August 17, 2026

Justice News

ਅਵਾਮ ਦੀ ਆਵਾਜ਼

ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਦੀ ਉਮੀਦ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ

ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ
ਅੰਮ੍ਰਿਤਸਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਅਤੇ ਹਥਿਆਰਾਂ ਦੇ ਕਾਰਟੇਲ ਦਾ ਪਰਦਾਫਾਸ਼ ਕਰਦਿਆਂ ਇੱਕ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿਸ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 3.5 ਕਿੱਲੋਗ੍ਰਾਮ ਹੈਰੋਇਨ, 1.5 ਕਿੱਲੋਗ੍ਰਾਮ ਮੈਥਾਕਲੋਨ ਅਤੇ ਦੋ ਪਿਸਤੌਲਾਂ ਸਮੇਤ ਇੱਕ ਆਧੁਨਿਕ 9 ਐਮਐਮ ਗਲਾਕ ਬਰਾਮਦ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆਂ ਕਿ ਫ਼ੜੇ ਗਏ ਵਿਅਕਤੀਆਂ ਦੀ ਪਛਾਣ ਵੰਸ਼ ਉਰਫ਼ ਬਿੱਲਾ (23) ਵਾਸੀ ਬਿੱਲੇ ਵਾਲਾ ਚੌਕ ਅੰਮ੍ਰਿਤਸਰ ਅਤੇ ਸੋਨੂੰ ਚੌਰਸੀਆ (20) ਵਾਸੀ ਦਸਮੇਸ਼ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਵੰਸ਼ ਉਰਫ਼ ਬਿੱਲਾ ਦੀ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਵਿੱਚ ਸ਼ਮੂਲੀਅਤ ਬਾਰੇ ਭਰੋਸੇਮੰਦ ਸੂਚਨਾਵਾਂ ਦੇ ਆਧਾਰ ‘ਤੇ ਸੀ.ਆਈ.ਏ. ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਜਾਲ ਵਿਛਾ ਕੇ ਉਸ ਨੂੰ ਮੋਹਕਮਪੁਰਾ ਇਲਾਕੇ ‘ਚੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ‘ਚੋਂ 3.5 ਕਿੱਲੋ ਹੈਰੋਇਨ, 1.5 ਕਿੱਲੋ ਮੈਥਾਕੁਆਲੋਨ ਪਾਊਡਰ ਅਤੇ ਆਸਟ੍ਰੀਆ ਨਿਰਮਿਤ ਇੱਕ 9 ਐਮਐਮ ਗਲਾਕ ਪਿਸਤੌਲ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਸਬੰਧੀ ਮਿਲੀ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਇਕ ਹੋਰ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਮੋਹਕਮਪੁਰਾ ਦੇ ਇਲਾਕੇ ਵਿੱਚ ਬਟਾਲਾ ਰੋਡ ‘ਤੇ ਸਨਸਿਟੀ ਮੋੜ ਤੋਂ ਦੋਸ਼ੀ ਸੋਨੂੰ ਚੌਰਸੀਆ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ‘ਚੋਂ 32 ਬੋਰ ਦਾ ਪਿਸਤੌਲ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਦੀ ਉਮੀਦ ਹੈ।
ਇਸ ਸਬੰਧੀ ਦੋ ਵੱਖ-ਵੱਖ ਮੁਕੱਦਮੇ ਥਾਣਾ ਮੋਹਕਮਪੁਰਾ ਵਿਖੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਹਿਲੀ ਐਫ.ਆਈ.ਆਰ ਨੰ. 98 ਮਿਤੀ 14-11-2024 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ ਤੇ 29 ਅਤੇ ਅਸਲਾ ਐਕਟ ਦੀ ਧਾਰਾ 25(8) ਤਹਿਤ ਦਰਜ ਕੀਤੀ ਗਈ ਅਤੇ ਦੂਜੀ ਐਫ.ਆਈ.ਆਰ. ਨੰ. 97 ਮਿਤੀ 14-11-24 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.