ਸੰਗਰੂਰ
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਯੂ ਪੀ ਜ਼ਿਲੇ ਹਾਥਰਸ ਦੇ ਫੁਲਰਾਈ ਵਿਖੇ ਇਕ ਧਾਰਮਿਕ ਸਤਿਸੰਗ ਵਿੱਚ ਭਗਦੜ ਮਚਣ ਨਾਲ ਮਾਰੇ ਗਏ ਭੋਲੇ ਭਾਲੇ ਸ਼ਰਧਾਲੂਆਂ ਦੀਆਂ ਦੁੱਖਦਾਈ ਮੌਤਾਂ ਤੇ ਡੂੰਘਾ ਦੁੱਖ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਜ਼ਿੰਮੇਵਾਰ ਪਾਖੰਡੀ ਬਾਬੇ ਸੂਰਜ ਪਾਲ ਸਿੰਘ ਉਰਫ ਨਾਰਾਇਣ ਸਾਕਾਰ ਹਰੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸਦੇ ਨਾਲ ਹੀ ਕੇਂਦਰ ਸਰਕਾਰ ਤੋਂ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਡੇਰਿਆਂ ਉਤੇ ਤੁਰੰਤ ਸਖ਼ਤ ਰੋਕ ਲਾਉਣ ਲਈ ਮਹਾਂਰਾਸ਼ਟਰ ਵਾਂਗ ਪੂਰੇ ਮੁਲਕ ਵਿੱਚ ਕੌਮੀ ਪੱਧਰ ਤੇ ਪ੍ਰਭਾਵਸ਼ਾਲੀ ਇਕਸਾਰ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾ ਕੇ ਲਾਗੂ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਕ੍ਰਿਸ਼ਨ ਸਿੰਘ, ਸੀਤਾ ਰਾਮ ਬਾਲਦ ਕਲਾਂ ਤੇ ਗੁਰਦੀਪ ਸਿੰਘ ਲਹਿਰਾ ਨੇ ਮੀਟਿੰਗ ਉਪਰੰਤ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਕ ਅਪਰਾਧਿਕ ਕੇਸ ਵਿੱਚ ਪੁਲੀਸ ਦੀ ਨੌਕਰੀ ਤੋਂ ਬਰਖਾਸਤ ਇਸ ਪਾਖੰਡੀ ਬਾਬੇ ਵੱਲੋਂ ਲੱਖਾਂ ਲੋਕਾਂ ਦੇ ਗ਼ੈਰ ਕਾਨੂੰਨੀ ਇਕੱਠ ਕਰਨ ਅਤੇ ਸੁਰੱਖਿਆ ਦੀ ਕੋਤਾਹੀ ਕਾਰਣ ਵੱਡੀ ਗਿਣਤੀ ਸ਼ਰਧਾਲੂਆਂ ਦੀ ਦੁੱਖਦਾਈ ਮੌਤ ਦੇ ਬਾਵਜੂਦ ਇਸ ਬਾਬੇ ਨੂੰ ਹੁਣ ਤਕ ਗ੍ਰਿਫਤਾਰ ਨਹੀਂ ਕੀਤਾ ਗਿਆ ,ਜਿਸਤੋਂ ਸਰਕਾਰ ਦੀ ਇਸ ਪਾਖੰਡੀ ਸਾਧ ਨਾਲ ਮਿਲੀਭੁਗਤ ਸਾਫ਼ ਨਜ਼ਰ ਆਉਂਦੀ ਹੈ।
ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਇਹ ਪਾਖੰਡੀ ਸਾਧ ਪਿਛਲੇ ਕਈ ਸਾਲਾਂ ਤੋਂ ਜਦੋਂ ਆਪਣੇ ਹੀ ਡੇਰੇ ਦੇ ਪੰਪ ਦੇ ਸਾਧਾਰਨ ਪਾਣੀ ਨਾਲ ਕੈਂਸਰ ਦੇ ਰੋਗੀ ਠੀਕ ਕਰਨ ਅਤੇ ਮਰਿਆਂ ਲੋਕਾਂ ਨੂੰ ਜਿਊਂਂਦਾ ਕਰਨ ਦੇ ਝੂਠੇ ਦਾਅਵੇ ਕਰਕੇ ਲੱਖਾਂ ਸ਼ਰਧਾਲੂਆਂ ਨੂੰ ਅੰਧ ਵਿਸ਼ਵਾਸ਼ਾਂ ਵਿੱਚ ਫਸਾ ਕੇ ਵੱਡੇ ਪੱਧਰ ਤੇ ਲੁੱਟਦਾ ਆ ਰਿਹਾ ਸੀ ਤਾਂ ਉਸ ਸਮੇਂ ਪੁਲੀਸ ਪ੍ਰਸ਼ਾਸਨ , ਮੌਕਾਪ੍ਰਸਤ ਸਿਆਸੀ ਪਾਰਟੀਆਂ ਅਤੇ ਕਾਰਪੋਰੇਟ ਮੀਡੀਏ ਦਾ ਵੱਡਾ ਹਿੱਸਾ ਆਪਣੇ ਸਵਾਰਥੀ ਹਿਤਾਂ ਲਈ ਸਭ ਕੁਝ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ ਪਰ ਹੁਣ ਅਚਾਨਕ ਇੱਕ ਵੱਡੀ ਮਨੁੱਖੀ ਤਰਾਸਦੀ ਵਾਪਰਨ ਤੋਂ ਬਾਅਦ ਉਹੀ ਮੀਡੀਆ, ਸਿਆਸਤਦਾਨ ਤੇ ਪ੍ਰਸ਼ਾਸ਼ਨ ਪਿਛਲੇ ਤਿੰਨ ਦਿਨ ਤੋਂ ਇਸ ਪਾਖੰਡੀ ਸਾਧ ਦੇ ਅਪਰਾਧਿਕ ਚਰਿੱਤਰ ਅਤੇ ਉਸ ਵਿਰੁੱਧ ਦਰਜ ਕੇਸਾਂ
ਦੇ ਕੱਚੇ ਚਿੱਠੇ ਖੋਲ ਕੇ ਆਪਣਾ ਆਪਣਾ ਬਚਾਅ ਕਰ ਰਹੇ ਹਨ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਨਰਾਇਣ ਹਰੀ ਵਰਗਿਆਂ ਪਾਖੰਡੀ ਸਾਧਾਂ ਦੇ ਡੇਰੇ ਸਿਆਸੀ ਤੇ ਹਕੂਮਤੀ ਸਰਪ੍ਰਸਤੀ ਅਤੇ ਕਾਰਪੋਰੇਟ ਪੱਖੀ ਮੀਡੀਏ ਦੀ ਹਮਾਇਤ ਨਾਲ ਹੀ ਸਰਕਾਰੀ ਤੇ ਗ਼ੈਰ ਸਰਕਾਰੀ ਜਾਇਦਾਦਾਂ ਉਤੇ ਕਬਜੇ ਕਰਕੇ ਮਹਿਲਨੁਮਾ ਡੇਰੇ ਉਸਾਰਨ ਵਿਚ ਸਫਲ ਹੁੰਦੇ ਹਨ ਅਤੇ ਲੱਖਾਂ ਭੋਲੇ ਭਾਲੇ ਅਗਿਆਨੀ ਸ਼ਰਧਾਲੂਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ, ਦੁੱਖਾਂ ਅਤੇ ਬਿਮਾਰੀਆਂ ਦਾ ਆਪਣੀ ਅਖੌਤੀ ਦੈਵੀ ਸ਼ਕਤੀ ਨਾਲ ਇਲਾਜ ਅਤੇ ਨਿਵਾਰਨ ਕਰਨ ਦੇ ਝੂਠੇ ਬਹਾਨੇ ਉਨ੍ਹਾਂ ਨੂੰ ਅਖੌਤੀ ਚਮਤਕਾਰਾਂ ਅਤੇ ਅਗਲੇ ਪਿਛਲੇ ਜਨਮ ਦੇ ਅੰਧਵਿਸ਼ਵਾਸਾਂ ਵਿਚ ਫਸਾ ਕੇ ਉਨ੍ਹਾਂ ਦਾ ਧਾਰਮਿਕ ਆਸਥਾ ਦੇ ਨਾਂ ਹੇਠ ਸ਼ਰੇਆਮ ਆਰਥਿਕ,ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਦੇ ਹਨ ਜੋ ਕਿ ਮੈਡੀਕਲ ਰਜਿਸਟਰੇਸ਼ਨ ਐਕਟ ਅਤੇ ਡਰਗਜ਼ ਤੇ ਮੈਜਿਕ ਰੈਮੀਡੀਜ਼ ਇਤਰਾਜਯੋਗ ਇਸ਼ਤਿਹਾਰਬਾਜੀ ਕਾਨੂੰਨ 1954 ਦੀ ਸਰਾਸਰ ਉਲੰਘਣਾ ਹੈ ਪਰ ਪੁਲੀਸ ਅਤੇ ਸਿਹਤ ਪ੍ਰਸ਼ਾਸਨ ਵਲੋਂ ਅਜਿਹੇ ਪਾਖੰਡੀਆਂ ਦੇ ਖਿਲਾਫ ਕਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਤਰਕਸ਼ੀਲ ਆਗੂਆਂ ਨੇ ਜਿਥੇ ਸਾਰੀਆਂ ਸਿਆਸੀ ਧਿਰਾਂ ਤੋਂ ਦੇਸ਼ ਵਿਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਪੂਰੇ ਜੋਰ ਨਾਲ ਉਠਾਉਣ ਦੀ ਮੰਗ ਕੀਤੀ ਉਥੇ ਹੀ ਆਮ ਲੋਕਾਂ ਨੂੰ ਵਿਗਿਆਨਕ ਸੋਚ ਰਾਹੀਂ ਸੁਚੇਤ ਹੋਣ ਅਤੇ ਅਜਿਹੇ ਪਾਖੰਡੀ ਬਾਬਿਆਂ ਦੇ ਡੇਰਿਆਂ ਤੇ ਭਰਮਾਊ ਗੱਲਾਂ ਦੇ ਝਾਂਸੇ ਵਿੱਚ ਨਾ ਫਸਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਖਦੇਵ ਸਿੰਘ ਕਿਸ਼ਨਗੜ੍ਹ, ਲੈਕਚਰਾਰ ਜਸਦੇਵ ਸਿੰਘ ਪ੍ਰਗਟ ਸਿੰਘ ਬਾਲੀਆ, ਪ੍ਰਹਿਲਾਦ ਸਿੰਘ, ਹੇਮਰਾਜ, ਮਾਸਟਰ ਰਣਜੀਤ ਸਿੰਘ, ਕਰਤਾਰ ਸਿੰਘ ਤੇ ਸੁਖਵਿੰਦਰ ਸਿੰਘ ਹਾਜ਼ਰ ਸਨ।
ਮਾਸਟਰ ਪਰਮਵੇਦ,
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
Leave a Reply