August 17, 2026

Justice News

ਅਵਾਮ ਦੀ ਆਵਾਜ਼

ਗ੍ਰਾਮ ਪੰਚਾਇਤ ਪੱਧਰ ‘ਤੇ ਵਿੱਤੀ ਸ਼ਮੂਲੀਅਤ ਯੋਜਨਾਵਾਂ ਦੀ 3 ਮਹੀਨੇ ਦੀ ਵਿਸ਼ੇਸ਼ ਮੁਹਿੰਮ ਸ਼ੁਰੂ

ਮੋਗਾ ( ਮਨਪ੍ਰੀਤ ਸਿੰਘ /ਗੁਰਜੀਤ ਸੰਧੂ   )

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਸਾਰੇ ਵਾਂਝੇ ਲੋਕਾਂ ਨੂੰ ਵਿੱਤੀ ਸ਼ਮੂਲੀਅਤ ਯੋਜਨਾਵਾਂ ਵਿੱਚ ਸ਼ਾਮਲ ਕਰਨ ਲਈ ਗ੍ਰਾਮ ਪੰਚਾਇਤ ਪੱਧਰ ‘ਤੇ 01.07.2025 ਤੋਂ 3 ਮਹੀਨੇ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ। ਇਹ ਮੁਹਿੰਮ 30.09.2025 ਤੱਕ ਚੱਲੇਗੀ।

   ਜਾਣਕਾਰੀ ਦਿੰਦਿਆਂ ਲੀਡ ਜ਼ਿਲ੍ਹਾ ਮੈਨੇਜਰ ਸ਼੍ਰੀ ਚਿਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਕੁੱਲ 340 ਗ੍ਰਾਮ ਪੰਚਾਇਤਾਂ, ਜਿਨ੍ਹਾਂ ਵਿੱਚ ਮੋਗਾ-1 ਦੀਆਂ 50, ਮੋਗਾ-2 ਦੀਆਂ 43, ਬਾਘਾਪੁਰਾਣਾ ਦੀਆਂ 71, ਧਰਮਕੋਟ ਐਟ ਕੋਟ ਈਸੇ ਖਾਂ ਦੀਆਂ  138 ਅਤੇ ਨਿਹਾਲ ਸਿੰਘ ਵਾਲਾ ਦੀਆਂ 38 ਪੰਚਾਇਤਾਂ ਸ਼ਾਮਿਲ ਹਨ, ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ।

   ਕੈਂਪ ਦੌਰਾਨ ਮੁੱਖ ਤੌਰ ‘ਤੇ ਪ੍ਰਧਾਨ ਮੰਤਰੀ ਜਨ ਧਨ ਖਾਤਿਆਂ ਨੂੰ ਸਰਗਰਮ ਕਰਨ ਲਈ ਅਕਿਰਿਆਸ਼ੀਲ ਖਾਤਿਆਂ ਦੇ ਕੇ ਵਾਈ ਸੀ ਦਸਤਾਵੇਜ਼ ਪ੍ਰਾਪਤ ਕਰਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅਧੀਨ ਉਨ੍ਹਾਂ ਬਾਲਗਾਂ ਲਈ ਖਾਤੇ ਖੋਲ੍ਹਣਾ ਜਿਨ੍ਹਾਂ ਕੋਲ ਅਜੇ ਤੱਕ ਬੈਂਕ ਖਾਤੇ ਨਹੀਂ ਹਨ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਵਿੱਚ ਰਜਿਸਟ੍ਰੇਸ਼ਨ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਵਿੱਚ ਰਜਿਸਟ੍ਰੇਸ਼ਨ, ਅਟਲ ਪੈਨਸ਼ਨ ਯੋਜਨਾ ਅਧੀਨ ਯੋਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਆਦਿ ਤੇ ਜ਼ੋਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡਿਜੀਟਲ ਧੋਖਾਧੜੀ, ਦਾਅਵਾ ਨਾ ਕੀਤੀਆਂ ਰਕਮਾਂ (ਐਨ ਪੀ ਏ), ਦਸ ਸਾਲ ਤੋਂ ਪੁਰਾਣੀਆਂ ਜਮ੍ਹਾਂ ਰਕਮਾਂ ਨੂੰ ਕਿਵੇਂ ਰਿਕਵਰ ਕਰਨਾ ਅਤੇ ਖਾਤਿਆਂ ਦੀ ਰੀ-ਵਾਰਡਿੰਗ ਕਰਨਾ ਆਦਿ ਵੀ ਇਸ ਮੁਹਿੰਮ ਦਾ ਹਿੱਸਾ ਹੋਵੇਗਾ। ਇਸ ਵਿਸ਼ੇਸ਼ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਲੀਡ ਜ਼ਿਲ੍ਹਾ ਮੈਨੇਜਰ ਦੁਆਰਾ ਇੱਕ ਵਿਸ਼ੇਸ਼ ਸਮੀਖਿਆ ਕੀਤੀ ਜਾਵੇਗੀ।

 ਲੀਡ ਜ਼ਿਲ੍ਹਾ ਮੈਨੇਜਰ ਸ਼੍ਰੀ ਚਿਰਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਕੈਂਪ ਦੌਰਾਨ ਬੈਂਕ ਅਧਿਕਾਰੀ ਮੌਜੂਦ ਰਹਿਣਗੇ ਅਤੇ ਵੱਖ-ਵੱਖ ਜਾਣਕਾਰੀ ਦੇਣ ਦੇ ਨਾਲ-ਨਾਲ ਜਨ ਸੁਰੱਖਿਆ ਯੋਜਨਾ ਅਤੇ ਸੁਸਤ ਖਾਤਿਆਂ ਦੇ ਕੇ ਵਾਈ ਸੀ ਦਸਤਾਵੇਜ਼ ਵੀ ਮੌਕੇ ‘ਤੇ ਪ੍ਰਾਪਤ ਕੀਤੇ ਜਾਣਗੇ। ਵਿੱਤੀ ਲੈਣ-ਦੇਣ ਵਿੱਚ ਸਾਵਧਾਨੀ ਅਤੇ ਧੋਖਾਧੜੀ ਤੋਂ ਬਚਣ ਦੇ ਉਪਾਵਾਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ।

  ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 18 ਤੋਂ 70 ਸਾਲ ਦੀ ਉਮਰ ਵਰਗ ਲਈ ਵੀਹ ਰੁਪਏ ਸਾਲਾਨਾ ਪ੍ਰੀਮੀਅਮ ਦਾ ਭੁਗਤਾਨ ਕਰਕੇ 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਤਹਿਤ 18 ਤੋਂ 50 ਸਾਲ ਦੀ ਉਮਰ ਵਰਗ ਲਈ 436 ਰੁਪਏ ਸਾਲਾਨਾ ਪ੍ਰੀਮੀਅਮ ਦਾ ਭੁਗਤਾਨ ਕਰਕੇ 2 ਲੱਖ ਰੁਪਏ ਤੱਕ ਦਾ ਮ੍ਰਿਤੂ ਬੀਮਾ ਉਪਲਬਧ ਹੈ। ਅਟਲ ਪੈਨਸ਼ਨ ਯੋਜਨਾ ਵਿੱਚ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰਨ ਦਾ ਪ੍ਰਬੰਧ ਹੈ। ਉਹਨਾਂ ਕਿਹਾ ਕਿ ਆਮ ਲੋਕ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ, ਵਧੇਰੇ ਜਾਣਕਾਰੀ ਲਈ ਆਪਣੀ ਨੇੜਲੀ ਸ਼ਾਖਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.