ਐੱਸ ਏ ਐੱਸ ਨਗਰ ਮੋਹਾਲੀ (ਪੱਤਰਕਾਰ ) ਨਿਯੁਕਤੀ ਪੱਤਰ ਜਲਦੀ ਸੌਂਪੇ ਜਾਣ ਦੀ ਮੰਗ ਨੂੰ ਲੈਕੇ ਬੇਰੁਜ਼ਗਾਰ ਈਟੀਟੀ 2364 ਭਰਤੀ ਦੇ ਦੋ ਅਧਿਆਪਕ ਗੁਰਸੇਵ ਸਿੰਘ ਸੰਗਰੂਰ ਅਤੇ ਰਾਜਵਿੰਦਰ ਸਿੰਘ ਜਲਾਲਾਬਾਦ ਆਪਣੇ ਨਾਲ ਪੈਟਰੋਲ ਦੀਆਂ ਬੋਤਲਾਂ ਲੈਕੇ ਅੱਜ ਕੇ ਡੀ ਪੀ ਆਈ ਦਫ਼ਤਰ ਮੋਹਾਲੀ ਦੀ ਛੱਤ ਤੇ ਚੜ੍ਹ ਗਏ। ਇਨ੍ਹਾਂ ਈਟੀਟੀ 2364 ਭਰਤੀ ਵਾਲੇ ਬੇਰੁਜ਼ਗਾਰ ਅਧਿਆਪਕਾਂ ਦਾ ਡੀਪੀਆਈ ਦਫ਼ਤਰ ਮੋਹਾਲੀ ਅੱਗੇ ਧਰਨਾ ਪ੍ਰਦਰਸ਼ਨ ਵੀ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਹਨਾਂ ਅਧਿਆਪਕਾਂ ਨੇ ਡੀਪੀਆਈ ਦਫ਼ਤਰ ਦੀ ਛੱਤ ਤੋਂ ਹੀ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਆਪਕਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਵੀ ਫੜ੍ਹੀਆਂ ਹੋਈਆਂ ਹਨ।
ਅਧਿਆਪਕਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੀ ਜਾਨ ਵੀ ਦਾਅ ਤੇ ਲਾ ਦਿਆਂਗੇ। ਇਹ ਸੁਨੇਹਾ ਛੱਤ ‘ਤੇ ਚੜੇ ਅਧਿਆਪਕਾਂ ਵੱਲੋਂ ਇੱਕ ਵੀਡੀਓ ਰਾਹੀਂ ਦਿੱਤਾ ਗਿਆ ਹੈ। ਅਧਿਆਪਕਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਮੈਰਿਟ ਸੂਚੀ ਆਈ ਨੂੰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਸਿੱਖਿਆ ਵਿਭਾਗ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿਹਾ ਕਿ ਜੇਕਰ ਸਰਕਾਰ 2364 ਭਰਤੀ ਨੂੰ ਪੂਰਾ ਕਰਨ ਵਿੱਚ ਦੇਰੀ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੱਧਰ ਤੇ ਤਿੱਖੇ ਸੰਘਰਸ਼ ਕੀਤੇ ਜਾਣਗੇ।
ਯੂਨੀਅਨ ਆਗੂਆਂ ਨੇ ਕਿਹਾ ਕੀ ਸਰਕਾਰ ਨਾਲ ਲਗਾਤਾਰ 2364 ਭਰਤੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰਨ ਦਾ ਵਿਸ਼ਵਾਸ ਦੁਆਇਆ ਤੇ ਹੁਣ ਸੰਬੰਧਿਤ ਅਧਿਕਾਰੀਆਂ ਨਾਲ ਅੱਜ ਦੀ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਹੀਂ ਨਿਕਲ ਕੇ ਆਉਂਦਾ ਤਾਂ ਸਰਕਾਰ ਦੇ ਵਿਰੁੱਧ ਤਿੱਖਾ ਸੰਘਰਸ਼ ਵੇਖਣ ਨੂੰ ਮਿਲੇਗਾ ਤੇ ਉਹ ਗੁਪਤ ਐਕਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾ ਦੀ ਕੋਈ ਜਾਨ ਮਾਨ ਦਾ ਨੁਕਸਾਨ ਹੁੰਦਾ ਹੈ, ਤਾਂ ਉਸਦੀ ਜਿੰਮੇਵਾਰ ਪੰਜਾਬ ਸਰਕਾਰ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਡੀਪੀਆਈ ਅਤੇ ਇਥੋਂ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ।
ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ, ਹਰਜੀਤ ਬੁਡਲਾਡਾ, ਗੁਰਸੇਵ ਸੰਗਰੂਰ, ਗੁਰਸੰਗਤ ਬੁਢਲਾਡਾ ਗੁਰਜੀਵਨ ਮਾਨਸਾ, ਜਸਵਿੰਦਰ ਮਾਛੀਵਾੜਾ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਮੀਮਸਾ, ਪਿ੍ਥਵੀ ਅਬੋਹਰ, ਸੁਖਚੈਨ ਬੋਹਾ, ਸੁਖਜਿੰਦਰ ਸੰਗਰੂਰ, ਰਾਜਿੰਦਰ ਧੂਰੀ,ਕੁਲਦੀਪ ਅਬੋਹਰ, ਰਣਜੀਤ ਸੰਗਰੂਰ, ਸੁਖਜਿੰਦਰ ਜਲਾਲਾਬਾਦ, ਤਰਸੇਮ ਸੰਗਰੂਰ, ਓਮਪ੍ਰਕਾਸ਼ ਫਿਰੋਜ਼ਪੁਰ, ਜਗਪਾਲ ਡੱਬਵਾਲੀ, ਰਾਜਵਿੰਦਰ ਜਲਾਲਾਬਾਦ, ਕਿਰਨਦੀਪ ਨਾਭਾ, ਸ਼ੀਤਲ ਫਾਜ਼ਿਲਕਾ, ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।
Leave a Reply