ਸੰਗਰੂਰ (ਪੱਤਰਕਾਰ ) ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਅਤੇ ਉਮਰ ਹੱਦ ਛੋਟ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਸਾਂਝੇ ਮੋਰਚੇ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਜਾ ਰਹੇ ਮੀਟਿੰਗਾਂ ਦੇ ਲਾਰਿਆਂ ਤੋਂ ਅੱਕ ਕੇ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ, ਹਰਜਿੰਦਰ ਸਿੰਘ ਬੁਢਲਾਡਾ ਅਤੇ ਹਰਪ੍ਰੀਤ ਕੌਰ ਪੰਜੋਲਾ ਆਦਿ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਚੋਣਾਂ ਤੋ ਪਹਿਲਾਂ ਅਨੇਕਾਂ ਵਾਰ ਅਤੇ 15 ਅਗਸਤ 2021 ਨੂੰ ਈਸੜੂ ਵਿਖੇ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਅਸਥਾਨ ਉੱਤੇ ਉਸ ਵੇਲੇ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਬੇਰੁਜ਼ਗਾਰਾਂ ਦੇ ਗਲੋਂ ਬੇਰੁਜ਼ਗਾਰੀ ਦੇ ਸੰਗਲ ਲਾਹੇ ਜਾਣਗੇ, ਪ੍ਰੰਤੂ 28 ਮਹੀਨੇ ਬੀਤਣ ਉਪਰੰਤ ਵੀ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ।
ਉਹਨਾਂ ਦੱਸਿਆ ਕਿ 7 ਜੁਲਾਈ ਨੂੰ ਜਲੰਧਰ ਰੋਸ ਪ੍ਰਦਰਸ਼ਨ ਮੌਕੇ ਮੁੱਖ ਮੰਤਰੀ ਨੇ ਖੁਦ ਪੈਨਲ ਮੀਟਿੰਗ ਕਰਨ ਦਾ ਵਾਅਦਾ ਕੀਤਾ ਸੀ। ਜਿਹੜਾ ਕਿ ਅਜੇ ਤੱਕ ਵਫਾ ਨਹੀਂ ਹੋਇਆ। ਇਸ ਲਈ ਜਲੰਧਰ ਅਤੇ ਈਸੜੂ ਵਿਖੇ ਪਹੁੰਚ ਰਹੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ। ਸੰਗਰੂਰ ਝੰਡਾ ਲਹਿਰਾਉਣ ਪਹੁੰਚ ਰਹੇ ਸਿਹਤ ਮੰਤਰੀ ਦਾ ਵੀ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਉੱਤੇ ਪਹੁੰਚ ਰਹੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:-
1. ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਸ਼ਰਤ ਰੱਦ ਕੀਤੀ ਜਾਵੇ।
3. ਸਿਹਤ ਅਤੇ ਸਿੱਖਿਆ ਵਿਭਾਗ ਸਮੇਤ ਸਾਰੇ ਵਿਭਾਗਾਂ ਵਿੱਚ ਆਉਂਦੀਆਂ ਭਰਤੀਆਂ ਵਿੱਚ ਉਮਰ ਹੱਦ ਦੀ ਛੋਟ ਦੇ ਕੇ ਸਾਰੇ ਓਵਰ ਏਜ਼ ਬੇਰੁਜ਼ਗਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ।ਭਰਤੀਆਂ ਵਿੱਚ ਉਮਰ ਹੱਦ ਦੀ ਉਪਰਲੀ ਉਮਰ ਸੀਮਾ 37 ਤੋ 42 ਸਾਲ ਅਤੇ 42 ਤੋ 45 ਸਾਲ ਕੀਤੀ ਜਾਵੇ।
4. ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
5. ਲੈਕਚਰਾਰ ਦੀਆਂ ਰੱਦ ਕੀਤੀਆਂ ਅਸਾਮੀਆਂ ਵਿੱਚ ਬਾਕੀ ਹੋਰ ਵਿਸ਼ਿਆਂ ਦੀਆਂ ਪੋਸਟਾਂ ਐਡ ਕਰਕੇ ,ਸਾਰੇ ਵਿਸ਼ਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।ਉਮਰ ਹੱਦ ਛੋਟ ਦਿੱਤੀ ਜਾਵੇ। ਕੰਬੀਨੇਸ਼ਨ ਦਰੁਸਤ ਕੀਤੇ ਜਾਣ।
6. ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।
7. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਮ੍ਰਿਤਕ ਆਸ਼ਰਿਤਾਂ ਨੂੰ ਬਿਨਾ ਸ਼ਰਤ ਰੁਜ਼ਗਾਰ ਦਿੱਤਾ ਜਾਵੇ।
Leave a Reply