August 17, 2026

Justice News

ਅਵਾਮ ਦੀ ਆਵਾਜ਼

ਫਲਿੱਪਕਾਰਟ ਕੰਪਨੀ ਦੇ ਦਫ਼ਤਰ ਦੇ ਜਿੰਦੇ ਤੋੜ ਕੇ  ਕਰੀਬ ਡੇਢ ਲੱਖ ਰੁਪਏ / ਸਮਾਨ ਚੋਰੀ ਕਰ ਲਿਆ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਇਲਾਕੇ ‘ਚ ਚੋਰਾਂ ਨੇ ਲੋਕਾਂ ਦੀ ਨੱਕ ਵਿੱਚ ਦਮ ਕੀਤਾ ਹੋਇਆ ਹੈ, ਉੱਥੇ ਹੀ ਪੁਲਸ ਪ੍ਰਸ਼ਾਸਨ ਚੋਰਾਂ ਤੱਕ ਪਹੁੰਚਣ ‘ਚ ਨਾਕਾਮ ਸਾਬਤ ਹੋ ਰਿਹਾ ਹੈ, ਇਸ ਕਰਕੇ ਚੋਰਾਂ ਦੇ ਹੌੰਸਲੇ ਬੁਲੰਦ ਜਾਪਦੇ ਹਨ। ਪਿਛਲੀ ਰਾਤ ਵੀ ਅਣਪਛਾਤੇ ਚੋਰਾਂ ਨੇ ਇੱਥੇ ਨਾਭਾ ਕੈਂਚੀਆਂ ਵਿਖੇ ਸਥਿਤ ਫਲਿੱਪਕਾਰਟ ਕੰਪਨੀ ਦੇ ਦਫ਼ਤਰ ਦੇ ਜਿੰਦੇ ਤੋੜ ਕੇ ਉਥੋਂ ਕਰੀਬ ਡੇਢ ਲੱਖ ਰੁਪਏ ਦੀ ਨਗਦੀ ਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ।ਇਸ ਸਬੰਧੀ ਕਿਰਨ ਪਾਲ ਸਿੰਘ ਵਾਸੀ ਪਾਤੜਾ ਨੇ ਸਥਾਨਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਫਲਿੱਪਕਾਰਟ ਭਵਾਨੀਗੜ੍ਹ ਦੇ ਦਫ਼ਤਰ ਵਿੱਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ ਤੇ ਕੰਪਨੀ ਦਾ ਲੈਣਦੇਣ ਵੀ ਉਹ ਖ਼ੁਦ ਕਰਦਾ ਹੈ।
ਕਿਰਨ ਪਾਲ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਲੰਘੀ 25 ਅਗਸਤ ਨੂੰ ਸ਼ਾਮ ਕਰੀਬ 7 ਵਜੇ ਦਫ਼ਤਰ ਬੰਦ ਕਰ ਕੇ ਚਲਾ ਗਿਆ ਸੀ। ਅਗਲੀ ਸਵੇਰ ਜਦੋਂ ਉਸ ਦਾ ਡਿਲੀਵਰੀ ਬੁਆਏ ਜੁਝਾਰ ਸਿੰਘ ਕੰਮ ‘ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦਫ਼ਤਰ ਦੇ ਤਾਲੇ ਟੁੱਟੇ ਹੋਏ ਸਨ ਤੇ ਦਫ਼ਤਰ ਅੰਦਰ ਪਿਆ ਸਾਮਾਨ ਖਿਲਰਿਆ ਪਿਆ ਸੀ। ਇਸ ਘਟਨਾ ਸਬੰਧੀ ਜਾਣਕਾਰੀ ਜੁਝਾਰ ਸਿੰਘ ਵੱਲੋਂ ਉਸ ਨੂੰ ਦਿੱਤੀ ਗਈ ਤੇ ਜਦੋਂ ਉਹ ਪਾਤੜਾ ਤੋਂ ਭਵਾਨੀਗੜ੍ਹ ਪਹੁੰਚਿਆ ਤਾਂ ਉਸ ਨੇ ਮੌਕੇ ‘ਤੇ ਦੇਖਿਆ ਕਿ ਦਫ਼ਤਰ ਦੀ ਸੇਫ ਦਾ ਜਿੰਦਾ ਟੁੱਟਿਆ ਹੋਇਆ ਸੀ ਤੇ ਸੇਫ ‘ਚ ਪਏ 1 ਲੱਖ 43 ਹਜ਼ਾਰ 837 ਰੁਪਏ ਗਾਇਬ ਸਨ।
ਕਿਰਨ ਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਦਫ਼ਤਰ ਦੇ ਤਾਲੇ ਤੋੜ ਕੇ ਸੇਫ਼ ਵਿੱਚ ਰੱਖੇ ਉਕਤ ਪੈਸੇ ਅਤੇ ਦਫ਼ਤਰ ਵਿੱਚ ਲੱਗੇ ਕੈਮਰੇ ਤੇ ਡੀ.ਵੀ.ਆਰ. ਵੀ ਚੋਰੀ ਕਰ ਲਏ। ਕਿਰਨ ਪਾਲ ਨੇ ਦੱਸਿਆ ਕਿ ਚੋਰੀ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਓਧਰ, ਭਵਾਨੀਗੜ੍ਹ ਦੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.