ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ///////////////1984 ਵਿੱਚ ਗੁੜਗਾਓ, ਪਟੌਦੀ ਅਤੇ ਹੋਦ ਚਿੱਲੜ ਪਿੰਡ ਵਿੱਚ ਹੋਏ ਸਿੱਖ ਕਤਲੇਆਮ ਮਾਮਲੇ ਵਿੱਚ ਇਨਸਾਫ਼ ਲਈ ਲੜਾਈ ਲੜ ਰਹੇ ਪੀੜਤਾਂ ਵਾਸਤੇ 1 ਮਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਇਹ ਕੇਸ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਲੜੇ ਜਾ ਰਹੇ ਹਨ।
ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ 1984 ਦੇ ਦੋਸ਼ ਭਰੇ ਦਿਨਾਂ ਦੌਰਾਨ ਨਾ ਸਿਰਫ਼ ਪਿੰਡ ਹੋਂਦ ਚਿੱਲੜ ਵਿੱਚ 32 ਸਿੱਖਾਂ ਦੀ ਬੇਰਹਮੀ ਨਾਲ ਹੱਤਿਆ ਕੀਤੀ ਗਈ ਸੀ, ਸਗੋਂ ਪਟੌਦੀ ਅਤੇ ਗੁੜਗਾਓ ਖੇਤਰ ਵਿੱਚ ਵੀ 47 ਹੋਰ ਸਿੱਖ ਨਿਸ਼ਾਨਾ ਬਣਾਏ ਗਏ। ਇਨ੍ਹਾਂ ਤਿੰਨ ਖੇਤਰਾਂ ਵਿੱਚ ਕੁੱਲ 297 ਘਰਾਂ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਗਿਆ ਸੀ ਅਤੇ ਅਨੇਕਾਂ ਪਰਿਵਾਰ ਤਬਾਹ ਹੋ ਗਏ ਸਨ।
ਭਾਈ ਘੋਲੀਆ ਨੇ ਕਿਹਾ ਕਿ ਉਨ੍ਹਾਂ ਨੇ 133 ਵੱਖ-ਵੱਖ ਪਟੀਸ਼ਨਾਂ ਹਾਈਕੋਰਟ ਵਿੱਚ ਦਰਜ ਕਰਵਾਈਆਂ ਹਨ, ਜੋ ਕਿ ਅਜਿਹੇ ਵੱਡੇ ਕਤਲੇਆਮ ਵਿਰੁੱਧ ਇਨਸਾਫ਼ ਦੀ ਲੰਮੀ ਲੜਾਈ ਦਾ ਹਿੱਸਾ ਹਨ। ਉਨ੍ਹਾਂ ਦੱਸਿਆ ਕਿ ਪੀੜਤ ਸੰਤੋਖ ਸਿੰਘ ਸਾਨੀ ਰਾਹੀਂ ਰਿੱਟ ਨੰ: 10904 ਹਾਈਕੋਰਟ ਵਿੱਚ ਦਾਇਰ ਕੀਤੀ ਗਈ ਹੈ ਜਿਸ ਦੀ ਕਾਨੂੰਨੀ ਪੈਰਵਾਈ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਕਰ ਰਹੇ ਹਨ।
ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਆਰੋਪ ਲਾਇਆ ਕਿ ਇਹ ਇੱਕ ਅਜਿਹਾ ਇੱਕਤਰਫਾ ਸਿੱਖ ਕਤਲੇਆਮ ਸੀ ਜੋ ਦੁਨੀਆ ਦੇ ਇਤਿਹਾਸ ਵਿੱਚ ਵੀ ਅਦੁਤ ਹੈ ਅਤੇ ਜਿਸ ਨੇ ਹਿਟਲਰ ਵੱਲੋਂ ਯਹੂਦੀਆਂ ਉਤੇ ਕੀਤੇ ਜੁਲਮਾਂ ਨੂੰ ਵੀ ਮਾਤ ਦੇ ਦਿੱਤਾ। ਉਨ੍ਹਾਂ ਕਿਹਾ ਕਿ ਹੋਂਦ ਚਿੱਲੜ ਪਿੰਡ ਦੀ ਵਾਤਾਵਰਨਿਕ ਹਾਲਤ, ਉਜੜੇ ਘਰ, ਕੰਧਾਂ ਉਤੇ ਲਹੂ ਦੇ ਨਿਸ਼ਾਨ ਅਤੇ ਸੁੰਨ ਪਈਆਂ ਗਲੀਆਂ ਅੱਜ ਵੀ 2 ਨਵੰਬਰ 1984 ਦੀ ਦਰਦਨਾਕ ਰਾਤ ਦੀ ਗਵਾਹੀ ਦੇ ਰਹੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਵੀ ਕਈ ਪੀੜਤ ਮਾੜੀਆਂ ਹਾਲਤਾਂ ਵਿੱਚ ਜਿਉਂਦੇ ਨੇ ਅਤੇ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਭਾਈ ਘੋਲੀਆ ਨੇ ਉਮੀਦ ਜਤਾਈ ਕਿ 1 ਮਈ ਨੂੰ ਹੋਣ ਵਾਲੀ ਸੁਣਵਾਈ ਵਿੱਚ ਹਾਈਕੋਰਟ ਵੱਲੋਂ ਇਨਸਾਫ਼ ਮਿਲੇਗਾ ਅਤੇ ਇਤਿਹਾਸ ਦੇ ਇਨ੍ਹਾਂ ਕਾਲੇ ਸਫਿਆਂ ਨੂੰ ਕਾਨੂੰਨੀ ਤੌਰ ‘ਤੇ ਸੂਧਾਰਿਆ ਜਾਵੇਗਾ।
Leave a Reply