August 17, 2026

Justice News

ਅਵਾਮ ਦੀ ਆਵਾਜ਼

ਪਹਿਲਾਂ ਹੀ ਭਰਤੀ ਹੋਏ ਅਧਿਆਪਕਾਂ ਦੀ ਪ੍ਰਮੋਸ਼ਨ ਵਿੱਚ ਟੈੱਟ ਦੀ ਸ਼ਰਤ ਲਗਾਉਣ ਨਾਲ ਵਧਿਆ ਵਿਵਾਦ

ਪੰਜਾਬ ਦੇ ਸਿੱਖਿਆ ਖੇਤਰ ਵਿੱਚ ਅਧਿਆਪਕਾਂ ਨਾਲ ਸੰਬੰਧਿਤ ਮਸਲੇ ਮੁੜ ਚਰਚਾ ਦਾ ਕੇਂਦਰ ਬਣੇ ਹੋਏ ਹਨ। ਪਹਿਲਾਂ ਹੀ ਭਰਤੀ ਹੋਏ ਅਧਿਆਪਕਾਂ ਦੀ ਪ੍ਰਮੋਸ਼ਨ ਲਈ ਟੀਚਰ ਇਲੀਜੀਬਿਲਟੀ ਟੈਸਟ (ਟੈੱਟ) ਪਾਸ ਕਰਨ ਦੀ ਸ਼ਰਤ ਲਗਾਉਣ ਕਾਰਨ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ। ਸਿੱਖਿਆ ਖੇਤਰ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਅਧਿਆਪਕਾਂ ਦੀ ਸੇਵਾ ਅਤੇ ਤਜਰਬੇ ਨੂੰ ਨਜ਼ਰਅੰਦਾਜ਼ ਕਰਨ ਵਾਲਾ ਹੈ ਅਤੇ ਇਸ ਨਾਲ ਸਿੱਖਿਆ ਪ੍ਰਣਾਲੀ ‘ਤੇ ਵੀ ਪ੍ਰਭਾਵ ਪੈ ਸਕਦਾ ਹੈ।
ਪੰਜਾਬ ਵਿੱਚ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਨੂੰ ਹੁਣ ਪ੍ਰਮੋਸ਼ਨ ਲਈ ਟੈੱਟ ਪਾਸ ਕਰਨ ਦੀ ਲਾਜ਼ਮੀ ਸ਼ਰਤ ਲਗਾਉਣ ਨੂੰ ਕਈ ਵਰਗਾਂ ਵੱਲੋਂ ਗੰਭੀਰ ਮਾਮਲਾ ਮੰਨਿਆ ਜਾ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਭਰਤੀ ਹੋਏ ਸਨ, ਉਸ ਸਮੇਂ ਭਰਤੀ ਨਿਯਮਾਂ ਵਿੱਚ ਟੈੱਟ ਦੀ ਕੋਈ ਸ਼ਰਤ ਨਹੀਂ ਸੀ। ਉਸ ਵੇਲੇ ਲਾਗੂ ਨਿਯਮਾਂ ਅਨੁਸਾਰ ਉਨ੍ਹਾਂ ਨੇ ਸਾਰੀਆਂ ਯੋਗਤਾਵਾਂ ਪੂਰੀਆਂ ਕਰਕੇ ਨੌਕਰੀ ਹਾਸਲ ਕੀਤੀ ਸੀ। ਹੁਣ ਨਵੀਆਂ ਸ਼ਰਤਾਂ ਲਾਗੂ ਕਰਨ ਨਾਲ ਅਧਿਆਪਕਾਂ ਵਿੱਚ ਅਸੰਤੋਸ਼ ਪੈਦਾ ਹੋ ਰਿਹਾ ਹੈ।
ਅਧਿਆਪਕਾਂ ਦਾ ਮੰਨਣਾ ਹੈ ਕਿ ਉਹ ਕਈ ਸਾਲਾਂ ਤੋਂ ਸਿੱਖਿਆ ਖੇਤਰ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਕਈ ਅਧਿਆਪਕਾਂ ਕੋਲ ਦਹਾਕੇ ਤੋਂ ਵੱਧ ਦਾ ਅਨੁਭਵ ਹੈ ਅਤੇ ਉਹ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਤਰ੍ਹਾਂ ਦੇ ਤਜਰਬੇਕਾਰ ਅਧਿਆਪਕਾਂ ਲਈ ਨਵੀਆਂ ਪ੍ਰੀਖਿਆਵਾਂ ਦੀ ਸ਼ਰਤ ਲਗਾਉਣ ਨਾਲ ਉਨ੍ਹਾਂ ਦੇ ਮਨੋਬਲ ‘ਤੇ ਅਸਰ ਪੈ ਸਕਦਾ ਹੈ।
ਖਾਸ ਕਰਕੇ ਹਿੰਦੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਇਹ ਮਸਲਾ ਹੋਰ ਵੀ ਗੰਭੀਰ ਬਣ ਰਿਹਾ ਹੈ। ਟੈੱਟ ਟੈਸਟ ਦੇ ਸਿਲੇਬਸ ਵਿੱਚ ਪੰਜਾਬੀ, ਅੰਗਰੇਜ਼ੀ, ਪੇਡਾਗੋਜੀ, ਸਮਾਜਿਕ ਸਿੱਖਿਆ ਅਤੇ ਸਾਇੰਸ ਵਰਗੇ ਵਿਸ਼ੇ ਸ਼ਾਮਿਲ ਕੀਤੇ ਗਏ ਹਨ, ਜੋ ਕਿ ਹਿੰਦੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਵਿਸ਼ੇ ਨਾਲ ਸਿੱਧਾ ਸੰਬੰਧ ਨਹੀਂ ਰੱਖਦੇ। ਜਿਹੜੇ ਅਧਿਆਪਕ ਪਿਛਲੇ 15 ਸਾਲਾਂ ਤੋਂ ਲਗਾਤਾਰ ਹਿੰਦੀ ਵਿਸ਼ਾ ਪੜ੍ਹਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਉਹਨਾਂ ਨੇ ਇਹੀ ਵਿਸ਼ਾ ਪੜ੍ਹਾਉਣਾ ਹੈ, ਉਨ੍ਹਾਂ ਦੀ ਯੋਗਤਾ ਨੂੰ ਇਸ ਤਰ੍ਹਾਂ ਦੇ ਸਿਲੇਬਸ ਵਾਲੇ ਟੈਸਟ ਰਾਹੀਂ ਪਰਖਣਾ ਬਹੁਤ ਸਾਰੇ ਲੋਕਾਂ ਵੱਲੋਂ ਬੇਬੁਨਿਆਦ ਅਤੇ ਗੈਰ-ਤਾਰਕਿਕ ਮੰਨਿਆ ਜਾ ਰਿਹਾ ਹੈ। ਅਧਿਆਪਕਾਂ ਦਾ ਮੰਨਣਾ ਹੈ ਕਿ ਵਿਸ਼ੇ-ਵਿਸ਼ੇਸ਼ ਅਨੁਭਵ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਹੀ ਯੋਗਤਾ ਦੀ ਅਸਲੀ ਪਰਖ ਹੁੰਦੀ ਹੈ।
ਸਿੱਖਿਆ ਵਿਭਾਗ ਵਿੱਚ ਪ੍ਰਮੋਸ਼ਨ ਆਮ ਤੌਰ ‘ਤੇ ਸੇਵਾ ਅਧਾਰਿਤ ਪ੍ਰਕਿਰਿਆ ਮੰਨੀ ਜਾਂਦੀ ਹੈ। ਅਧਿਆਪਕਾਂ ਦੀ ਲੰਬੀ ਸੇਵਾ, ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਸਿੱਖਿਆ ਪ੍ਰਤੀ ਸਮਰਪਣ ਨੂੰ ਪ੍ਰਮੋਸ਼ਨ ਵਿੱਚ ਮਹੱਤਵਪੂਰਨ ਮਾਪਦੰਡ ਮੰਨਿਆ ਜਾਂਦਾ ਹੈ। ਇਸ ਸੰਦਰਭ ਵਿੱਚ ਟੈੱਟ ਦੀ ਸ਼ਰਤ ਲਗਾਉਣ ਨੂੰ ਕਈ ਲੋਕਾਂ ਵੱਲੋਂ ਗੈਰ-ਜ਼ਰੂਰੀ ਅਤੇ ਅਨੁਚਿਤ ਕਰਾਰ ਦਿੱਤਾ ਜਾ ਰਿਹਾ ਹੈ।
ਇਸ ਮਾਮਲੇ ਨੇ ਅਧਿਆਪਕਾਂ ਵਿੱਚ ਮਾਨਸਿਕ ਦਬਾਅ ਵੀ ਵਧਾਇਆ ਹੈ। ਅਧਿਆਪਕ ਪਹਿਲਾਂ ਹੀ ਪੜ੍ਹਾਈ ਦੇ ਨਾਲ-ਨਾਲ ਕਈ ਹੋਰ ਸਰਕਾਰੀ ਅਤੇ ਪ੍ਰਸ਼ਾਸਕੀ ਡਿਊਟੀਆਂ ਨਿਭਾਉਂਦੇ ਹਨ, ਜਿਵੇਂ ਚੋਣ ਡਿਊਟੀਆਂ, ਸਰਵੇ ਅਤੇ ਹੋਰ ਸਮਾਜਿਕ ਮੁਹਿੰਮਾਂ ਵਿੱਚ ਭਾਗ ਲੈਣਾ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਨਵੀਆਂ ਪ੍ਰੀਖਿਆਵਾਂ ਦੀ ਸ਼ਰਤ ਲਗਾਉਣਾ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਸਕਦਾ ਹੈ।
ਕਈ ਅਧਿਆਪਕਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਇਹ ਸ਼ਰਤ ਲਾਗੂ ਰਹਿੰਦੀ ਹੈ ਤਾਂ ਉਨ੍ਹਾਂ ਦੀ ਪ੍ਰਮੋਸ਼ਨ ਵਿੱਚ ਦੇਰੀ ਹੋ ਸਕਦੀ ਹੈ। ਇਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ‘ਤੇ ਵੀ ਪ੍ਰਭਾਵ ਪੈ ਸਕਦਾ ਹੈ ਅਤੇ ਕਰੀਅਰ ਵਿੱਚ ਤਰੱਕੀ ਰੁਕ ਸਕਦੀ ਹੈ। ਅਧਿਆਪਕਾਂ ਦਾ ਮੰਨਣਾ ਹੈ ਕਿ ਉਹ ਆਪਣੀ ਸੇਵਾ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਨਵੀਆਂ ਸ਼ਰਤਾਂ ਨਾਲ ਪਰੇਸ਼ਾਨ ਕਰਨਾ ਠੀਕ ਨਹੀਂ ਹੈ।
ਸਿੱਖਿਆ ਵਿਦਵਾਨਾਂ ਦੇ ਅਨੁਸਾਰ, ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਲਈ ਅਧਿਆਪਕਾਂ ਦੀ ਸੰਤੁਸ਼ਟੀ ਅਤੇ ਮਨੋਬਲ ਬਹੁਤ ਜ਼ਰੂਰੀ ਹੈ। ਜੇਕਰ ਅਧਿਆਪਕਾਂ ‘ਤੇ ਬੇਵਜ੍ਹਾ  ਦਬਾਅ ਬਣਾਇਆ ਜਾਵੇਗਾ ਤਾਂ ਇਸ ਦਾ ਸਿੱਧਾ ਪ੍ਰਭਾਵ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਪਵੇਗਾ। ਅਧਿਆਪਕ ਜਦੋਂ ਮਨੋਂ ਖੁਸ਼ ਅਤੇ ਸੰਤੁਸ਼ਟ ਹੁੰਦੇ ਹਨ ਤਾਂ ਉਹ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਦੇ ਸਕਦੇ ਹਨ।
ਇਸ ਮਾਮਲੇ ਨੂੰ ਲੈ ਕੇ ਸਿੱਖਿਆ ਖੇਤਰ ਵਿੱਚ ਵਿਚਾਰ-ਵਟਾਂਦਰਾ ਵੀ ਵਧ ਰਿਹਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਸੰਤੁਲਿਤ ਅਤੇ ਨਿਆਂਸੰਗਤ ਨੀਤੀਆਂ ਬਣਾਉਣ ਦੀ ਲੋੜ ਹੈ। ਅਧਿਆਪਕਾਂ ਦੇ ਤਜਰਬੇ ਅਤੇ ਉਨ੍ਹਾਂ ਦੀ ਲੰਬੀ ਸੇਵਾ ਨੂੰ ਨਜ਼ਰਅੰਦਾਜ਼ ਕਰਨਾ ਸਿੱਖਿਆ ਖੇਤਰ ਲਈ ਘਾਤਕ ਸਾਬਤ ਹੋ ਸਕਦਾ ਹੈ।
ਇਹ ਮਸਲਾ ਸਿਰਫ਼ ਪ੍ਰਮੋਸ਼ਨ ਤੱਕ ਸੀਮਿਤ ਨਹੀਂ ਹੈ, ਸਗੋਂ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਨਾਲ ਵੀ ਜੁੜਿਆ ਹੋਇਆ ਹੈ। ਜੇਕਰ ਇਸ ਮਸਲੇ ਦਾ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਇਸ ਨਾਲ ਸਿੱਖਿਆ ਪ੍ਰਣਾਲੀ ਵਿੱਚ ਅਸਥਿਰਤਾ ਪੈਦਾ ਹੋ ਸਕਦੀ ਹੈ। ਇਸ ਲਈ ਲੋੜ ਹੈ ਕਿ ਇਸ ਮਸਲੇ ‘ਤੇ ਸੰਵੇਦਨਸ਼ੀਲਤਾ ਅਤੇ ਸਮਝਦਾਰੀ ਨਾਲ ਫੈਸਲੇ ਕੀਤੇ ਜਾਣ, ਤਾਂ ਜੋ ਅਧਿਆਪਕਾਂ ਦਾ ਮਨੋਬਲ ਬਣਿਆ ਰਹੇ ਅਤੇ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਮਿਲ ਸਕੇ।
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਪਿੰਡ ਵੜਿੰਗ ਖੇੜਾ
ਤਹਿਸੀਲ ਮਲੋਟ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
79860-27454

Leave a Reply

Your email address will not be published. Required fields are marked *

Copyright © All rights reserved. | Newsphere by AF themes.