August 17, 2026

Justice News

ਅਵਾਮ ਦੀ ਆਵਾਜ਼

‘‘ਖੋ ਖੋ” —– ਗੁੰਮਨਾਮੀ ਤੋਂ ਅੰਤਰਰਾਸ਼ਟਰੀ ਸਿਖਰ ਤੱਕ — ਸੁਧਾਂਸ਼ੂ ਮਿੱਤਲ   

ਪਿੱਛਾ ਕਰਨ ਦੀ ਸਦੀਆਂ ਪੁਰਾਣੀ ਰੁਮਾਂਚਕ ਖੇਡ ਖੋ-ਖੋ ਦੀਆਂ ਜੜ੍ਹਾਂ ਭਾਰਤੀ ਮਿਥਿਹਾਸ ’ਚ ਹਨ ਅਤੇ ਇਹ ਖੇਡ ਪ੍ਰਾਚੀਨ ਸਮੇਂ ਤੋਂ ਪੂਰੇ ਭਾਰਤ ’ਚ ਕੁਦਰਤੀ ਘਾਹ ਜਾਂ ਮੈਦਾਨਾਂ ’ਤੇ ਨਿਯਮਿਤ ਤੌਰ ’ਤੇ ਖੇਡੀ ਜਾਂਦੀ ਹੈ। ‘‘ਖੋ’’ ਮਰਾਠੀ ਸ਼ਬਦ ਹੈ ਜਿਸ ਦਾ ਅਰਥ ਹੈ ਜਾਓ ਅਤੇ ਪਿੱਛਾ ਕਰੋ। ਭਾਰਤ ਦੇ ਪੇਂਡੂ ਖੇਤਰਾਂ ’ਚ ਬੱਚਿਆਂ ਦੁਆਰਾ ਖੇਡੀ ਜਾਣ ਵਾਲੀ ‘‘ਖੋ-ਖੋ’’ ਨੂੰ ਪ੍ਰਾਚੀਨ ਭਾਰਤ ਦੀ ਰਵਾਇਤੀ ਖੇਡ ਮੰਨਿਆ ਜਾਂਦਾ ਹੈ ਅਤੇ ਇਹ ਪੇਂਡੂ ਖੇਤਰਾਂ ’ਚ ਕਬੱਡੀ ਤੋਂ ਬਾਅਦ ਦੂਜੀ ਰੁਮਾਂਚਕ ਟੈਗ ਗੇਮ ਹੈ। ‘‘ਖੋ-ਖੋ’’ ਦਾ ਮੂਲ ਭਾਰਤ ’ਚ ਮੰਨਿਆ ਜਾਂਦਾ ਹੈ। ਇਤਿਹਾਸ ’ਚ ਇਸ ਦਾ ਵਰਣਨ ਮੌਰੀਆ ਰਾਜ (ਚੌਥੀ ਈ.ਪੂ.) ’ਚ ਮਿਲਦਾ ਹੈ। ‘‘ਖੋ-ਖੋ’’ ਖੇਡ ਦਾ ਵਰਣਨ ਮਹਾਂਭਾਰਤ ਕਾਲ ’ਚ ਵੀ ਕੀਤਾ ਗਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਮਹਾਂਭਾਰਤ ਕਾਲ ਦੌਰਾਨ ਰੱਥਾਂ ’ਤੇ ‘‘ਖੋ-ਖੋ’’ ਖੇਡਿਆ ਜਾਂਦਾ ਸੀ ਜਿੱਥੇ ਵਿਰੋਧੀ ਰੱਥ ’ਤੇ ਸਵਾਰ ਹੋ ਕੇ ਇਕ-ਦੂਜੇ ਦਾ ਪਿੱਛਾ ਕਰਦੇ ਸਨ, ਜਿਸ ਨੂੰ ‘ਰਥੇੜਾ’ ਕਿਹਾ ਜਾਂਦਾ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅਭਿਮੰਨਿਊ ਨੇ ਮਹਾਭਾਰਤ ਯੁੱਧ ਦੇ 13ਵੇਂ ਦਿਨ ਗੁਰੂ ਦਰੋਣਾਚਾਰੀਆ ਦੁਆਰਾ ਰਚੇ ਗਏ ਚੱਕਰਵਿਊ ਵਿੱਚ ਪ੍ਰਵੇਸ਼ ਕਰਨ ਲਈ ‘‘ਖੋ-ਖੋ” ਵਿੱਚ ਵਰਤੀ ਗਈ ਰਣਨੀਤੀ ਦੀ ਵਰਤੋਂ ਕੀਤੀ ਅਤੇ ‘‘ਖੋ-ਖੋ” ਦੇ ਹੁਨਰ ਦੀ ਵਰਤੋਂ ਕਰਕੇ ਕੌਰਵ ਵੰਸ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।
ਡੇਕਨ ਜਿਮਖ਼ਾਨਾ ਪੁਣੇ, ਜਿਸ ਦਾ ਗਠਨ ਲੋਕਮਾਨਯ ਤਿਲਕ ਦੁਆਰਾ ਕੀਤਾ ਗਿਆ ਸੀ, ਨੇ ਪਹਿਲੀ ਵਾਰ ਇਸ ਖੇਡ ਦੇ ਰਸਮੀ ਨਿਯਮ ਤੈਅ ਕੀਤੇ। ਸਾਲ 1923-24 ਵਿੱਚ, ਇੰਟਰ ਸਕੂਲ ਖੇਡ ਮੁਕਾਬਲੇ ਦੀ ਸਥਾਪਨਾ ਕੀਤੀ ਗਈ ਜਿਸ ਰਾਹੀਂ ‘‘ਖੋ-ਖੋ” ਨੂੰ ਪੇਂਡੂ ਪੱਧਰ ’ਤੇ ਪ੍ਰਸਿੱਧ ਕਰਨ ਲਈ ਕਦਮ ਚੁੱਕੇ ਗਏ। ਇਸ ਖੇਡ ਦੇ ਨਿਯਮਾਂ ਨੂੰ ਭਾਰਤ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਲ 1928 ਵਿੱਚ ਬਣੇ ‘‘ਆਲ ਇੰਡੀਆ ਫਿਜ਼ੀਕਲ ਐਜੂਕੇਸ਼ਨ ਬੋਰਡ” ਦੁਆਰਾ ਸਾਲ 1935 ਵਿੱਚ ਕਿਤਾਬੀ ਰੂਪ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ।
ਆਧੁਨਿਕ ਸਮੇਂ ਵਿੱਚ,‘‘ਖੋ-ਖੋ” ਦੀ ਖੇਡ ਦਾ ਪਹਿਲੀ ਵਾਰ 1936 ਵਿੱਚ ਬਰਲਿਨ ਓਲੰਪਿਕ ਵਿੱਚ ਅਮਰਾਵਤੀ, ਮਹਾਰਾਸ਼ਟਰ ਦੇ ਹਨੂੰਮਾਨ ਵਿਆਯਾਮ ਪ੍ਰਸਾਰਕ ਮੰਡਲ ਦੀ ਸਰਪ੍ਰਸਤੀ ਹੇਠ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਇਸ ਖੇਡ ਨੂੰ ਅਡੋਲਫ ਹਿਟਲਰ ਦੁਆਰਾ ਬਹੁਤ ਸਲਾਹਿਆ ਗਿਆ ਸੀ। ਸਾਲ 1938 ਵਿੱਚ, ਆਲ ਮਹਾਰਾਸ਼ਟਰ ਸਰੀਰਕ ਸਿੱਖਿਆ ਬੋਰਡ ਨੇ ‘‘ਖੋ-ਖੋ” ਖੇਡ ਦੀ ਦੂਜੀ ਨਿਯਮ ਕਿਤਾਬ ਪ੍ਰਕਾਸ਼ਿਤ ਕੀਤੀ। ਇਸੇ ਸਾਲ ਅਕੋਲਾ ਵਿਖੇ ਇੰਟਰ ਜ਼ੋਨਲ ਖੇਡਾਂ ਕਰਵਾਈਆਂ ਗਈਆਂ।
ਅੱਜ ‘‘ਖੋ-ਖੋ” ਭਾਰਤ ਦੇ ਸਾਰੇ ਰਾਜਾਂ ਵਿੱਚ ਖੇਡਿਆ ਜਾਂਦਾ ਹੈ ਅਤੇ ਰਾਜ ਅਤੇ ਕੌਮੀ ਪੱਧਰ ’ਤੇ ‘‘ਖੋ-ਖੋ” ਦੇ ਬਹੁਤ ਸਾਰੇ ਮੁਕਾਬਲੇ ਕਰਵਾਏ ਜਾਂਦੇ ਹਨ।
ਆਜ਼ਾਦੀ ਤੋਂ ਬਾਅਦ, ਭਾਰਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 1955-56 ਵਿੱਚ ‘‘ਆਲ ਇੰਡੀਆ ਖੋ-ਖੋ ਬੋਰਡ” ਦੀ ਸਥਾਪਨਾ ਕੀਤੀ ਗਈ ਸੀ। ਪਹਿਲੀ ਪੁਰਸ਼ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ 25 ਦਸੰਬਰ 1959 ਤੋਂ 01 ਜਨਵਰੀ 1960 ਤੱਕ ਆਯੋਜਿਤ ਕੀਤੀ ਗਈ ਸੀ ਜਦੋਂ ਕਿ ਪਹਿਲੀ ਮਹਿਲਾ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ 13 ਤੋਂ 16 ਅਪ੍ਰੈਲ 1961 ਤੱਕ ਕੋਲਹਾਪੁਰ, ਮਹਾਰਾਸ਼ਟਰ ਵਿਖੇ ਆਯੋਜਿਤ ਕੀਤੀ ਗਈ ਸੀ। ਸਾਲ 1964 ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਈ 5ਵੀਂ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ ਪੁਰਸਕਾਰਾਂ ਦੀ ਸ਼ੁਰੂਆਤ ਕੀਤੀ ਗਈ ਸੀ। ‘‘ਖੋ-ਖੋ ਫੈਡਰੇਸ਼ਨ ਆਫ ਇੰਡੀਆ” ਦੀ ਸਥਾਪਨਾ ਸਾਲ 1966 ਵਿੱਚ ਕੀਤੀ ਗਈ ਸੀ ਅਤੇ ਕਿਸ਼ੋਰ ਲੜਕਿਆਂ ਲਈ ਪਹਿਲੀ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਸਾਲ 1970 ਵਿੱਚ ਆਯੋਜਿਤ ਕੀਤੀ ਗਈ ਸੀ ਜਦੋਂ ਕਿ ਕਿਸ਼ੋਰ ਲੜਕੀਆਂ ਲਈ ਪਹਿਲੀ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਸਾਲ 1974 ਵਿੱਚ ਆਯੋਜਿਤ ਕੀਤੀ ਗਈ ਸੀ। 1982 ਵਿੱਚ ਦਿੱਲੀ ਵਿੱਚ ਹੋਈਆਂ 9ਵੀਂ ਏਸ਼ੀਆਈ ਖੇਡਾਂ ਵਿੱਚ ਖੋ-ਖੋ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। ਖੋ-ਖੋ ਦੀ ਖੇਡ ਦਾ ਪ੍ਰਦਰਸ਼ਨ 1987 ਵਿੱਚ ਕੋਲਕਾਤਾ ਵਿੱਚ ਹੋਈਆਂ ਤੀਜੀ ਦੱਖਣੀ ਏਸ਼ੀਆਈ ਖੇਡਾਂ ਵਿੱਚ ਹੋਇਆ ਸੀ।
ਅੰਤਰਰਾਸ਼ਟਰੀ ਖੇਡਾਂ ਵਿੱਚ ਪਹਿਲੀ ਵਾਰ ਪਹਿਲੀ ਏਸ਼ੀਅਨ ਖੋ-ਖੋ ਚੈਂਪੀਅਨਸ਼ਿਪ ਦਾ ਆਯੋਜਨ ਸਾਲ 1996 ਵਿੱਚ ਕੀਤਾ ਗਿਆ ਸੀ, ਜਿਸ ਨੇ “ਖੋ-ਖੋ” ਨੂੰ ਇੱਕ ਅੰਤਰਰਾਸ਼ਟਰੀ ਖੇਡ ਵਜੋਂ ਪ੍ਰਸਿੱਧੀ ਦਿੱਤੀ ਸੀ, ਜਿਸ ਕਾਰਨ ਅੱਜ ਇਹ ਖੇਡ 36 ਤੋਂ ਵੱਧ ਮੁਲਕਾਂ ਵਿੱਚ ਖੇਡੀ ਜਾਂਦੀ ਹੈ।
ਸਾਲ 1998 ਵਿੱਚ, ਪਹਿਲਾ ਨੇਤਾਜੀ ਸੁਭਾਸ਼ ਗੋਲਡ ਕੱਪ ਅੰਤਰਰਾਸ਼ਟਰੀ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ। ਅੰਤਰਰਾਸ਼ਟਰੀ ਪੱਧਰ ’ਤੇ ‘‘ਖੋ-ਖੋ” ਨੂੰ ਉਤਸ਼ਾਹਿਤ ਕਰਨ ਲਈ, ‘‘ਅੰਤਰਰਾਸ਼ਟਰੀ ਖੋ-ਖੋ ਫੈਡਰੇਸ਼ਨ” ਦੀ ਸਥਾਪਨਾ ਜੁਲਾਈ 2018 ਵਿੱਚ ਕੀਤੀ ਗਈ ਸੀ, ਜਿਸਦਾ ਮੁੱਖ ਦਫ਼ਤਰ ਲੰਦਨ ਵਿੱਚ ਹੈ। ਸਾਲ 2018 ਵਿੱਚ ਪਹਿਲੀ ਅੰਤਰਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਸੀ।
ਅੱਜ ‘‘ਖੋ-ਖੋ” ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਿਆਪਕ ਤੌਰ ’ਤੇ ਖੇਡੀ ਜਾਣ ਵਾਲੀ ਖੇਡ ਹੈ। ਇਹ ਵੱਖ-ਵੱਖ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦਾ ਹਿੱਸਾ ਹੈ ਜਿਸ ਵਿੱਚ ਲਗਭਗ 20 ਮੁਲਕਾਂ ਦੀਆਂ ਰਾਸ਼ਟਰੀ ਖੋ-ਖੋ ਟੀਮਾਂ ਸ਼ਾਮਲ ਹਨ। ਅਜਿਹੇ ਮਾਣਮੱਤੇ ਇਤਿਹਾਸ ਦੇ ਨਾਲ, ਖੋ-ਖੋ ਦੀ ਪ੍ਰਸਿੱਧੀ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਵੀ ਵੱਧਦੀ ਰਹੇਗੀ।
ਲੇਖਕ ਅੰਤਰਰਾਸ਼ਟਰੀ ਖੋ-ਖੋ ਫੈਡਰੇਸ਼ਨ ਦੇ ਪ੍ਰਧਾਨ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.