August 17, 2026

Justice News

ਅਵਾਮ ਦੀ ਆਵਾਜ਼

ਖੰਨਾ ਦੇ ਨਵੇਂ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਅਹੁਦਾ ਸੰਭਾਲਿਆ–ਕਿਹਾ! ਅਪਰਾਧ ਨੂੰ ਠੱਲ ਪਾਉਣਾ ਮੁੱਖ ਤਰਜੀਹ

ਖੰਨਾ, ਲੁਧਿਆਣਾ
( ਜਸਟਿਸ ਨਿਊਜ਼ )
ਖੰਨਾ ਦੇ ਨਵੇਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਹੈ ਕਿ ਸ਼ਹਿਰਾ ਅਤੇ ਪਿੰਡਾਂ ਵਿਚ ਅਪਰਾਧ ਨੂੰ ਰੋਕਣਾ ਅਤੇ ਠੱਲ ਪਾਉਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਨੂੰ ਮੁੱਖ ਤਰਜ਼ੀਹ ਦਿੱਤੀ ਜਾਵੇਗੀ।ਸੋਮਵਾਰ ਨੂੰ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਵਿਖੇ ਆਪਣਾ ਚਾਰਜ ਲੈਣ ਉਪਰੰਤ ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਮਾਜ ਦੀ ਸ਼ਾਨਦਾਰ ਸੇਵਾ ਕਰਨ ਦੀ ਪੰਜਾਬ ਪੁਲਿਸ ਦੀ ਇਕ ਸ਼ਾਨਾਮੱਤੀ ਰਵਾਇਤ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿਚ ਰੱਖਣ ਸਬੰਧੀ ਕੀਤੇ ਜਾਣ ਵਾਲੇ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਪਰਾਧੀਆਂ ‘ਤੇ ਨਕੇਲ ਕੱਸਣ ਲਈ ਸ਼੍ਰੇਣੀ ਵਾਰ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ‘ਤੇ ਸਖਤ ਨਿਗ੍ਹਾ ਰੱਖੀ ਜਾਵੇਗੀ ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਜੰਗ ਨੂੰ ਸ਼ਹਿਰਾਂ ਅਤੇ ਪਿੰਡਾਂ ਵਿਚ ਹੋਰ ਵੀ ਪ੍ਰਭਾਵੀ ਢੰਗ ਨਾਲ ਚਲਾਇਆ ਜਾਵੇਗਾ ਅਤੇ ਇਸ ਕੋਹੜ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰਾਂ ਦੇ ਟ੍ਰੈਫਿਕ ਨੂੰ ਵੀ ਨਿਯੰਤਰਣ ਵਿਚ ਕਰਨ ਲਈ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਜਾਵੇਗੀ, ਜਿਸ ਲਈ ਟ੍ਰੈਫਿਕ ਦੇ ਪ੍ਰਬੰਧਾਂ ਦੀ ਚੰਗੀ ਤਰ੍ਹਾਂ ਨਾਲ ਘੋਖ ਕੀਤੀ ਜਾਵੇਗੀ।ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸ਼ਹਿਰਾ ਵਿੱਚ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਪੀ.ਸੀ.ਆਰ ਨੂੰ ਵੀ ਹੋਰ ਚੁਸਤ-ਦਰੁਸਤ ਕੀਤਾ ਜਾਵੇਗਾ, ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਥਾਣਿਆ ਵਿਚ ਪਬਲਿਕ ਡੀਲਿੰਗ ਨੂੰ ਵੀ ਹੋਰ ਬਿਹਤਰ ਢੰਗ ਨਾਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਧੀਆ, ਜਵਾਬਦੇਹ ਤੇ ਪਾਰਦਰਸ਼ੀ ਪੁਲਿਸ ਪ੍ਰਣਾਲੀ ਦੇਣਾ ਵੀ ਉਨ੍ਹਾਂ ਦੀ ਤਰਜੀਹ ਹੋਵੇਗੀ, ਜਿਸ ਲਈ ਲੋਕਾਂ ਤੋਂ ਸੁਝਾਅ ਲਏ ਜਾਣਗੇ।
ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਪੁਲਿਸ ਫੋਰਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਵੀ ਉਚੇਚੇ ਕਦਮ ਚੁੱਕੇ ਜਾਣਗੇ ਅਤੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਸਿਰਫ ਸ਼ੁਰੂਆਤ ਹੈ ਅਤੇ ਛੇਤੀ ਹੀ ਸ਼ਹਿਰਾਂ ਅਤੇ ਪਿੰਡਾਂ ਨਾਲ ਸਬੰਧਤ ਸਾਰੇ ਸੰਵੇਦਨਸ਼ੀਲ ਮੁੱਦਿਆਂ ਬਾਰੇ ‘ਚ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਡਾ. ਦਰਪਣ ਆਹਲੂਵਾਲੀਆ ਨੂੰ ਦਫਤਰ ਪੁੱਜਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਉਪਰੰਤ ਉਨ੍ਹਾਂ ਤਾਇਨਾਤ ਸੀਨੀਅਰ ਅਧਿਕਾਰੀ ਐਸ.ਪੀਜ਼, ਡੀ.ਐਸ.ਪੀਜ਼, ਸਮੂਹ ਐਸ.ਐਚ.ਓ ਨਾਲ ਬੈਠਕ ਕਰ ਕੇ ਸ਼ਹਿਰਾਂ ਅਤੇ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ।
ਡਾ. ਦਰਪਣ ਆਹਲੂਵਾਲੀਆ ਨੇ  ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਉਨ੍ਹਾਂ ਤੋਂ ਫੀਡਬੈਕ ਵੀ ਲਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ.(ਹੈਡਕੁਆਰਟਰ) ਹਰਪਿੰਦਰ ਕੌਰ ਗਿੱਲ, ਐਸ.ਪੀ ਪ੍ਰਸ਼ੋਤਮ ਸਿੰਘ ਬੱਲ, ਐਸ.ਪੀ (ਆਈ) ਪਵਨਜੀਤ, ਡੀ.ਐਸ.ਪੀ (ਡੀ) ਮੋਹਿਤ ਕੁਮਾਰ, ਡੀ.ਐਸ.ਪੀ (ਐਨ.ਡੀ.ਪੀ.ਐਸ) ਕਰਮਜੀਤ ਸਿੰਘ ਗਰੇਵਾਲ, ਡੀ.ਐਸ.ਪੀ ਖੰਨਾ ਵਿਨੋਦ ਕੁਮਾਰ, ਡੀ.ਐਸ.ਪੀ ਸਮਰਾਲਾ ਤਰਲੋਚਨ ਸਿੰਘ, ਡੀ.ਐਸ.ਪੀ ਪਾਇਲ ਜਸਵਿੰਦਰ ਸਿੰਘ, ਡੀ.ਐਸ.ਪੀ ਪਵਨ ਕੁਮਾਰ, ਡੀ.ਐਸ.ਪੀ ਕਰਮਵੀਰ ਸਿੰਘ, ਸਮੂਹ ਐਸ.ਐਚ.ਓਜ਼ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.