August 17, 2026

Justice News

ਅਵਾਮ ਦੀ ਆਵਾਜ਼

ਮੰਡ ਇਲਕੇ ਦੇ ਉਹਨਾਂ ਖੇਤਾਂ ਵਿੱਚ ਬੀਜ਼ੀ ਗਈ ਕਣਕ, ਜਿੱਥੇ ਹੜ੍ਹ ਨੇ ਪਾਇਆ ਸੀ 50 ਫੁੱਟ ਡੂੰਘਾ ਟੋਇਆ

ਸੁਲਤਾਨਪੁਰ ਲੋਧੀ
( ਜਸਟਿਸ ਨਿਊਜ਼ )
ਬਾਊਪੁਰ ਮੰਡ ਵਿੱਚ ਆਏ ਹੜ੍ਹਾਂ ਨਾਲ ਜਿੱਥੇ ਭਾਰੀ ਤਬਾਹੀ ਮਚਾਈ ਸੀ, ਉਥੇ ਹੁਣ ਕਿਸਾਨਾਂ ਦਾ ਜੀਵਨ ਲੀਹ ‘ਤੇ ਆਉਣ ਲੱਗ ਪਿਆ ਹੈ। ਭੈਣੀ ਕਾਦਰ ਬਖ਼ਸ਼ ਪਿੰਡ ਨੇੜੇੇ 10 ਤੇ 11 ਅਗਸਤ ਦੀ ਦਰਮਿਆਨੀ ਰਾਤ ਨੂੰ ਬਿਆਸ ਦਰਿਆ ਦਾ ਆਰਜ਼ੀ ਬੰਨ੍ਹ ਟੁਟ ਗਿਆ ਸੀ। ਇਸ ਭਿਆਨਕ ਹੜ੍ਹ ਨੇ ਕਿਸਾਨਾਂ ਦੀ ਝੋਨੇ ਦੀ ਪੱਕਣ ਦੀ ਆਈ ਸਾਰੀ ਫਸਲ ਰੋੜ੍ਹ ਦਿੱਤੀ ਸੀ। ਇਸੇ ਪਿੰਡ ਦੇ ਤਿੰਨ ਭਾਰਵਾਂ ਦੀ ਜ਼ਮੀਨ ਵਿੱਚ ਤਿੰਨ ਏਕੜ ’ਚ 50 ਫੁੱਟ ਤੋਂ ਵੱਧ ਡੂੰਘਾ ਟੋਇਆ ਪੈ ਗਿਆ ਸੀ।
ਇਸ ਟੋਏ ਨੂੰ ਭਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਰੋਜ਼ਾਨਾ 100 ਤੋਂ ਵੱਧ ਟ੍ਰੈਕਟਰ ਚੱਲਦੇ ਸਨ। ਇਸ ਟੋਏ ਨੂੰ ਪੂਰਨ ਲਈ 10 ਦਿਨ ਲੱਗ ਗਏ ਸਨ ਤੇ 70 ਲੱਖ ਦੇ ਕਰੀਬ ਦਾ ਡੀਜ਼ਲ ਲੱਗ ਗਿਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਹਰਿਆਣਾ ਦੇ ਸਿਰਸਾ ਦੇ ਤਿੰਨ ਪਿੰਡਾਂ ਤੋਂ ਕਿਸਾਨ 16 ਟ੍ਰੈਕਟਰ ਬਾਬਾ ਜਸਵਿੰਦਰ ਸਿੰਘ ਅਤੇ ਬਾਬਾ ਜੀਤ ਸਿੰਘ ਦੀ ਅਗਵਾਈ ਹੇਠ ਆਏ ਸਨ। ਉਹ ਜਿੱਥੇ 15 ਦਿਨ ਇਸ ਖਿਤੇ ਵਿੱਚ ਸੇਵਾ ਕਰਦੇ ਰਹੇ ਉਥੇ ਹੀ ਉਹ ਡੀਜ਼ਲ ਵੀ ਨਾਲ ਹੀ ਲੈਕੇ ਆਏ ਸਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਉਨ੍ਹਾਂ ਖੇਤਾਂ ਵਿੱਚ ਕਣਕ ਦੀ ਬਿਜਾਈ ਆਪਣੇ ਹੱਥੀ ਕੀਤੀ। ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ਵਿਚ ਟ੍ਰੈਕਟਰ ਚਲਾ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਆਪ ਕਣਕ ਬੀਜ ਰਹੇ ਸਨ। ਇਹ ਜ਼ਮੀਨ ਉਸ ਬੰਨ੍ਹ ਦੇ ਨੇੜੇ ਹੈ ਜਿੱਥੇ ਪਹਿਲਾਂ ਪਾੜ ਪਿਆ ਸੀ। ਇਸ ਦੇ ਨਾਲ 30 ਤੋਂ 35 ਹੋਰ ਖੇਤਾਂ ਵਿੱਚ ਟ੍ਰੈਕਟਰ ਜ਼ਮੀਨਾਂ ਪੱਧਰੀਆਂ ਕਰਨ ਵਿੱਚ ਲੱਗੇ ਹੋਏ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵਿੱਚ ਕਣਕ ਦੀ ਬਿਜਾਈ ਕਰਵਾਈ ਜਾਵੇਗੀ।
ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਜੀ ਦੇ ਯਤਨਾਂ ਸਦਕਾ 150 ਤੋਂ ਵੱਧ ਏਕੜਾਂ ਵਿੱਚ ਕਣਕ ਦੀ ਬਿਜਾਈ ਹੋ ਚੱੁਕੀ ਹੈ। ਉਨ੍ਹਾਂ ਨੇ ਹੜ੍ਹ ਨਾਲ ਜਦੋਂ ਕਿਸਾਨਾਂ ਦੀਆਂ ਫਸਲਾਂ ਅਤੇ ਘਰ ਹੀ ਨਹੀਂ ਰੁੜ੍ਹੇ ਸਨ ਸਗੋਂ ਉਮੀਦਾਂ ਵੀ ਰੁੜ੍ਹ ਗਈਆਂ ਸਨ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਵੱਡੇ ਪੱਧਰ ‘ਤੇ ਕਿਸਾਨਾਂ ਦਾ ਨੁਕਸਾਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਚੜ੍ਹਦੀ ਕਲਾਂ ਵਿੱਚ ਰੱਖਿਆ। ਇਸੇ ਹੌਸਲੇ ਨੇ ਕਿਸਾਨਾਂ ਨੂੰ ਮਾਨਸਿਕ ਤੌਰ ‘ਤੇ ਕਾਇਮ ਰੱਖਿਆ। ਇਸ ਮੌਕੇ ਕਿਸਾਨਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ, ਜਿਹਨਾਂ ਸਦਕਾ ਇਹ ਇਲਾਕਾ ਮੁੜ ਲੀਹਾਂ ਤੇ ਆ ਰਿਹਾ ਹੈ।
*ਬਾਕਸ ਆਈਟਿਮ : ਡੀਜ਼ਲ ਦੀ ਬਾਊਪੁਰ ਮੰਡ ਵਿੱਚ ਅਜੇ ਵੀ ਲੋੜ*
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਦੇ ਖੇਤ ਪੱਧਰੇ ਕਰਕੇ ਕਣਕ ਬੀਜਣ ਦਾ ਕੰਮ ਜਾਰੀ ਹੈ। ਅਜੇ ਵੀ ਲੈਵਲ ਕੁਰਾਹੇ ਚੱਲ ਰਹੇ ਹਨ। ਕਈ ਕਿਸਾਨਾਂ ਨੇ ਪਸ਼ੂਆਂ ਲਈ ਪੱਠੇ ਬੀਜਣੇ ਹਨ। ਕਣਕ ਦੀ ਹੋਰ ਬਿਜਾਈ ਰਹਿੰਦੀ ਹੈ। ਖੇਤ ਪੱਧਰੇ ਕਰਨ ਦੇ ਕਾਰਜ ਨਿਰੰਤਰ ਜਾਰੀ ਹਨ। ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਦਾ ਧੰਨਵਦਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਹੜ੍ਹਾਂ ਦੌਰਾਨ ਵੀ ਬੇਅੰਤ ਮੱਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਆਇਆ ਨੂੰ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਅਜੇ ਵੀ ਬਹੁਤ ਸਾਰੇ ਕਿਸਾਨ ਹਨ ਜਿੰਨ੍ਹਾਂ ਦੇ ਖੇਤਾਂ ਵਿੱਚੋਂ ਰੇਤਾ ਨਹੀਂ ਚੱੁਕੀ ਗਈ।

Leave a Reply

Your email address will not be published. Required fields are marked *

Copyright © All rights reserved. | Newsphere by AF themes.