August 17, 2026

Justice News

ਅਵਾਮ ਦੀ ਆਵਾਜ਼

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਮਜ਼ਬੂਤ ਕਮਾਂਡ ਅਤੇ ਮੈਦਾਨੀ ਅਗਵਾਈ ਸਦਕਾ ਆਪਰੇਸ਼ਨ ਪ੍ਰਹਾਰ–2 ਤਹਿਤ ਖੰਨਾ ਵਿੱਚ ਪੁਲਿਸ ਦੀ ਵੱਡੀ ਕਾਰਵਾਈ, 125 ਸ਼ੱਕੀ ਵਿਅਕਤੀ ਲਏ ਹਿਰਾਸਤ ਵਿੱਚ

ਖੰਨਾ, ਲੁਧਿਆਣਾ
:(ਜਸਟਿਸ ਨਿਊਜ਼)
ਪੰਜਾਬ ਸਰਕਾਰ ਵੱਲੋਂ ਅਪਰਾਧ, ਗੈਂਗਸਟਰਾਂ ਅਤੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ–2 ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਵੱਡੀ ਕਾਰਵਾਈ ਕੀਤੀ ਗਈ। ਇਸ ਮੁਹਿੰਮ ਦੇ ਪਹਿਲੇ ਹੀ ਦਿਨ ਕੁੱਝ ਘੰਟਿਆਂ ਦੇ ਅੰਦਰ ਖੰਨਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਕਰੀਬ 125 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਪਰਾਧੀਆਂ ਵਿੱਚ ਹੜਕੰਪ ਮਚਾ ਦਿੱਤਾ ਹੈ। ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਖ਼ਤ ਨਸ਼ਾ ਵਿਰੋਧੀ ਨੀਤੀ, ਡੀ.ਜੀ.ਪੀ ਗੌਰਵ ਯਾਦਵ ਦੀ ਮਜ਼ਬੂਤ ਰਣਨੀਤੀ ਅਤੇ ਖੰਨਾ ਦੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਮੈਦਾਨੀ ਅਗਵਾਈ ਦਾ ਸ਼ਾਨਦਾਰ ਨਤੀਜਾ ਮੰਨੀ ਜਾ ਰਹੀ ਹੈ।
*ਯੋਜਨਾਬੱਧ ਛਾਪੇਮਾਰੀ, 151 ਥਾਵਾਂ ’ਤੇ ਇਕੋ ਸਮੇਂ  ਕਾਰਵਾਈ*
ਆਪਰੇਸ਼ਨ ਪ੍ਰਹਾਰ–2 ਦੇ ਤਹਿਤ ਖੰਨਾ, ਪਾਇਲ ਅਤੇ ਸਮਰਾਲਾ ਦੀਆਂ ਤਿੰਨ ਸਬ ਡਵੀਜ਼ਨਾਂ ਵਿੱਚ ਇਕੋ ਸਮੇਂ 151 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਦੀਆਂ ਕਈ ਟੀਮਾਂ ਨੇ ਪੂਰੀ ਯੋਜਨਾ ਅਤੇ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਹੋਰ ਅਪਰਾਧੀ ਤੱਤਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ 3 ਸਰਗਰਮ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ, 45 ਲੋੜੀਂਦੇ ਅਪਰਾਧੀ ਫੜੇ ਗਏ, 46 ਵਿਅਕਤੀਆਂ ਨੂੰ ਅਪਰਾਧ ਰੋਕੂ ਕਾਰਵਾਈ ਤਹਿਤ ਹਿਰਾਸਤ ਵਿੱਚ ਲਿਆ ਗਿਆ, 2 ਕੇਸਾਂ ਦੇ ਭਗੌੜੇ ਕਾਬੂ ਕੀਤੇ ਗਏ ਅਤੇ 29 ਹੋਰ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ। ਇਸ ਤਰ੍ਹਾਂ ਕੁੱਲ 125 ਲੋਕਾਂ ’ਤੇ ਕਾਰਵਾਈ ਹੋਈ।
*ਵੱਡੀ ਮਾਤਰਾ ਵਿੱਚ ਨਸ਼ਾ ਅਤੇ ਗੈਰਕਾਨੂੰਨੀ ਸਮੱਗਰੀ ਬਰਾਮਦ*
ਇਸ ਵੱਡੀ ਮੁਹਿੰਮ ਦੌਰਾਨ ਪੁਲਿਸ ਨੂੰ ਸ਼ਾਨਦਾਰ ਕਾਮਯਾਬੀ ਮਿਲੀ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਕਾਰਵਾਈ ਦੌਰਾਨ 4 ਲੱਖ ਰੁਪਏ ਡਰੱਗ ਮਨੀ, 321.15 ਗ੍ਰਾਮ ਹੈਰੋਇਨ, 60 ਨਸ਼ੀਲੇ ਕੈਪਸੂਲ, ਇੱਕ ਕਿਲੋ ਅਫੀਮ, ਨਜਾਇਜ ਸ਼ਰਾਬ ਦੀਆਂ 3 ਪੇਟੀਆਂ, ਇੱਕ ਗੱਡੀ, 4 ਜ਼ਿੰਦਾ ਕਾਰਤੂਸ, 8 ਕੀਮਤੀ ਮੋਬਾਇਲ, ਇੱਕ ਸਮਾਰਟ ਘੜੀ ਅਤੇ ਮੋਬਾਇਲ ਅਸੈਸਰੀ ਬਰਾਮਦ ਕੀਤੀ ਗਈ। ਇਹ ਬਰਾਮਦਗੀ ਸਪਸ਼ਟ ਕਰਦੀ ਹੈ ਕਿ ਪੁਲਿਸ ਦੀ ਇਹ ਮੁਹਿੰਮ ਨਸ਼ਾ ਤਸਕਰੀ ਅਤੇ ਅਪਰਾਧੀ ਨੈੱਟਵਰਕ ਨੂੰ ਤੋੜਨ ਵੱਲ ਇਕ ਮਜ਼ਬੂਤ ਕਦਮ ਹੈ।
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦਾ ਨਤੀਜਾ*
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਪੰਜਾਬ ਬਣਾਉਣ ਲਈ ਲਗਾਤਾਰ ਸਖ਼ਤ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਖ਼ਤ ਨੀਤੀ ਦਾ ਨਤੀਜਾ ਹੈ ਕਿ ਪੁਲਿਸ ਹੁਣ ਪੂਰੇ ਜੋਸ਼ ਨਾਲ ਮੈਦਾਨ ਵਿੱਚ ਉਤਰ ਕੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਆਪਰੇਸ਼ਨ ਪ੍ਰਹਾਰ–2 ਇਸੇ ਸੋਚ ਦਾ ਪ੍ਰਤੀਕ ਹੈ, ਜਿਸ ਨਾਲ ਪੰਜਾਬ ਭਰ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਡੀ.ਜੀ.ਪੀ ਸ੍ਰੀ ਗੌਰਵ ਯਾਦਵ ਦੀ ਸਖ਼ਤ ਨਿਗਰਾਨੀ ਅਤੇ ਸੁਚੱਜੀ ਰਣਨੀਤੀ ਨੇ ਇਸ ਮੁਹਿੰਮ ਨੂੰ ਕਾਮਯਾਬ ਬਣਾਇਆ। ਉਨ੍ਹਾਂ ਵੱਲੋਂ ਸੂਬੇ ਭਰ ਦੀ ਪੁਲਿਸ ਨੂੰ ਇਕਸਾਰ ਦਿਸ਼ਾ-ਨਿਰਦੇਸ਼ ਦੇ ਕੇ ਅਪਰਾਧ ਅਤੇ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਲਾਗੂ ਕੀਤੀ ਗਈ, ਜਿਸ ਦਾ ਸਪਸ਼ਟ ਅਸਰ ਖੰਨਾ ਵਿੱਚ ਕੀਤੀ ਗਈ ਇਸ ਵੱਡੀ ਕਾਰਵਾਈ ਰੂਪ ਵਿੱਚ ਸਾਹਮਣੇ ਆਇਆ।
*ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਮੈਦਾਨੀ ਅਗਵਾਈ*
ਖੰਨਾ ਦੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਮਜ਼ਬੂਤ ਕਮਾਂਡ ਅਤੇ ਮੈਦਾਨੀ ਅਗਵਾਈ ਇਸ ਸਫਲਤਾ ਦੀ ਮੁੱਖ ਕੁੰਜੀ ਰਹੀ। ਉਨ੍ਹਾਂ ਨੇ ਖੁਦ ਪੂਰੀ ਕਾਰਵਾਈ ਦੀ ਨਿਗਰਾਨੀ ਕਰਦਿਆਂ ਹਰ ਟੀਮ ਨੂੰ ਸਪਸ਼ਟ ਦਿਸ਼ਾ ਦਿੱਤੀ। ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਵੱਲੋਂ ਅਜਿਹੀਆਂ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਖੰਨਾ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਅਪਰਾਧ ਅਤੇ ਨਸ਼ਾ ਮੁਕਤ ਬਣਾਇਆ ਜਾ ਸਕੇ।
*ਆਮ ਲੋਕਾਂ ਵੱਲੋਂ ਪੁਲਿਸ ਦੀ ਭਰਪੂਰ ਸ਼ਲਾਘਾ*
ਇਸ ਵੱਡੀ ਕਾਰਵਾਈ ਤੋਂ ਬਾਅਦ ਖੰਨਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਆਮ ਲੋਕਾਂ ਵਿੱਚ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਲੋਕਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ, ਡੀ.ਜੀ.ਪੀ ਸ੍ਰੀ ਗੌਰਵ ਯਾਦਵ, ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਅਤੇ ਖੰਨਾ ਪੁਲਿਸ ਦੀ ਟੀਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਹੀ ਸਮਾਜ ਵਿੱਚ ਸੁਰੱਖਿਆ ਅਤੇ ਭਰੋਸਾ ਪੈਦਾ ਹੁੰਦਾ ਹੈ। ਆਪਰੇਸ਼ਨ ਪ੍ਰਹਾਰ–2 ਨਿਸ਼ਚਤ ਤੌਰ ’ਤੇ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਨਸ਼ਾ ਮੁਕਤ ਰਾਜ ਬਣਾਉਣ ਵੱਲ ਮਜ਼ਬੂਤ ਕਦਮ ਸਾਬਤ ਹੋ ਰਿਹਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.