ਪਾਵਰਕੌਮ ਦੇ ਪੈਨਸ਼ਨਰਜ਼ ਨੇ ਫੂਕੀ ਮੁੱਖ ਮੰਤਰੀ ਪੰਜਾਬ ਦੇ ਲਾਰਿਆਂ ਦੀ ਪੰਡ

ਬਰਨਾਲਾ :::::::::::::::::: ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਅਤੇ ਟਰਾਂਸਕੋ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਪੈਨਸ਼ਨਰਜ਼ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਮੇਲਾ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਹ ਭਰਪੂਰ ਰੈਲੀ ਕਰਨ ਉਪਰੰਤ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਪੰਜਾਬ ਦੇ ਲਾਰਿਆਂ ਦੀ ਪੰਡ ਫੂਕੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਹਰਨੇਕ ਸਿੰਘ ਸੰਘੇੜਾ, ਗੌਰੀ ਸ਼ੰਕਰ, ਜੋਗਿੰਦਰ ਪਾਲ, ਜਗਦੀਸ਼ ਸਿੰਘ ਆਦਿ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਹਰ ਤਬਕੇ ਨਾਲ ਧੋਖੇ ਭਰੀ ਖੇਡ ਖੇਡਣ ਦੇ ਰਾਹ ਪਈ ਹੋਈ ਹੈ। ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ-ਮੁਲਾਜਮ ਵਿਰੋਧੀ ਨੀਤੀ ‘ਤੇ ਹੀ ਚੱਲ ਰਹੀ ਹੈ। ਆਪਣੇ ਬੁਨਿਆਦੀ ਮਸਲੇ ਹੱਲ ਕਰਵਾਉਣ ਲਈ ਮਿਹਨਤਕਸ਼ ਲੋਕਾਈ ਨੂੰ  ਸੰਘਰਸ਼ ਤੇ ਟੇਕ ਰੱਖਣ ਦੀ ਲੋੜ ਹੈ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜ਼ਮੈਂਟ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਜਿਵੇਂ ਕਿ ਛੇਵੇਂ ਨੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਢੇ ਪੰਜ ਸਾਲ ਦੇ ਏਰੀਅਲ, ਲੀਵ ਇਨ ਕੈਸ਼ ਦਾ ਬਕਾਇਆ ਨਾ ਦੇਣ, ਮਿਤੀ 1-1-16 ਤੋਂ ਪਹਿਲਾਂ ਰਿਟਾਇਰ ਹੋਏ ਕਾਮਿਆਂ ਨੂੰ 2.59 ਦੇ ਗੁਣਾਂਕ ਨਾਲ ਪੈਨਸ਼ਨ ਲਾਗੂ ਨਾ ਕਰਨ, ਮਹਿੰਗਾਈ ਭੱਤੇ ਵਿੱਚ ਕੇਂਦਰ ਦੀ ਤਰਜ਼ ਤੇ 3 ਕਿਸ਼ਤਾਂ ਅਤੇ ਉਨ੍ਹਾਂ ਦਾ ਬਕਾਇਆ ਨਾ ਦੇਣ, ਕੈਸ਼ਲੈਸ ਮੈਡੀਕਲ ਸਕੀਮ ਲਾਗੂ ਨਾ ਕਰਨ, ਕਮਿਊਟ ਕਟੌਤੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੀਤੇ ਫ਼ੈਸਲੇ ਅਨੁਸਾਰ ਦਸ ਸਾਲ ਬਾਅਦ 18% ਵਿਆਜ਼ ਸਮੇਤ ਕੀਤੀ ਜਾ ਰਹੀ ਹਰ ਪੈਨਸ਼ਨਰਜ਼ ਦੀ ਕਟੌਤੀ ਬੰਦ ਕਰਨ, ਠੇਕੇਦਾਰੀ ਸਿਸਟਮ ਖ਼ਿਲਾਫ਼ ਸੰਘਰਸ਼ ਪ੍ਰਤੀ ਪੰਜਾਬ ਸਰਕਾਰ ਵੱਲੋਂ ਧਾਰੀ ਸਾਜਿਸ਼ੀ ਚੁੱਪ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਸੰਘਰਸ਼ ਨੂੰ ਤੇਜ਼ ਕਰਦਿਆਂ ਸੂਬਾ ਆਗੂ ਸਿੰਦਰ ਧੌਲਾ, ਜੱਗਾ ਸਿੰਘ ਧਨੌਲਾ, ਰੂਪ ਚੰਦ ਤਪਾ, ਸਿਕੰਦਰ ਸਿੰਘ ਤਪਾ, ਮੋਹਣ ਸਿੰਘ ਛੰਨਾਂ  ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਨੂੰ 2 ਅਗਸਤ ਦੀ ਮੀਟਿੰਗ ਕਰਨ ਦਾ ਵਾਅਦਾ ਕਰਕੇ ਇਹ ਮੀਟਿੰਗ 22 ਅਗਸਤ ਦੀ ਕਰ ਦਿੱਤੀ ਹੈ। ਇਸ ਕਰਕੇ ਮੁੱਖ ਮੰਤਰੀ ਪੰਜਾਬ ਦੀ ਵਾਰ-ਵਾਰ ਵਾਅਦਾ ਖਿਲਾਫੀ ਕਰਕੇ ਅੱਜ ‘ਲਾਰਿਆਂ ਦੀ ਪੰਡ’ ਸਾੜਕੇ ਵਿਰੋਧ ਪ੍ਰਗਟਾਵਾ ਕੀਤਾ ਗਿਆ ਹੈ।
ਇਸ ਸਮੇਂ ਮੋਦੀ ਦੀ ਫਾਸ਼ੀ ਹਕੂਮਤ ਵੱਲੋਂ ਸੰਸਾਰ ਪ੍ਰਸਿੱਧ ਲੇਖਿਕਾ ਅਤੇ ਚਿੰਤਕ ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਖ਼ਿਲਾਫ਼ 14 ਸਾਲ ਪੁਰਾਣੇ ਪੁਰਾਣੇ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਦਿੱਤੇ ਇੱਕ ਭਾਸ਼ਣ ਦੇਣ ਦੇ ਕੇਸ ਨੂੰ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੱਲੋਂ ਯੂਏਪੀਏ ਤਹਿਤ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਗੂਆਂ ਕਿਹਾ ਕਿ ਯੂਏਪੀਏ ਤਹਿਤ ਕੇਸ ਚਲਾਉਣ ਦੀ ਮਨਜ਼ੂਰੀ ਦੋ ਵਿਅਕਤੀਆਂ ਖ਼ਿਲਾਫ਼ ਨਹੀਂ, ਸਗੋਂ ਸਥਾਪਤੀ ਵਿਰੁੱਧ ਲੋਕਾਈ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੀ ਹਰ ਕਲਮ ਹਰ ਆਵਾਜ਼ ਲਈ ਵਡੇਰੀ ਚੁਣੌਤੀ ਹੈ।‌
ਇਸ ਸਮੇਂ ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾਂ ਸਮਾਗਮ ਬਾਰੇ ਯਾਦਗਾਰ ਕਮੇਟੀ ਦੇ ਕਨਵੀਨਰ ਨਰਾਇਣ ਦੱਤ ਨੇ ‘ਜਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ’ ਦੀ ਮਿਸਾਲ ਬਣੇ ਮਹਿਲਕਲਾਂ ਲੋਕ ਘੋਲ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਸਰਬਸੰਮਤੀ ਨਾਲ ਫੈਸਲਾ ਕਰਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਯਾਦਗਾਰੀ ਸਮਾਗਮ ਦਾ ਵੱਡ ਅਕਾਰੀ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ਼ ਗੁਰਚਰਨ ਸਿੰਘ ਛੰਨਾਂ ਨੇ ਨਿਭਾਏ।
ਇਸ ਸਮੇਂ ਬਹਾਦਰ ਸਿੰਘ, ਜਗਦੀਸ਼ ਸਿੰਘ, ਰਾਮ ਸਿੰਘ, ਰਾਮਪਾਲ ਸਿੰਘ, ਪਿਆਰਾ ਸਿੰਘ, ਗੁਰਲਾਲ ਸਿੰਘ, ਜਗਰਾਜ ਸਿੰਘ, ਗੁਰਚਰਨ ਸਿੰਘ, ਭਾਗ ਸਿੰਘ, ਬਹਾਦਰ ਸਿੰਘ, ਬਲਵੰਤ ਸਿੰਘ ਆਦਿ ਆਗੂਆਂ ਨੇ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।

Leave a Reply

Your email address will not be published.


*