ਸਰਕਾਰੀ ਸ਼ਹੀਦ ਉਧਮ ਸਿੰਘ ਕਾਲਜ ਵਿਖੇ 68 ਲੱਖ ਦੀ ਲਾਗਤ ਨਾਲ ਬਣੇਗਾ 400 ਮੀਟਰ ਟਰੈਕ

ਸੁਨਾਮ ਉਧਮ ਸਿੰਘ ਵਾਲਾ ( ਪੱਤਰਕਾਰ ) ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਵਿਖੇ ਸਥਿਤ ਸਰਕਾਰੀ ਸ਼ਹੀਦ ਊਧਮ ਸਿੰਘ ਕਾਲਜ ਵਿਖੇ ਨਵੇਂ ਬਣਨ ਵਾਲੇ 400 ਮੀਟਰ ਲੰਬੇ ਟਰੈਕ ਦਾ ਨੀਹ ਪੱਥਰ ਰੱਖਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਜੋਸ਼ੋ ਖਰੋਸ਼ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਾਲ ਨਾਲ ਸਰਕਾਰੀ ਕਾਲਜਾਂ ਦੇ ਖਿਡਾਰੀਆਂ ਨੂੰ ਤਰਾਸ਼ਣ ਲਈ ਵੀ ਪੰਜਾਬ ਸਰਕਾਰ ਉਚੇਚੇ ਉਪਰਾਲੇ ਕਰ ਰਹੀ ਹੈ ਅਤੇ ਇਸੇ ਕੜੀ ਦੇ ਤਹਿਤ ਸ਼ਹੀਦ ਉਧਮ ਸਿੰਘ ਕਾਲਜ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਹਨਾਂ ਵੱਲੋਂ 400 ਮੀਟਰ ਲੰਬੇ ਸਿੰਡਰ ਟਰੈਕ ਦਾ ਨੀਹ ਪੱਥਰ ਰੱਖਿਆ ਗਿਆ ਹੈ ਜਿਸ ਨੂੰ ਤਿਆਰ ਕਰਨ ਵਿੱਚ ਲਗਭਗ 68 ਲੱਖ ਰੁਪਏ ਦੀ ਲਾਗਤ ਆਵੇਗੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਨੂੰ ਸਹੂਲਤਾਂ ਪੱਖੋਂ ਪੰਜਾਬ ਦਾ ਸਰਵੋਤਮ ਹਲਕਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਰਾਹੀਂ ਇਹ ਟਰੈਕ ਅਗਲੇ ਪੰਜ ਮਹੀਨਿਆਂ ਅੰਦਰ ਮੁਕੰਮਲ ਕਰਵਾਉਣ ਮਗਰੋਂ ਕਾਲਜ ਦੇ ਖਿਡਾਰੀਆਂ ਨੂੰ ਅਭਿਆਸ ਅਤੇ ਤਕਨੀਕੀ ਖੇਡ ਸਿਖਲਾਈ ਲਈ ਸਮਰਪਿਤ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਟਰੈਕ ਵਿੱਚ ਇੱਕ ਫੁਟਬਾਲ ਗਰਾਊਂਡ ਵੀ ਬਣਾਇਆ ਜਾਵੇਗਾ ਜਿੱਥੋਂ ਖਿਡਾਰੀਆਂ ਨੂੰ ਫੁਟਬਾਲ ਦੀ ਖੇਡ ਵਿੱਚ ਆਪਣੀ ਪ੍ਰਤਿਭਾ ਨਿਖਾਰਨ ਦਾ ਸੁਨਹਿਰਾ ਮੌਕਾ ਮਿਲੇਗਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਕਾਲਜ ਵਿੱਚੋਂ ਵਿਦਿਆ ਹਾਸਲ ਕਰਨ ਵਾਲੇ  ਅਨੇਕਾਂ ਵਿਦਿਆਰਥੀ ਨਾ ਕੇਵਲ ਪੰਜਾਬ ਬਲਕਿ ਦੇਸ਼ ਅਤੇ ਵਿਦੇਸ਼ਾਂ ਦੀ ਧਰਤੀ ਵਿੱਚ ਵੀ ਚੰਗਾ ਨਾਮਣਾ ਖੱਟ ਰਹੇ ਹਨ ਅਤੇ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਖੇਡ ਮੈਦਾਨਾਂ ਨੇ ਦੇਸ਼ ਤੇ ਸੂਬੇ ਨੂੰ ਨਾਮਵਰ ਖਿਡਾਰੀ ਦਿੱਤੇ ਹਨ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਕਾਲਜ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜਬੂਤ ਕਰਨ ਦੀ ਦਿਸ਼ਾ ਵਿੱਚ ਵੀ ਮਹੱਤਵਪੂਰਣ ਕਦਮ ਚੁੱਕੇ ਜਾ ਰਹੇ ਹਨ ਅਤੇ ਇਹ ਸਿੰਡਰ ਟਰੈਕ ਵੀ ਇਸ ਦਿਸ਼ਾ ਵਿੱਚ ਇੱਕ ਅਹਿਮ ਉਪਰਾਲਾ ਹੈ।
ਇਸ ਮੌਕੇ ਸੁਖਵਿੰਦਰ ਸਿੰਘ ਪ੍ਰਿੰਸੀਪਲ ਐਸ ਯੂ ਐਸ ਕਾਲਜ, ਮਨਪ੍ਰੀਤ ਬਾਂਸਲ, ਪੰਕਜ ਡੋਗਰਾ ਪ੍ਰਧਾਨ ਓਲਡ ਸਟੂਡੈਂਟ ਐਸੋਸੀਏਸ਼ਨ, ਆਸ਼ਾ ਬਜਾਜ, ਸਾਹਿਬ ਸਿੰਘ ਬਲਾਕ ਪ੍ਰਧਾਨ, ਨਰੇਸ਼ ਸ਼ਰਮਾ, ਅਮਰੀਕ ਸਿੰਘ ਧਾਲੀਵਾਲ, ਵਿਸ਼ਾਲ ਕੌਸ਼ਲ, ਮਨੀ ਸਰਾਉ ਵੀ ਹਾਜ਼ਰ ਸਨ।

Leave a Reply

Your email address will not be published.


*