ਗੋਰਖ ਨਾਥ ਦੇ ਟਿੱਲੇ ਉਤੇ ਜਦ ਰਾਂਝਾ ਗਿਆ ਸੀ ਤਾਂ ਉਸਨੇ ਆਪਣੇ ਮਨ ਦੀ ਅੰਦਰਲੀ ਗੱਲ ਦੱਸ ਦਿੱਤੀ ਕਿ “*ਮੈਂ ਤਪੱਸਿਆ ਕਰਨ ਨਹੀਂ, ਹੀਰ ਨੂੰ ਮਿਲਣ ਆਇਆ। ਮੈਥੋਂ ਦਰ ਦਰ ਅਲਖੁ ਨਹੀਂ ਜਗਾਈ ਜਾਣੀ। ਮੈਨੂੰ ਆਪਣਾ ਚੇਲਾ ਬਣਾ ਲਵੋ।”*
ਗੋਰਖ ਨਾਥ ਨੇ ਜਦ ਅੰਤਰ ਦ੍ਰਿਸ਼ਟੀ ਨਾਲ ਰਾਂਝੇ ਨੂੰ ਦੇਖਿਆ ਤਾਂ ਉਸ ਦੀ ਮਨੋਦਸ਼ਾ ਪੜ੍ਹ ਕੇ ਆਪਣੇ ਚੇਲੇ ਨੂੰ ਕਹਿੰਦਾ, *ਲਿਆ ਛੁਰੀ ਤੇਲ ਮੁੰਦਰਾਂ, ਰਾਂਝੇ ਨੂੰ ਜੋਗ ਦੇਈਏ।*
ਚੇਲੇ ਹੈਰਾਨ ਤੇ ਪ੍ਰੇਸ਼ਾਨ ਹੋ ਗਏ। ਉਹਨਾਂ ਦੇ ਵਿਚਕਾਰ ਘੁਸਰ ਮੁਸਰ ਸ਼ੁਰੂ ਹੋ ਗਈ। ਪਰ ਗੋਰਖ ਨਾਥ ਦੇ ਸਾਹਮਣੇ ਕੋਈ ਬੋਲੇ ਨਾ। ਗੋਰਖ ਵੀ ਸਮਝ ਗਿਆ ਸੀ ਕਿ ਉਨ੍ਹਾਂ ਦੇ ਤਨ ਅੰਦਰ ਕੀ ਚੱਲਦਾ ਐ?
ਗੋਰਖ ਨਾਥ ਨੂੰ ਪਤਾ ਸੀ ਕਿ ਲੰਗਰ ਛਕਣ ਵਾਲੇ ਕਿਹੜੇ ਹਨ ਤੇ ਕਿਹੜੇ ਜੋਗ ਕਮਾਉਣ ਵਾਲੇ।
ਜਦੋਂ ਤੱਕ ਸੁਰ ਤੇ ਤਾਲ ਨਾ ਮਿਲੇ ਬੰਦਾ, ਵਜਦ ਵਿੱਚ ਨਹੀਂ ਆਉਂਦਾ। ਜਦੋਂ ਤੱਕ ਤੁਸੀਂ ਇਕ ਸੁਰ, ਇਕ ਜਾਨ ਨਹੀਂ ਹੁੰਦੇ, ਉਦੋਂ ਤੱਕ ਨਿਖਾਰ ਨਹੀਂ ਆਉਂਦਾ। ਆਟਾ ਕਿਉਂ ਵਾਰ ਵਾਰ ਗੁੰਨ੍ਹਿਆ ਜਾਂਦਾ ਐ, ਮੁੱਕੀਆਂ ਨਾਲ ਮਧੋਲਿਆ ਜਾਂਦਾ ਐ। ਮਧਾਣੀ ਨਾਲ ਅਧਰਿੜਕ ਦੁੱਧ ਲਗਾਤਾਰ ਰਿੜਕਿਆ ਜਾਂਦਾ ਐ। ਤਾਂ ਮੱਖਣੀ ਆਉਂਦੀ ਐ। ਮਨ ਨੂੰ ਰਿੜਕਿਆ ਵਿਚਾਰ ਵਧੀਆ ਆਉਂਦੇ ਹਨ, ਤਨ ਨੂੰ ਰਿੜਕਿਆ ਸਰੀਰਕ ਨਿਖਾਰ ਆਉਂਦਾ ਐ। ਤਨ ਮਜ਼ਬੂਤ ਹੁੰਦਾ ਐ।
ਗੋਰਖ ਨਾਥ ਨੇ ਰਾਂਝੇ ਨੂੰ ਜੋਗ ਤਾਂ ਦਿੱਤਾ ਸੀ ਕਿਉਂਕਿ ਉਸ ਦੀ ਲਿਵ, ਸੁਰਤਿ, ਸਬਦਿ, ਧੁਨਿ ਹੀਰ ਨਾਲ ਜੁੜੀ ਸੀ। ਇਹ ਕੇਵਲ ਗੋਰਖ ਨਾਥ ਹੀ ਜਾਣਦਾ ਤੇ ਪਛਾਣ ਦਾ ਸੀ। ਕਿਸੇ ਨਾਲ ਜੁੜਨ ਤੋਂ ਪਹਿਲਾਂ ਆਪਣਾ ਆਪ ਤੋੜਨਾ ਪੈਦਾ ਐ। ਆਪਣੇ ਅੰਦਰਲੇ ਨੂੰ ਸਮਰਪਿਤ ਭਾਵਨਾ ਨਾਲ ਜੋੜਨ ਲਈ ਆਪਣੇ ਮਨ ਤੇ ਤਨ ਚਮਚਿਆਂ ਨੂੰ ਬਾਹਰ ਦਫ਼ਨ ਕਰ ਦਿਓ। ਆਪਣਾ ਰੁਤਬਾ ਆਪਣਾ ਆਪ ਬਾਹਰ ਛੱਡ ਕੇ ਆਉਣ ਵਾਲੇ ਹੀ ਸਿੱਧ ਪੁਰਖ ਬਨਣ ਦੇ ਜੋਗ ਹੁੰਦੇ ਹਨ। ਜੋਗ ਤਾਂ ਹੀ ਕਮਾਇਆ ਜਾਂਦਾ ਐ ਦੇ ਸਮਰਪਣ ਦੀ ਭਾਵਨਾ ਹੋਵੇ।
ਗੁਰ ਕੇ ਰਹੀਏ ਦਾਸ
ਹਰ ਸੁਆਸ
ਬੁੱਧ ਨਾਥ
ਅਕਲ ਦੀਨ, ਕੁਟੀਆ ਨਹਿਰ ਕਿਨਾਰਿਓਂ
ਨੀਲੋਂ ਕਲਾਂ, ਲੁਧਿਆਣਾ
੯੪੬੪੩੭੦੮੨੩
Leave a Reply