ਵਿਜੇ ਦਿਵਸ ਨੂੰ ਸਮਰਪਿਤ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਵਾਈ ਮੈਰਾਥਨ ਦੌੜ

ਅੰਮ੍ਰਿਤਸਰ  (ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ )
ਵਿਜੇ ਦਿਵਸ ਨੂੰ ਸਮਰਪਿਤ ਪੱਛਮੀ ਕਮਾਂਡ ਦੀ ਵਜਰਾ ਕੋਰ ਅਤੇ  ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਅੰਮ੍ਰਿਤਸਰ ਵਿੱਚ ਹਾਫ ਮੈਰਾਥਨ ਦੌੜ ਕਰਵਾਈ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਅਥਲੀਟਾਂ ਨੇ ਭਾਗ ਲਿਆ। ਵਿਜੇ ਦਿਵਸ ਇਤਿਹਾਸਕ 1971 ਦੀ ਭਾਰਤ-ਪਾਕਿ ਜੰਗ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਦੇ ਅਦੁੱਤੀ ਸਾਹਸ, ਬਹਾਦਰੀ ਅਤੇ ਸਰਵਉੱਚ ਕੁਰਬਾਨੀਆਂ ਦਾ ਜਸ਼ਨ ਦੇ ਸਬੰਧ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ।
           ਇਸ ਮੌਕੇ ਦੌੜ ਦੀ ਸ਼ੁਰੂਆਤ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਕੈਬਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਅੰਮ੍ਰਿਤਸਰ ਹਾਫ ਮੈਰਥਨ ਦੌੜ ਨੇ ਨੌਜ਼ਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਜਗਾਇਆ ਹੈ। ਉਹਨਾਂ ਕਿਹਾ ਕਿ ਬੱਚਿਆਂ ਅਤੇ ਨੌਜ਼ਵਾਨਾਂ ਦਾ ਇਹ ਇਕੱਠ ਦੱਸਦਾ ਹੈ ਕਿ ਇਹ ਭਵਿੱਖ ਦੇਸ਼ ਨੂੰ ਕਿਸ ਤਰ੍ਹਾਂ ਸਮਰਪਤ ਹੈ। ਉਹਨਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਦੇਸ਼ ਵਾਸਤੇ ਹਰ ਵੇਲੇ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਬੱਚਿਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਤੁਹਾਡੀ ਬੇਮਿਸਾਲ ਭਾਗੀਦਾਰੀ ਨੇ ਆਸ ਦੀਆਂ ਨਵੀਆਂ ਕਿਰਨਾਂ ਜਗਾਈਆਂ ਹਨ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਦਾ ਇਹ ਸਰਹੱਦੀ ਜ਼ਿਲਾਂ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਅੱਗੇ ਆਵੇਗਾ। ਉਹਨਾਂ ਕਿਹਾ ਕਿ ਵਿਕਟਰੀ ਰਨ ਸਿਰਫ਼ ਇੱਕ ਮੈਰਾਥਨ ਨਹੀਂ ਬਲਕਿ 1971 ਦੇ ਨਾਇਕਾਂ ਨੂੰ ਇੱਕ ਜੀਵੰਤ ਸ਼ਰਧਾਂਜਲੀ, ਏਕਤਾ ਦਾ ਜਸ਼ਨ ਅਤੇ ਦੇਸ਼ ਭਗਤੀ, ਤੰਦਰੁਸਤੀ ਅਤੇ ਸਮਾਜਿਕ ਜ਼ਿੰਮੇਵਾਰੀ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਸੱਦਾ ਹੈ।
 ਮੈਰਾਥਨ ਦੌੜ ਵਿੱਚ ਜੋਸ਼ੀਲੇ ਕਾਲਜ ਦੇ ਵਿਦਿਆਰਥੀਆਂ, ਊਰਜਾਵਾਨ ਨੌਜ਼ਵਾਨਾਂ, ਅਨੁਸ਼ਾਸਿਤ ਐਨਸੀਸੀ ਕੈਡਿਟਾਂ, ਸਮਰਪਿਤ ਖਿਡਾਰੀਆਂ ਅਤੇ ਹਰ ਉਮਰ ਦੇ ਨਾਗਰਿਕਾਂ ਨੇ ਹਿੱਸਾ ਪਾਇਆ। 21 ਕਿੱਲੋਮੀਟਰ ਦੀ ਹਾਫ ਮੈਰਾਥਨ, ਮੇਜ਼ਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ, ਵੀਐਸਐਮ, ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ), ਪੈਂਥਰ ਡਿਵੀਜ਼ਨ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ। ਇਹ ਸੀਪੀ-7, ਖਾਸਾ ਤੋਂ ਸ਼ੁਰੂ ਹੋਈ ਅਤੇ ਅਟਾਰੀ-ਵਾਹਗਾ ਬਾਰਡਰ ‘ਤੇ ਸਮਾਪਤ ਹੋਈ।
           ਸਮਾਗਮ ਦੀ ਸ਼ਾਨ ਨੂੰ ਵਧਾਉਂਦੇ ਹੋਏ 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਦੌੜ ਦੀ ਸ਼ੁਰੂਆਤ ਕੈਬਨਿਟ ਮੰਤਰੀ ਹਰਭਜਨ ਸਿੰਘ, ਬ੍ਰਿਗੇਡੀਅਰ ਹਰਚਰਨ ਸਿੰਘ (ਸੇਵਾਮੁਕਤ), ਓਲੰਪਿਕ ਦੇ ਮਹਾਨ ਖਿਡਾਰੀ ਤੇ ਅਰਜੁਨ ਐਵਾਰਡੀ ਅਤੇ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕੀਤੀ। ਇਸ ਵਿੱਚ 22 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੀ ਬੜੇ ਚਾਅ ਨਾਲ ਹਿੱਸਾ ਲਿਆ।
           ਉਤਸ਼ਾਹੀ ਭੀੜ ਨੂੰ ਸੰਬੋਧਿਤ ਕਰਦੇ ਹੋਏ ਮੇਜ਼ਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ ਅਤੇ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਵਿਸ਼ੇਸ਼ ਤੌਰ ਤੇ ਬੱਚਿਆਂ ਵੱਲੋਂ ਵਿਖਾਏ ਗਏ ਦੇਸ਼ ਭਗਤੀ ਦੇ ਜੋਸ਼ ਲਈ ਸ਼ਲਾਘਾ ਕੀਤੀ। ਉਨ੍ਹਾਂ ਸਾਰਿਆਂ ਨੂੰ ਭਾਰਤ ਦੀਆਂ ਹੱਥਿਆਰਬੰਦ ਸੈਨਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਸੱਦਾ ਦਿੱਤਾ। ਪਤਵੰਤਿਆਂ ਨੇ ਹਾਜ਼ਰੀਨ ਨੂੰ ਸਿਹਤਮੰਦ, ਨਸ਼ਾ ਮੁਕਤ ਸਮਾਜ ਦੀ ਉਸਾਰੀ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ।

Leave a Reply

Your email address will not be published.


*