ਪਰਮਜੀਤ ਸਿੰਘ,( ਜਲੰਧਰ )
ਫਿਲਮ ਬੰਟੀ-ਬਬਲੀ ‘ਚ ਜਿਸ ਤਰ੍ਹਾਂ ਦੋਵੇਂ ਕਲਾਕਾਰਾਂ ਵਲੋਂ ਲੋਕਾਂ ਨਾਲ ਧੋਖਾ ਕਰਨ ਦਾ ਰੋਲ ਨਿਭਾਇਆ ,ਉਸੇ ਤਰ੍ਹਾਂ ਹੀ ਜਲੰਧਰ ਸ਼ਹਿਰ ਦੇ ਮਕਸੂਦਾਂ ਇਲਾਕੇ ਦੇ ਪਤੀ ਪਤਨੀ ਜਿਨ੍ਹਾਂ ਨੂੰ ਲੋਕਾਂ ਨੇ ਬੰਟੀ ਅਤੇ ਬਬਲੀ ਦਾ ਨਾਮ ਦਿਤਾ ਗਿਆ ਹੈ ਉਹ ਹੁਣ ਸੁਰਖੀਆਂ ‘ਚ ਆ ਗਏ ਹਨ। ਇਸ ਪਤੀ-ਪਤਨੀ ਨੇ ਫਰਜ਼ੀ ਬਿੱਲ ਕੱਟ ਕੇ ਤਕਰੀਬਨ 50 ਕਰੋੜ ਰੁਪਏ ਤੋਂ ਵੱਧ ਦਾ ਜੀ.ਐਸ.ਟੀ.ਦੀ ਰਕਮ ਵਸੂਲ ਕੇ ਜੀਐੱਸਟੀ ਵਿਭਾਗ ਨੂੰ ਚੂਨਾ ਲਗਾਉਣ ਦੇ ਚਰਚੇ ਜ਼ੋਰਾਂ ਤੇ ਚੱਲ ਰਹੇ ਹਨ। ਇਸ ਬਾਰੇ ਪਤਾ ਲੱਗਣ ‘ਤੇ ਜੀ.ਐਸ.ਟੀ.ਵਿਭਾਗ ਨੇ ਜਾਂਚ ਕੀਤੀ ਤਾਂ ਇਹ ਘੱਪਲਾ ਸਾਹਮਣੇ ਆਇਆ। ਦਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਲੰਧਰ ਦੇ ਪਿੰਡ ਰੇਰੂ ਸਥਿਤ ਫਰਮ ਦੇ ਨਾਲ-ਨਾਲ 2 ਤੋਂ 4 ਹੋਰ ਫਰਮਾਂ ਦੇ ਨਾਂ ਵੀ ਸਾਹਮਣੇ ਆਏ ਹਨ ਜਿਨ੍ਹਾਂ ਦੇ ਸਬੰਧ ਬੰਟੀ-ਬਬਲੀ ਨਾਲ ਹਨ।
ਜੀ.ਐੱਸ.ਟੀ ਵਿਭਾਗ ਨੇ ਇਸ ਪੂਰੇ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਦਿੱਲੀ ਭੇਜਣ ਤੋਂ ਇਲਾਵਾ ਉਨ੍ਹਾਂ ਦਾ ਜੀ.ਐਸ.ਟੀ.ਨੰਬਰ ਵੀ ਸਸਪੈਂਡ ਕਰ ਦਿੱਤਾ ਹੈ।ਜੋ ਕਿਸੇ ਹੋਰ ਵਿਅਕਤੀ ਦੇ ਨਾਂ ‘ਤੇ ਨਿਕਲਿਆ। ਇਹ ਵੀ ਸਾਹਮਣੇ ਆਇਆ ਹੈ ਕਿ ਬੰਟੀ-ਬਬਲੀ ਮੂਲ ਵਾਸੀ ਜਲੰਧਰ ਦੇ ਮਕਸੂਦਾਂ ਇਲਾਕੇ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਲੋਂ ਲੰਮੇ ਸਮੇਂ ਤੋਂ ਫਰੀਦਾਬਾਦ ‘ਚ ਵੀ ਜੀ.ਐੱਸ.ਟੀ ਦੀ ਚੋਰੀ ਕਰਕੇ ਕਾਫੀ ਮੁਨਾਫਾ ਕਮਾਇਆ ਹੈ। ਜਿਸ ਤੋਂ ਬਾਅਦ ਕਰੀਬ 2 ਸਾਲ ਪਹਿਲਾਂ ਜਲੰਧਰ ਆ ਕੇ ਦੋਵਾਂ ਨੇ ਸਕਰੈਪ ਆਦਿ ਦੇ ਜਾਅਲੀ ਬਿੱਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸੇ ਤਰ੍ਹਾਂ ਕਈ ਫਰਮਾਂ ਨੂੰ ਵੀ ਆਪਣੇ ਨਾਲ ਜੋੜ ਲਿਆ।
ਇਹ ਦੋਵੇਂ ਪਤੀ-ਪਤਨੀ ਸਾਮਾਨ ਖਰੀਦਣ ਲਈ ਜਾਅਲੀ ਬਿੱਲ ਤਿਆਰ ਕਰਦੇ ਸਨ ਪਰ ਅਸਲ ਵਿੱਚ ਸਾਮਾਨ ਦੀ ਖਰੀਦ ਨਹੀਂ ਕੀਤੀ ਜਾਂਦੀ ਸੀ। ਇਸੇ ਤਰ੍ਹਾਂ ਹਾਲ ਹੀ ਵਿੱਚ ਉਕਤ ਪਤੀ-ਪਤਨੀ ਨੇ ਕਰੋੜਾਂ ਰੁਪਏ ਦਾ ਜੀ.ਐਸ.ਟੀ.ਚੋਰੀ ਕਰਕੇ ਵਿਭਾਗ ਨੂੰ ਧੋਖਾ ਦਿੱਤਾ ਹੈ। ਜਿਵੇਂ ਹੀ ਵਿਭਾਗ ਦਾ ਧਿਆਨ ਉਨ੍ਹਾਂ ‘ਤੇ ਪਿਆ ਤਾਂ ਉਨ੍ਹਾਂ ਨੇ ਫਰਮ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਨ੍ਹਾਂ ਲੋਕਾਂ ਦੇ ਨਾਂ ‘ਤੇ ਉਨ੍ਹਾਂ ਨੇ ਜੀ.ਐੱਸ.ਟੀ. ਨੰਬਰ ਲੈ ਲਿਆ ਸੀ, ਜਦੋਂ ਉਸ ਨੂੰ ਜਾਂਚ ਲਈ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਦਾ ਜੀ.ਐੱਸ.ਟੀ.ਨੰਬਰ ਦੀ ਵਰਤੋਂ ਮਕਸੂਦਾਂ ਇਲਾਕੇ ਦੇ ਪਤੀ-ਪਤਨੀ ਵੱਲੋਂ ਕੀਤੀ ਜਾ ਰਹੀ ਹੈ।ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਲੋਕਾਂ ਨੇ ਹੋਰ ਲੋਕਾਂ ਦੇ ਨਾਂ ‘ਤੇ ਵੀ ਜੀ.ਐੱਸ.ਟੀ.ਨੰਬਰ ਲੈ ਲਿਆ ਹੋਇਆ ਹੈ। ਹਾਲ ਹੀ ‘ਚ ਬੰਟੀ-ਬਬਲੀ ਨੇ ਇਸ ਕਾਲੇ ਧਨ ਨਾਲ ਇਕ ਕਾਲੀ ਲਗਜ਼ਰੀ ਕਾਰ ਵੀ ਖਰੀਦੀ ਹੈ।
ਜੀ.ਐੱਸ.ਟੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜੀ.ਐੱਸ.ਟੀ.ਨੰਬਰ ਸਸਪੈਂਡ ਕਰਕੇ ਰਿਪੋਰਟ ਅੱਗੇ ਭੇਜ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਜਲਦ ਹੀ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਪਤੀ-ਪਤਨੀ ਨਾਲ ਇਕ ਮਹਿਲਾ ਲੇਖਾਕਾਰ ਵੀ ਕੰਮ ਕਰਦੀ ਸੀ ਜਿਸ ਨੂੰ ਇਨ੍ਹਾਂ ਲੋਕਾਂ ਦੇ ਕਾਲੇ ਕਾਰਨਾਮਿਆਂ ਬਾਰੇ ਸਾਰੀ ਜਾਣਕਾਰੀ ਸੀ। ਜੇਕਰ ਵਿਭਾਗ ਨੂੰ ਉਸ ਮਹਿਲਾ ਲੇਖਾਕਾਰ ਤੋਂ ਜਾਣਕਾਰੀ ਮਿਲਦੀ ਹੈ ਤਾਂ ਬੰਟੀ-ਬਬਲੀ ਵੱਲੋਂ ਅਦਾ ਕੀਤੇ ਜੀ.ਐਸ.ਟੀ. ਚੋਰੀ ਦੀ ਰਕਮ ਤਕਰੀਬਨ 50 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ।
Leave a Reply