August 17, 2026

Justice News

ਅਵਾਮ ਦੀ ਆਵਾਜ਼

ਕਿਸਾਨਾਂ ਵੱਲੋਂ ਜ਼ਿਮਨੀ ਚੋਣਾਂ ‘ਚ ਭਾਜਪਾ ਅਤੇ ਆਪ ਦੇ 3 ਉਮੀਦਵਾਰਾਂ ਦੇ ਘਰਾਂ ਦਫ਼ਤਰਾਂ ਅੱਗੇ ਪੱਕੇ ਮੋਰਚੇ ਸ਼ੁਰੂ

ਚੰਡੀਗੜ੍ਹ//////// ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਨਵੇਂ ਫੈਸਲੇ ਅਨੁਸਾਰ ਜ਼ਿਮਨੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੇ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਦੇ ਘਰ ਅੱਗੇ ਅਤੇ ਆਪ ਦੇ ਉਮੀਦਵਾਰ ਬਰਨਾਲਾ ਤੋਂ ਹਰਵਿੰਦਰ ਸਿੰਘ ਧਾਲੀਵਾਲ ਦੇ ਦਫ਼ਤਰ ਅੱਗੇ 3 ਪੱਕੇ ਮੋਰਚੇ ਅੱਜ ਸ਼ੁਰੂ ਕਰ ਦਿੱਤੇ ਗਏ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਗਿੱਦੜਬਾਹਾ ਤੋਂ ਆਪ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਘਰ ਅੱਗੇ ਅੱਜ ਭਾਕਿਯੂ ਏਕਤਾ ਡਕੌਂਦਾ (ਧਨੇਰ) ਦਾ ਇੱਕ ਰੋਜ਼ਾ ਧਰਨਾ ਹੋਣ ਕਾਰਨ ਉੱਥੇ ਜਥੇਬੰਦੀ ਵੱਲੋਂ ਪੱਕਾ ਮੋਰਚਾ ਕੱਲ੍ਹ ਤੋਂ ਸ਼ੁਰੂ ਕੀਤਾ ਜਾਵੇਗਾ। 26 ਟੌਲ-ਮੁਕਤ ਮੋਰਚੇ ਜਿਉਂ ਦੇ ਤਿਉਂ ਜਾਰੀ ਹਨ। ਇਸਦੇ ਨਾਲ ਹੀ ਅਜੇ ਵੀ ਕਈ ਮੰਡੀਆਂ ਵਿੱਚ ਖ੍ਰੀਦ ਸਮੇਂ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਖ੍ਰੀਦ ਅਧਿਕਾਰੀਆਂ ਦੀ ਮਿਲੀਭੁਗਤ ਰਾਹੀਂ ਪਾਏ ਜਾ ਰਹੇ ਬੇਲੋੜੇ ਅੜਿੱਕੇ ਅਤੇ ਪ੍ਰਤੀ ਕੁਇੰਟਲ 100 ਤੋਂ 200 ਰੁਪਏ ਕੀਤੀ ਜਾ ਰਹੀ ਜਬਰੀ ਕਟੌਤੀ ਵਿਰੁੱਧ ਜ਼ਿੰਮੇਵਾਰਾਂ ਦੇ ਘਿਰਾਓ ਵੀ ਹੋਰ ਤੇਜ਼ ਕੀਤੇ ਜਾਣਗੇ। ਡੀ ਏ ਪੀ ਖਾਦ ਦਾ 32000 ਬੋਰੀਆਂ ਦਾ ਪੂਰਾ ਰੈਕ ਜ਼ਿਮਨੀ ਚੋਣ ਵਿੱਚ ਵੋਟਾਂ ਬਟੋਰਨ ਦੇ ਮਕਸਦ ਨਾਲ ਬਰਨਾਲਾ ਲੈ ਕੇ ਜਾਣ ਵਿਰੁੱਧ ਮਲੇਰਕੋਟਲਾ ਸਟੇਸ਼ਨ ‘ਤੇ ਰੇਲ ਦਾ ਘਿਰਾਓ ਕਰਕੇ ਇਸ ਜ਼ਿਲ੍ਹੇ ਦਾ ਅਲਾਟ ਹੋਇਆ ਹਿੱਸਾ ਉੱਥੇ ਹੀ ਲਾਹਿਆ ਗਿਆ। ਪਰਾਲ਼ੀ ਬਿਨਾਂ ਸਾੜਨ ਤੋਂ ਨਿਪਟਾਰੇ ਲਈ ਗ੍ਰੀਨ ਟ੍ਰਿਬਿਊਨਲ ਦੀਆਂ ਛੋਟੇ ਕਿਸਾਨਾਂ ਪੱਖੀ ਹਦਾਇਤਾਂ ਲਾਗੂ ਨਾ ਕਰਨ ਕਰਕੇ ਮਜਬੂਰੀ ਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਮੁਕੱਦਮੇ, ਜੁਰਮਾਨੇ, ਲਾਲ ਐਂਟ੍ਰੀਆਂ ਅਤੇ ਹੋਰ ਦਬਾਅ-ਪਾਊ ਕਦਮ ਰੋਕਣ ਲਈ ਵੀ ਥਾਂ ਥਾਂ ਮੋਰਚੇ ਲਾਏ ਜਾ ਰਹੇ ਹਨ। ਹੋਰ ਰੁਝੇਵਿਆਂ ‘ਚ ਫਸੇ ਇਸ ਜਾਬਰ ਕੰਮ ‘ਚ ਪਛੜ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਨੋਡਲ ਅਫਸਰਾਂ ਨੂੰ ਮੁਅੱਤਲ ਕਰਨ ਵਰਗੇ ਫੈਸਲਿਆਂ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ 8% ਲਈ ਜ਼ਿੰਮੇਵਾਰ ਕਿਸਾਨਾਂ ਸਿਰ ਪ੍ਰਦੂਸ਼ਣ ਦਾ ਸਾਰਾ ਦੋਸ਼ ਮੜ੍ਹਨਾ ਅਤੇ 51% ਪ੍ਰਦੂਸ਼ਣ ਫੈਲਾਉਣ ਵਾਲੇ ਸਨਅਤੀ ਘਰਾਣਿਆਂ ਨੂੰ ਦੋਸ਼ ਮੁਕਤ ਕਰਨਾ ਸਰਾਸਰ ਬੇਇਨਸਾਫ਼ੀ ਹੈ। ਚਿੱਟੇ ਵਰਗੇ ਜਾਨਲੇਵਾ ਨਸ਼ਿਆਂ ਦੇ ਤਸਕਰਾਂ ਨੂੰ ਬਖਸ਼ਣ ਵਾਲੇ ਅਧਿਕਾਰੀਆਂ ਬਾਰੇ ਅੱਖਾਂ ਮੀਚਣ ਵਾਲਾ ਸਰਕਾਰ ਦਾ ਵਿਹਾਰ ਇਸ ਕਾਲੇ ਧੰਦੇ ਵਿੱਚ ਮੋਟੀਆਂ ਹਿੱਸਾਪੱਤੀਆਂ ਦੀ ਗਵਾਹੀ ਭਰਦਾ ਹੈ।
ਅੱਜ ਦੇ ਮੋਰਚਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ ਤੇ ਕਮਲਜੀਤ ਕੌਰ ਬਰਨਾਲਾ ਸਮੇਤ ਜ਼ਿਲ੍ਹਾ ਤੇ ਬਲਾਕ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ 29 ਪੱਕੇ ਮੋਰਚਿਆਂ ਤੋਂ ਇਲਾਵਾ ਮੰਡੀਆਂ ਵਿੱਚ ਅਤੇ ਪਰਾਲ਼ੀ ਜਾਂ ਡੀ ਏ ਪੀ ਸੰਬੰਧੀ ਲੋੜ ਅਨੁਸਾਰ ਲਾਏ ਜਾਣ ਵਾਲੇ ਮੋਰਚਿਆਂ ਵਿੱਚ ਪ੍ਰਵਾਰਾਂ ਸਮੇਤ ਵਹੀਰਾਂ ਘੱਤ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.