ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜੇਲ੍ਹਾਂ ’ਚ ਨਵੇਂ ਵੀਡੀਓ ਕਾਨਫਰੰਸਿੰਗ ਰੂਮ ਵੀ ਬਣਾਏ ਜਾ ਰਹੇ ਹਨ, ਤਾਂ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੇ ਅਜਿਹੇ ਖ਼ਤਰਨਾਕ ਅਪਰਾਥੀਆਂ ਨੂੰ ਅਦਾਲਤਾਂ ਵਿਚ ਲੈ ਕੇ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਇਸ ਦੇ ਲਈ ਗ੍ਰਹਿ ਵਿਭਾਗ ਵੱਲੋਂ ਪੰਜਾਬ ਦੀਆਂ 9 ਜ਼ਿਲ੍ਹਾ ਜੇਲ੍ਹਾਂ ਵਿਚ ਤਿੰਨ-ਤਿੰਨ ਨਵੇਂ ਵੀਡੀਓ ਕਾਨਫਰੰਸਿੰਗ ਰੂਮ ਬਣਾਏ ਜਾ ਰਹੇ ਹਨ। ਭਾਵੇਂ ਕਿ ਕੁਝ ਜੇਲ੍ਹਾਂ ਵਿਚ ਵੀਡੀਓ ਕਾਨਫਰੰਸਿੰਗ ਰੂਮ ਹਨ, ਪਰ ਨਵੇਂ ਕਾਨੂੰਨ ਦੇ ਲਾਗੂ ਹੋਣ ਤੇ ਕੈਦੀਆਂ ਅਤੇ ਨਜ਼ਰਬੰਦਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤਾਂ ਵਿਚ ਪੇਸ਼ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ ਸਾਰੀਆਂ ਜੇਲ੍ਹਾਂ ਵਿਚ ਨਵੇਂ ਵੀਡੀਓ ਕਾਨਫਰੰਸਿੰਗ ਰੂਮ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕੰਮ ਲਈ ਗ੍ਰਹਿ ਵਿਭਾਗ ਵੱਲੋਂ 74.64 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਸਬ ਜੇਲ੍ਹ ਪੱਟੀ ਵਿਚ ਇਲੈਕਟ੍ਰਿਕ ਫੇਸਿੰਗ ਚਾਰ ਦਿਵਾਰੀ ਲਈ 13.36 ਲੱਖ ਰੁਪਏ ਤੇ ਸਬ ਜੇਲ੍ਹ ਪਠਾਨਕੋਟ ਵਿਚ ਵਿਸ਼ੇਸ਼ ਮੁਰੰਮਤ ਅਤੇ ਨਵੀਨੀਕਰਨ ਲਈ 62.35 ਲੱਖ ਰੁਪਏ ਦੇ ਟੈਂਡਰ ਜਾਰੀ ਕੀਤੇ ਗਏ ਹਨ। ਇਸ ਦੇ ਟੈਂਡਰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਵੱਲੋਂ 8 ਜੁਲਾਈ ਨੂੰ ਜਾਰੀ ਕਰ ਦਿੱਤੇ ਗਏ ਹਨ, ਜਿਸ ਦੀ ਟੈਕਨੀਕਲ ਬਿਡ 24 ਜੁਲਾਈ ਨੂੰ ਖੁੱਲ੍ਹ ਜਾਵੇਗੀ। ਇੰਨਾ ਹੀ ਨਹੀਂ ਗ੍ਰਹਿ ਵਿਭਾਗ ਨੇ ਪੰਜਾਬ ਦੀਆਂ 10 ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ ਚਾਰ ਦਿਵਾਰੀ ਉੱਪਰ ਕੰਡਿਆਲੀ ਤਾਰ ਲਗਾਈ ਜਾਣੀ ਹੈ ਜਿਸ ਲਈ 14 ਕਰੋੜ 71 ਲੱਖ ਰੁਪਏ ਦਾ ਟੈਂਡਰ ਵੀ ਜਾਰੀ ਕੀਤਾ ਹੈ। ਇਹ ਟੈਂਡਰ 24 ਜੂਨ 2024 ਨੂੰ ਜਾਰੀ ਕੀਤਾ ਗਿਆ ਹੈ, ਜਿਹੜਾ ਕਿ 17 ਜੁਲਾਈ ਨੂੰ ਖੋਲ੍ਹਿਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਦੇ ਵਰਕ ਆਰਡਰ ਜਾਰੀ ਕਰ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਕਿਹੜੀ ਜੇਲ੍ਹ ’ਚ ਕਿੰਨ੍ਹੇ ਪੈਸੇ ਲੱਗਣਗੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਕੀਤੇ ਗਏ ਟੈਂਡਰਾਂ ਅਨੁਸਾਰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਨਵੇਂ ਵੀਸੀ ਕਮਰਿਆਂ ਦੀ ਉਸਾਰੀ ’ਤੇ 8.66 ਲੱਖ ਰੁਪਏ, ਕੇਂਦਰੀ ਜੇਲ੍ਹ ਗੁਰਦਾਸਪੁਰ ’ਚ 8.28 ਲੱਖ ਰੁਪਏ, ਕੇਂਦਰੀ ਜੇਲ੍ਹ ਸ੍ਰੀ ਗੋਵਿੰਦਵਾਲ ਸਾਹਿਬ ’ਚ 8.43 ਲੱਖ ਰੁਪਏ, ਕੇਂਦਰੀ ਜੇਲ੍ਹ ਕਪੂਰਥਲਾ ’ਚ 9.4 ਲੱਖ ਰੁਪਏ, ਕੇਂਦਰੀ ਜੇਲ੍ਹ ਪਟਿਆਲਾ ਲਈ 8.58 ਲੱਖ ਰੁਪਏ, ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ 8.57 ਲੱਖ ਰੁਪਏ, ਫ਼ਰੀਦਕੋਟ ਜੇਲ੍ਹ ’ਚ 8.58 ਲੱਖ ਰੁਪਏ, ਕੇਂਦਰੀ ਜੇਲ੍ਹ ਬਠਿੰਡਾ ਵਿਚ 6.92 ਲੱਖ ਰੁਪਏ, ਲੁਧਿਆਣਾ ਜੇਲ੍ਹ ਵਿਚ 7.22 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਪੰਜਾਬ ਸਰਕਾਰ ਜੇਲ੍ਹਾਂ ’ਤੇ ਕੁੱਲ ਰਕਮ 74.64 ਲੱਖ ਰੁਪਏ ਖ਼ਰਚ ਕਰਨ ਜਾ ਰਹੀ ਹੈ।
14.71 ਕਰੋੜ ਦੀਆਂ ਲੱਗਣੀਆਂ ਤਾਰਾਂ
ਇਸੇ ਤਰ੍ਹਾਂ ਜੇਲ੍ਹਾਂ ਵਿਚ ਕੰਡਿਆਲੀਆਂ ਤਾਰਾਂ ਦੀ ਦੀਵਾਰ ਬਣਾਉਣ ਲਈ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ 16.51 ਲੱਖ ਰੁਪਏ, ਕੇਂਦਰੀ ਜੇਲ੍ਹ ਕਪੂਰਥਲਾ ਵਿਚ 66.24 ਲੱਖ ਰੁਪਏ, ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ 58.86 ਲੱਖ ਰੁਪਏ, ਕੇਂਦਰੀ ਜੇਲ੍ਹ ਗੋਬਿੰਦਵਾਲ ਸਾਹਿਬ ਵਿਚ 73.83 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਤਰ੍ਹਾਂ ਕੇਂਦਰੀ ਜੇਲ੍ਹ ਲੁਧਿਆਣਾ ਵਿਚ 51.6 ਲੱਖ ਰੁਪਏ, ਕੇਂਦਰੀ ਜੇਲ੍ਹ ਬਠਿੰਡਾ ਵਿਚ 50.49 ਲੱਖ ਰੁਪਏ, ਕੇਂਦਰੀ ਜੇਲ੍ਹ ਫ਼ਰੀਦਕੋਟ ਵਿਚ 1 ਕਰੋੜ 68 ਲੱਖ ਰੁਪਏ, ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਚ 1 ਕਰੋੜ 15 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਜ਼ਿਲ੍ਹਾ ਜੇਲ੍ਹ ਮਾਨਸਾ ਵਿਚ 61.91 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਪੰਜਾਬ ਸਰਕਾਰ ਜਿੱਥੇ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇ ਰਹੀ ਹੈ ਉਥੇ ਹੀ ਬੰਦੀਆਂ ਨੂੰ ਸਹੂਲਤਾਂ ਵਾਲੇ ਪਾਸੇ ਵੀ ਲੱਗੀ ਹੋਈ ਹੈ।
Leave a Reply