August 17, 2026

Justice News

ਅਵਾਮ ਦੀ ਆਵਾਜ਼

ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਸੁੰਦਰ ਲਿਖਾਈ ਤੇ ਅੱਖਰਕਾਰੀ ਦੀ ਇਕ ਰੋਜ਼ਾ ਵਰਕਸ਼ਾਪ ਕਰਵਾਈ ।

ਫਰੀਦਕੋਟ
(ਪੱਤਰ ਪ੍ਰੇਰਕ)

ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰਿੰਸੀਪਲ ਸ੍ਰੀ ਗੁਲਸ਼ਨ ਕੁਮਾਰ ਅਹੂਜਾ ਜੀ ਦੀ ਰਹਿਨੁਮਾਈ ਹੇਠ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵੱਲੋਂ ਮਿਤੀ 7-02-2026 ਨੂੰ ਵਿਦਿਆਰਥੀਆਂ ਲਈ ਸੁੰਦਰ ਲਿਖਾਈ ਤੇ ਅੱਖਰਕਾਰੀ ਦੀ ਕਲਾ ਸਿੱਖਣ ਲਈ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।
ਇਸ ਵਰਕਸ਼ਾਪ ਵਿੱਚ ਸੁੰਦਰ ਲਿਖਾਈ ਤੇ ਪੰਜਾਬੀ ਅੱਖਰਕਾਰੀ ਦੀ ਸਿਖਲਾਈ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਵਾਹਰੇ ਵਾਲਾ ਦੇ ਸਰਕਾਰੀ ਹਾਈ ਸਕੂਲ ਵਿਚੋਂ ਪੰਜਾਬੀ ਅਧਿਆਪਕ ਸ੍ਰ. ਗੁਰਨਾਮ ਸਿੰਘ ਜੀ ਬਤੌਰ ਰਿਸੋਰਸ ਪਰਸਨ ਪਹੁੰਚੇ।
ਉਹਨਾਂ ਨੇ ਵਿਦਿਆਰਥੀਆਂ ਅਤੇ ਕਾਲਜ ਦੇ ਅਧਿਆਪਕਾਂ ਨੂੰ ਸੁੰਦਰ ਲਿਖਾਈ ਤੇ ਅੱਖਰਕਾਰੀ ਦੀਆਂ ਬੁਨਿਆਦੀ ਗੱਲਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਹਨਾਂ ਕਲਾਸ ਵਿਚਲੇ ਬਲੈਕ ਬੋਰਡ ‘ਤੇ ਵਿਹਾਰਿਕ ਰੂਪ ਵਿੱਚ ਅੱਖਰ ਲਿਖ ਲਿਖਕੇ ਦਿਖਾਏ। ਜਦ ਅੱਖਰ ਲਿਖਦੇ ਸਨ ਤਾਂ ਬਲੈਕ ਬੋਰਡ ‘ਤੇ ਹੋ ਰਹੇ ਜਾਦੂ ਦਾ ਅਹਿਸਾਸ ਹੋ ਰਿਹਾ ਸੀ।
ਸੋਹਣੇ ਅੱਖਰ ਲਿਖਦਿਆਂ ਲਿਖਦਿਆਂ ਉਹਨਾਂ ਨੇ ਹਾਜ਼ਰ ਸਿਖਾਂਦਰੂੰਆਂ ਨੂੰ ਲਿਖਣ ਕਲਾ ਦੀਆਂ ਬੜੀ ਬਾਰੀਕੀ ਨਾਲ ਤਕਨੀਕਾਂ ਸਮਝਾਈਆਂ।  ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਵੱਖ ਵੱਖ ਕਿਸਮ ਦੇ ਕਾਗਜ਼ਾਂ ‘ਤੇ ਆਪਣੀਆਂ ਲਿਖੀਆਂ ਲਿਖਤਾਂ ਦੇ ਦਰਸ਼ਨ ਵੀ ਕਰਵਾਏ। ਜੋ ਬਹੁਤ ਜ਼ਿਆਦਾ ਖੂਬਸੂਰਤ ਸਨ । ਇੰਝ ਲੱਗਦਾ ਸੀ ਜਿਵੇਂ ਕਾਗ਼ਜ਼ ਉੱਪਰ ਅੱਖਰਾਂ ਦੇ ਰੂਪ ਵਿੱਚ ਮੋਤੀ ਚਿਣ ਚਿਣਕੇ ਰੱਖੇ ਹੋਣ ।
ਸ੍ਰ ਗੁਰਨਾਮ ਸਿੰਘ ਜੀ ਨੇ ਸਿਰਫ਼ ਸੁੰਦਰ ਲਿਖਾਈ ਤੇ ਅੱਖਰਕਾਰੀ ਬਾਰੇ ਹੀ ਨੁਕਤੇ ਸਾਂਝੇ ਨਹੀਂ ਕੀਤੇ, ਉਹਨਾਂ ਨੇ ਕਲਮਾਂ ਦੀਆਂ ਕਿਸਮਾਂ, ਕਲਮ ਦੀ ਘਾੜਤ, ਕਾਗ਼ਜ਼ ਦੀਆਂ ਕਿਸਮਾਂ ਅਤੇ ਸਿਆਹੀ ਦੀਆਂ ਕਿਸਮਾਂ ਆਦਿ ਬਾਰੇ ਵੀ ਵਿਦਿਆਰਥੀਆਂ ਨੂੰ ਭਰਪੂਰ ਰੂਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਕਲਾ ਵਿੱਚ ਨਿਪੁੰਨ ਹੋ ਕੇ ਸਵੈ ਰੋਜ਼ਗਾਰ ਸ਼ੁਰੂ ਕਰ ਸਕਦੇ ਹਨ । ਜਿਸ ਇਨਸਾਨ ਕੋਲ ਵੀ ਸੁੰਦਰ ਲਿਖਾਈ ਤੇ ਅੱਖਰਕਾਰੀ ਦੀ ਕਲਾ ਹੈ ਉਹ ਦੁਨੀਆਂ ਦੇ ਕਿਸੇ ਵੀ ਕੋਨੇ ‘ਤੇ ਚਲਾ ਜਾਵੇ ਭੁੱਖਾ ਨਹੀਂ ਮਰਦਾ। ਉੱਚ ਪੱਧਰੀ ਕਮਾਈ ਕਰ ਸਕਦਾ ਹੈ।
ਇਸ ਵਰਕਸ਼ਾਪ ਵਿੱਚ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਕਾਲਜ ਦੇ ਹੋਰ ਵੀ ਕਈ ਵਿਭਾਗਾਂ ਦੇ ਅਧਿਆਪਕ ਸਾਹਿਬਾਨਾਂ ਨੇ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਸ਼੍ਰੀ ਗੁਲਸ਼ਨ ਕੁਮਾਰ ਜੀ ਨੇ ਸ. ਗੁਰਨਾਮ ਸਿੰਘ ਜੀ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਸਾਹਬ ਨੇ ਇਸ ਵਰਕਸ਼ਾਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ,”ਭਵਿੱਖ ਵਿੱਚ ਅਸੀਂ ਇਸ ਸਿਖਲਾਈ ਵਰਕਸ਼ਾਪ ਨੂੰ ਵੱਡੇ ਪੱਧਰ ‘ਤੇ ਉਲੀਕਾਂਗੇ । ਇਸ ਤਰ੍ਹਾਂ ਦੇ ਕਾਰਜ ਜਿੰਨੇ ਹੋ ਜਾਣ ਓਨੇ ਹੀ ਥੋੜ੍ਹੇ ਹਨ ।”
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਨਵੀਨਰ ਡਾ. ਗਗਨਦੀਪ ਕੌਰ ਕਾੱਮਰਸ ਵਿਭਾਗ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ,”ਸ੍ਰ ਗੁਰਨਾਮ ਸਿੰਘ ਨੇ ਅੱਜ ਇਸ ਵਰਕਸ਼ਾਪ ਵਿੱਚ ਸਾਨੂੰ ਉਹ ਨੁਕਤੇ ਸਮਝਾਏ ਜਿਹੜੇ ਅੱਜ ਤੱਕ ਅਸੀਂ ਕਿਤੇ ਵੀ ਪੜ੍ਹੇ ਸੁਣੇ ਨਹੀਂ ਸਨ । ਇਹ ਉਹ ਨੁਕਤੇ ਹਨ ਜਿਹਨਾਂ ਨੂੰ ਹਰ ਵਿਦਿਆਰਥੀ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ”

Leave a Reply

Your email address will not be published. Required fields are marked *

Copyright © All rights reserved. | Newsphere by AF themes.