August 17, 2026

Justice News

ਅਵਾਮ ਦੀ ਆਵਾਜ਼

ਭਾਰਤੀ ਪਛਾਣ ਉੱਤੇ ਖਾਲਿਸਤਾਨੀ ਹਮਲੇ ਅਸਹਿਣਯੋਗ – ਸਿੱਖ ਧਰਮ, ਪੰਜਾਬੀਅਤ ਅਤੇ ਮਨੁੱਖਤਾ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਨ ਦਾ ਸਮਾਂ”

ਅੰਮ੍ਰਿਤਸਰ  ( ਪੱਤਰ ਪ੍ਰੇਰਕ   ) ਭਾਜਪਾ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੈਨੇਡਾ ਦੇ ਸਰੀ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕੈਪ’ਸ ਕੈਫ਼ੇ’ ’ਤੇ ਗੋਲੀਬਾਰੀ ਅਤੇ ਇਸ ਤੋਂ ਤੁਰੰਤ ਬਾਅਦ ਸਿੱਖਸ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰ ਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਰਾਹੀਂ ਦਿੱਤੀ ਗਈ ਧਮਕੀ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਨੂੰ “ਮਨੁੱਖਤਾ, ਸਿੱਖ ਧਰਮ, ਕਾਰੋਬਾਰ ਅਤੇ ਨਾ ਸਿਰਫ਼ ਭਾਰਤ ਸਗੋਂ ਕੈਨੇਡਾ ਵਿਰੁੱਧ ਇੱਕ ਡੂੰਘੀ ਸਾਜ਼ਿਸ਼” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ “ਖ਼ਾਲਿਸਤਾਨ ਦੇ ਨਾਮ ਤੇ ਸਜਾਈਆਂ ਦੁਕਾਨਾਂ ਵਿੱਚ ਜ਼ਹਿਰ ਵਿਕ ਰਿਹਾ ਹੈ”, ਇਸ ਲਈ ਪੰਨੂ ਵਰਗੇ ਨਫ਼ਰਤੀ ਗਿਰੋਹਾਂ ਨੂੰ ਕੈਨੇਡਾ ਦੀ ਧਰਤੀ ਨੂੰ ਆਪਣੇ ਏਜੰਡੇ ਲਈ “ਖੇਡ ਦਾ ਮੈਦਾਨ” ਨਹੀਂ ਬਣਨ ਦੇਣਾ ਚਾਹੀਦਾ।

ਪ੍ਰੋ. ਖਿਆਲਾ ਜੋ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਬੁਲਾਰੇ ਰਹਿ ਚੁੱਕੇ ਹਨ, ਨੇ ਕਿਹਾ ਕਿ ਪੰਨੂ ਵਰਗੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਦੇਸ਼ਾਂ ਵਿੱਚ ਮਿਲ ਰਹੇ ਭਾਰੀ ਜਨਤਕ ਸਮਰਥਨ ਤੋਂ ਘਬਰਾ ਗਏ ਹਨ। ਪੰਨੂ, ਜਿਸਨੂੰ ਆਈ ਐਸ ਆਈ ਚਲਾ ਰਿਹਾ ਹੈ ਵੱਲੋਂ ਕਪਿਲ ਸ਼ਰਮਾ ਨੂੰ ਨਿਸ਼ਾਨਾ ਬਣਾ ਕੇ ਭਾਰਤੀ ਪ੍ਰਵਾਸੀਆਂ ਨੂੰ ਧਮਕੀਆਂ ਦੇਣਾ, ਇਹ ਪਾਕਿਸਤਾਨ ਦੁਆਰਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਜਿਸ ਦਾ ਉਦੇਸ਼ ਕੈਨੇਡਾ ਵਿੱਚ ਭਾਰਤੀ ਨਿਵੇਸ਼ ਅਤੇ ਵਪਾਰ ਨੂੰ ਪ੍ਰਭਾਵਿਤ ਕਰਨਾ ਹੈ।

ਉਸ ਨੇ ਪੁੱਛਿਆ ਕਿ “ਪੰਨੂ ਨੂੰ ਕਪਿਲ ਸ਼ਰਮਾ ਦੇ ‘ਹਿੰਦੂਤਵ’ ‘ਤੇ ਟਿੱਪਣੀ ਕਰਨ ਜਾਂ ਉਸ ਨੂੰ ਆਪਣਾ ਕਾਰੋਬਾਰ ਸਮੇਟ ਕੇ ਭਾਰਤ ਵਾਪਸ ਜਾਣ ਦੀ ਚੇਤਾਵਨੀ ਦੇਣ ਦਾ ਕੀ ਅਧਿਕਾਰ ਹੈ?” ’’ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਵਿਦੇਸ਼ੀ ਧਰਤੀ ‘ਤੇ ਵੱਖਵਾਦੀ ਜ਼ਹਿਰ ਕਿਸ ਆਧਾਰ ‘ਤੇ ਉਗਲ ਰਿਹਾ ਹੈ?” ਬੇਸ਼ੱਕ ਪ੍ਰਵਾਸੀ ਸਿੱਖ ਭਾਈਚਾਰਾ ਪੰਨੂ ਵਰਗੇ ਗਿਰੋਹਾਂ ਦੇ ਜਾਲ ਵਿੱਚ ਨਹੀਂ ਫਸਣਗੇ।

ਉਸ ਨੇ ਕਿਹਾ, ਕਿ “ਪੰਨੂ ਸਿੱਖ ਧਰਮ ਤੇ ਅਖੌਤੀ ਖ਼ਾਲਿਸਤਾਨ ਦੀ ਆੜ ਵਿੱਚ ਵਿਦੇਸ਼ਾਂ ਵਿੱਚ ਹਿੰਸਾ, ਵੱਖਵਾਦ ਅਤੇ ਨਫ਼ਰਤ ਦਾ ਵਪਾਰ ਕਰ ਰਿਹਾ ਹੈ। ਇਹ ਖ਼ਾਲਿਸਤਾਨ ਦੇ ਨਾਮ ‘ਤੇ ਸਜਾਈਆਂ ਗਈਆਂ ਦੁਕਾਨਾਂ ਹਨ – ਪਰ ਬਦਕਿਸਮਤੀ ਨਾਲ ਉੱਥੇ ਜ਼ਹਿਰ ਵੇਚਿਆ ਜਾ ਰਿਹਾ ਹੈ।” “ਇਹ ਖ਼ਾਲਿਸਤਾਨ ਬਨਾਮ ਭਾਰਤ ਦੀ ਲੜਾਈ ਨਹੀਂ ਹੈ – ਸਗੋਂ ਅੱਤਵਾਦ ਬਨਾਮ ਸਭਿਅਤਾ ਦੀ ਲੜਾਈ ਹੈ।”

“ਕਪਿਲ ਸ਼ਰਮਾ ਨੂੰ ‘ਹਿੰਦੂਤਵ ਪ੍ਰਚਾਰਕ’ ਕਹਿ ਕੇ, ਪੰਨੂ ਨੇ ਨਾ ਸਿਰਫ਼ ਆਪਣੀ ਨਫ਼ਰਤ ਦਾ ਪੱਧਰ ਦਿਖਾਇਆ ਹੈ, ਸਗੋਂ ਵਿਦੇਸ਼ਾਂ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਸਾਰੇ ਮਿਹਨਤੀ ਭਾਰਤੀਆਂ ਨੂੰ ਵੀ ਧਮਕੀ ਦਿੱਤੀ ਹੈ।” ਸਗੋਂ ਇਹ ਇੱਕ ਰਾਸ਼ਟਰਵਾਦੀ ਭਾਰਤੀ, ਭਾਰਤੀ ਸੱਭਿਆਚਾਰ, ਪ੍ਰਗਟਾਵੇ ਦੀ ਆਜ਼ਾਦੀ ਅਤੇ ਪੰਜਾਬੀਅਤ ਦੀ ਵਿਰਾਸਤ ‘ਤੇ ਇੱਕ ਕਾਇਰਤਾਪੂਰਨ ਧਮਕੀ ਸੀ।

ਪੰਨੂ ਗਿਰੋਹ ਦੀਆਂ ਗਤੀਵਿਧੀਆਂ ਸਪੱਸ਼ਟ ਤੌਰ ‘ਤੇ ਭਾਰਤੀ ਮਸ਼ਹੂਰ ਹਸਤੀਆਂ ਅਤੇ ਪੰਜਾਬੀ ਪ੍ਰਵਾਸੀਆਂ ਨੂੰ ਡਰਾਉਣ ਅਤੇ ਕੈਨੇਡਾ ਵਿੱਚ ਦਹਿਸ਼ਤ ਫੈਲਾਉਣ ਦੀ ਯੋਜਨਾ ਦਾ ਹਿੱਸਾ ਹਨ।””ਇਹ ਕਿਸੇ ਇੱਕ ਵਿਅਕਤੀ ਖਿਲਾਫ ਲੜਾਈ ਨਹੀਂ ਹੈ, ਸਗੋਂ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਦੇ ਨਿਵੇਸ਼, ਕਾਰੋਬਾਰ, ਰੁਜ਼ਗਾਰ ਅਤੇ ਸਭਿਆਚਾਰਕ ਪਛਾਣ ਨੂੰ ਤਬਾਹ ਕਰਨ ਦੀ ਇੱਕ ਯੋਜਨਾਬੱਧ ਹਿੰਸਕ ਕੋਸ਼ਿਸ਼ ਹੈ।” ਉਨ੍ਹਾਂ ਚੇਤਾਵਨੀ ਦਿੱਤੀ ਕਿ “ਕੈਨੇਡਾ ਵਿੱਚ ਤਕਨਾਲੋਜੀ, ਰੈਸਟੋਰੈਂਟ, ਮੀਡੀਆ, ਸੰਗੀਤ ਜਾਂ ਸਭਿਆਚਾਰਕ ਬ੍ਰਾਂਡ ਸ਼ੁਰੂ ਕਰਨ ਵਾਲੇ ਬਹੁਤ ਸਾਰੇ ਨਵੇਂ ਉੱਦਮੀ, ਨਿਵੇਸ਼ਕ, ਪ੍ਰਵਾਸੀ ਭਾਰਤੀਆਂ ’ਚ ਡਰ ਅਤੇ ਸ਼ੱਕ ਦੇ ਮਾਹੌਲ ਪੈਦਾ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ: “ਕਪਿਲ ਸ਼ਰਮਾ ਕਿਸੇ ਇੱਕ ਵਿਅਕਤੀ ਦਾ ਨਾਮ ਨਹੀਂ ਹੈ – ਉਹ ਪੰਜਾਬੀ ਹਾਸੇ, ਸੱਭਿਆਚਾਰ ਅਤੇ ਮਨੁੱਖਤਾ ਦੀ ਮਿਠਾਸ ਦਾ ਚਿਹਰਾ ਹੈ। ਉਸ ਨੂੰ ਦਿੱਤੀ ਗਈ ਧਮਕੀ ਸਾਡੀ ਪੰਜਾਬੀਅਤ ਅਤੇ ਸਿੱਖ ਧਰਮ ਦੇ ਸਿਧਾਂਤਾਂ ‘ਤੇ ਹਮਲਾ ਹੈ।” ਉਨ੍ਹਾਂ ਅੱਗੇ ਕਿਹਾ “ਇਹ ਹੋਰ ਵੀ ਦੁਖਦਾਈ ਹੈ ਕਿਉਂਕਿ ਇਹ ਹਮਲਾ ਉਨ੍ਹਾਂ ਲੋਕਾਂ ਦੁਆਰਾ ਕੀਤਾ ਗਿਆ ਹੈ ਜੋ ਖ਼ਾਲਿਸਤਾਨ ਦੀ ਆੜ ਹੇਠ ਗੁਰੂ ਨਾਨਕ ਸਾਹਿਬ ਦੀ ਵਿਰਾਸਤ ਦੇ ਵਾਰਿਸ ਹੋਣ ਦਾ ਦਾਅਵਾ ਕਰਦੇ ਹਨ – ਪਰ ਅਸਲ ਵਿੱਚ, ਉਹ ਦੁਕਾਨਦਾਰ ਹਨ ਜੋ ਹਿੰਦੂਤਵ ਅਤੇ ਭਾਰਤ ਵਿਰੋਧੀ ਝੂਠੇ ਬਿਰਤਾਂਤ ਘੜ ਕੇ ਨਫ਼ਰਤ ਦਾ ਵਪਾਰ ਕਰਦੇ ਹਨ, ਸਿੱਖ ਧਰਮ ਦੇ ਨਾਮ ਨਾਲ ਧ੍ਰੋਹ ਕਰ ਰਹੇ ਹਨ।” ਜੇਕਰ ਸਿੱਖ ਨਾਵਾਂ ਵਾਲੇ ਕੁਝ ਲੋਕਾਂ ਨੂੰ ਅਪਰਾਧ ਅਤੇ ਹਿੰਸਾ ਨਾਲ ਜੁੜਿਆ ਦੇਖਿਆ ਜਾਂਦਾ ਹੈ, ਤਾਂ ਇਹ ਪੂਰੇ ਸਿੱਖ ਭਾਈਚਾਰੇ ਦੇ ਅਕਸ ਨੂੰ ਪ੍ਰਭਾਵਿਤ ਕਰਦਾ ਹੈ।
“ਇਹ ਪੰਨੂ ਗਿਰੋਹ ਦੀ ਸਾਜ਼ਿਸ਼ ਦਾ ਸਿਰਫ਼ ਇੱਕ ਸੰਕੇਤ ਹੈ – ਬਹੁਤ ਕੁਝ ਅਜੇ ਸਾਹਮਣੇ ਆਉਣਾ ਬਾਕੀ ਹੈ। ਦੁੱਖ ਦੀ ਗੱਲ ਹੈ ਕਿ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਜੇ ਤੱਕ ਪੰਨੂ ਗਿਰੋਹ ਅਤੇ ਭਾਰਤ ਤੋਂ ਭੱਜ ਕੇ ਆਏ ਗੈਂਗਸਟਰ ਤੇ ਹੋਰ ਅਤਿਵਾਦੀਆਂ ਦੀ ਖ਼ਤਰਨਾਕ ਗੱਠਜੋੜ ਦੀ ਡੂੰਘਾਈ ਨੂੰ ਨਹੀਂ ਸਮਝ ਸਕੀਆਂ ਹਨ।”
ਪ੍ਰੋ. ਖਿਆਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਨੂ ਵਰਗੇ ਅੱਤਵਾਦੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕੈਨੇਡੀਅਨ ਸਰਕਾਰ ‘ਤੇ ਕੂਟਨੀਤਕ ਦਬਾਅ ਪਾਵੇ।
ਉਨ੍ਹਾਂ ਨੇ ਸਿੱਖ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਧਰਮ ਦੇ ਨਾਮ ‘ਤੇ ਹਿੰਸਾ ਅਤੇ ਵੱਖਵਾਦ ਫੈਲਾਉਣ ਵਾਲਿਆਂ ਪ੍ਰਤੀ ਨਾ ਕੇਵਲ ਸੁਚੇਤ ਹੋਣ ਸਗੋਂ ਉਨ੍ਹਾਂ ਨੂੰ ਪੂਰੀ ਤਰਾਂ ਰੱਦ ਵੀ ਕਰਨ। ਉਨ੍ਹਾਂ ਕਿਹਾ, “ਜੇਕਰ ਗੁਰੂ ਨਾਨਕ ਦੇਵ ਜੀ ਦੇ ਸੱਚੇ ਵਾਰਸ ਅੱਜ ਚੁੱਪ ਰਹੇ, ਤਾਂ ਇਤਿਹਾਸ ਇਸ ਚੁੱਪ ਨੂੰ ਕਦੇ ਮੁਆਫ਼ ਨਹੀਂ ਕਰੇਗਾ।” ’’ਕੈਨੇਡਾ ਦੀ ਮਿੱਟੀ ਸਾਂਝੀ, ਮਿੱਠੀ ਭਾਸ਼ਾ ਅਤੇ ‘ਸਰਬੱਤ ਦਾ ਭਲਾ’ ਦੇ ਸੰਦੇਸ਼ ਨਾਲ ਗੂੰਜਣੀ ਚਾਹੀਦੀ ਹੈ – ਖ਼ੂਨ ਖ਼ਰਾਬਾ ਅਤੇ ਧਮਕੀਆਂ ਨਾਲ ਨਹੀਂ।”

Leave a Reply

Your email address will not be published. Required fields are marked *

Copyright © All rights reserved. | Newsphere by AF themes.