  ਸ਼ਾਮਲ ਹਨ ਜੋ ਕਿ ਲੋਕਾਂ ਵੱਲੋ ਬਹੁਤ ਪਸੰਦ ਕੀਤੇ ਜਾ ਰਹੇ ਹਨ।  ਇਸ ਨਾਲ ਮੱਛੀ ਕਾਸ਼ਤਕਾਰ ਦੀ ਆਮਦਨ ਵਿੱਚ ਚੌਗੁਣਾ ਵਾਧਾ ਹੋਇਆ ਹੈ।ਸ਼ਾਲ 2016 ਵਿੱਚ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ,  ਲੁਧਿਆਣਾ ਵਿਖੇ ਮੱਛੀ ਮੇਲਾ ਕਰਵਾਇਆ ਗਿਆ ਜਿੱਥੇ ਹੋਣਹਾਰ ਕਿਸਾਨ ਜਸਵੀਰ ਸਿੰਘ ਨੂੰ ਪ੍ਰਾਈਵੇਟ ਸੈਕਟਰ ਵਿੱਚ ਵਧੀਆ ਪ੍ਰੋਡਕਸ਼ਨ ਲਈ ਸਨਮਾਨਿਤ ਕੀਤਾ ਗਿਆ।  ਸਾਲ 2016 ਦੌਰਾਨ ਪੰਜਾਬ ਸਰਕਾਰ ਵੱਲੋਂ ਉਂਨ੍ਹਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.