ਭਗਤ ਨਾਮਦੇਵ ਜੀ ਦੇ 754ਵੇਂ ਸੂਬਾ ਪੱਧਰੀ ਪ੍ਰਕਾਸ਼ ਪੁਰਬ ਨੂੰ ਘੁਮਾਣ ਵਿਖੇ ਮਨਾਉਣ ਸਬੰਧੀ ਕੀਤੀ ਮੀਟਿੰਗ 

ਸੰਗਰੂਰ::::::::::::::::::
ਆਲ ਇੰਡੀਆ ਕਸ਼ੱਤਰੀਆ (ਟਾਂਕ) ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਪ੍ਰਧਾਨਗੀ ਹੇਠ ਪ੍ਰਬੰਧਕ ਕਮੇਟੀ ਭਗਤ ਨਾਮਦੇਵ ਭਵਨ, ਸ਼ਾਹਕੋਟ ਵੱਲੋਂ ਇਕਾਈ ਪ੍ਰਧਾਨ ਸ੍ਰੀ ਮਨਜੀਤ ਸਿੰਘ ਦੀਦ ਸ਼ਾਹਕੋਟ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਨਿਗਰਾਨੀ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ, ਹਰਿਆਣਾ, ਹਿਮਾਚਲ ਤੋਂ ਇਲਾਵਾ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਇਕਾਈਆਂ ਤੋਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਸੰਬੋਧਨ ਕਰਦਿਆਂ ਜਿੱਥੇ ਭਗਤ ਨਾਮਦੇਵ ਜੀ ਦੀ ਬਾਣੀ ਦੀ ਭਰਪੂਰ ਸ਼ਲਾਘਾ ਕੀਤੀ, ਉਥੇ ਉਨ੍ਹਾਂ ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫ਼ਲਾ ਕਰਨ ਦੀ ਪ੍ਰੇਰਨਾ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਜੀ ਨੇ ਇੱਕ ਕਿਰਤੀ ਪਰਿਵਾਰ ਵਿੱਚ ਜਨਮ ਲੈ ਕੇ ਜਿੱਥੇ ਪਿਤਾ ਪੁਰਖੀ ਕਿੱਤੇ ਕੱਪੜੇ ਰੰਗਣ ਦੇ ਕੰਮ ਨੂੰ ਮਨ ਲਾ ਕੇ ਕੀਤਾ, ਉੱਥੇ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਭਗਤ ਜੀ ਦੀ ਇਸ ਮਹਾਨ ਮਾਨਵਵਾਦੀ ਸੋਚ ਕਾਰਨ ਹੀ ਉਨ੍ਹਾਂ ਦੁਆਰਾ ਰਚੇ ਇਕਾਹਠ ਸ਼ਬਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰਕੇ ਸਾਡੀ ਕੌਮ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ। ਭਾਵੇਂ ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਵਿੱਚ ਹੋਇਆ, ਪਰੰਤੂ ਉਨ੍ਹਾਂ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਅਤੇ ਪ੍ਰਸਾਰ ਥਾਂ ਥਾਂ ‘ਤੇ ਘੁੰਮ ਕੇ ਲੋਕਾਂ ਵਿੱਚ ਜਾ ਕੇ ਕੀਤਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਨੂੰ ਜਨ ਸਧਾਰਨ ਵਿੱਚ ਲਿਜਾਣ ਲਈ ਇਹ ਜ਼ਰੂਰੀ ਹੈ ਕਿ ਭਗਤ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਵਿੱਚ ਭਗਤ ਜੀ ਦੇ ਸ਼ਬਦਾਂ ਅਤੇ ਬਾਣੀ ਤੇ ਵਿਚਾਰ ਵਟਾਂਦਰਾ ਕੀਤਾ ਜਾਵੇ। ਭਗਤ ਜੀ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ ਪੇਂਟਿੰਗਜ਼ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਜਾਣ ਅਤੇ ਭਗਤ ਜੀ ਦੀ ਬਾਣੀ ਨੂੰ ਸਿਲੇਬਸ ਵਿੱਚ ਲਾਗੂ ਕਰਵਾਇਆ ਜਾਵੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵਿੱਚ ਭਗਤ ਨਾਮਦੇਵ ਜੀ ਦੀ ਚੇਅਰ ਜੋ ਪਿਛਲੇ ਸਮੇਂ ਦੌਰਾਨ ਸਥਾਪਿਤ ਕੀਤੀ ਗਈ ਸੀ, ਪਰ ਫੰਡਾਂ ਦੀ ਘਾਟ ਕਾਰਨ ਹੁਣ ਬੰਦ ਪਈ ਹੈ, ਨੂੰ ਮੁੜ ਚਾਲੂ ਕੀਤਾ ਜਾਵੇ। ਚੰਡੀਗੜ੍ਹ ਦੇ ਪੈਟਰਨ ਤੇ ਸੰਤ ਨਾਮਦੇਵ ਭਵਨ ਬਣਾਏ ਜਾਣ, ਜਿੱਥੇ ਭਗਤ ਜੀ ਵੱਲੋਂ ਰਚੇ ਸ਼ਬਦਾਂ ਦੀਆਂ ਪੋਥੀਆਂ ਰੱਖੀਆਂ ਜਾਣ ਤਾਂ ਜੋ ਨਵੀਂ ਪੀੜ੍ਹੀ ਦੇ ਨੌਜਵਾਨ ਅਤੇ ਮੁਟਿਆਰਾਂ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੁੜ ਸਕਣ। ਇਸ ਤੋਂ ਪਹਿਲਾਂ ਭਗਤ ਨਾਮਦੇਵ ਭਵਨ ਸ਼ਾਹਕੋਟ ਦੇ ਇਕਾਈ ਪ੍ਰਧਾਨ ਮਨਜੀਤ ਸਿੰਘ ਦੀਦ ਨੇ ਜਿਥੇ ਮੀਟਿੰਗ ਵਿੱਚ ਸ਼ਾਮਲ ਸੂਬੇ ਦੀਆਂ ਵੱਖ ਵੱਖ ਇਕਾਈਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੂੰ ਜੀ ਆਇਆ ਨੂੰ ਕਹਿਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਨਾਮਦੇਵ ਜੀ ਜਿੱਥੇ ਭਗਤੀ ਲਹਿਰ ਵਿੱਚ ਸ਼੍ਰੋਮਣੀ ਭਗਤ ਦਾ ਦਰਜਾ ਰੱਖਦੇ ਸਨ, ਉੱਥੇ ਉਨ੍ਹਾਂ ਨੇ ਆਪਣੀ ਬਾਣੀ ਦੇ ਨਾਲ ਨਾਲ ਕਿਰਤ ਕਰਨ, ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ, ਇਕ ਈਸ਼ਵਰ ਵਿੱਚ ਵਿਸ਼ਵਾਸ ਰੱਖਣ, ਮਨੁੱਖਵਾਦੀ ਸੋਚ ਦੇ ਧਾਰਨੀ ਬਣਨ, ਗਰੀਬਾਂ, ਮਸਕੀਨਾਂ ਅਤੇ ਹੋਰ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਸਿੱਧੂ, ਜਤਿੰਦਰ ਪਾਲ ਬੱਲਾ ਅਤੇ ਮਨੋਹਰ ਸਿੰਘ ਲੋਹੀਆਂ ਵੱਲੋਂ ਕੀਤੇ ਬਾਖ਼ੂਬੀ ਮੰਚ ਸੰਚਾਲਨ ਦੌਰਾਨ ਸਭਾ ਦੇ ਆਗੂ ਜੋਗਾ ਸਿੰਘ ਟਾਹਲੀ ਅੰਬਾਲਾ, ਬਲਵਿੰਦਰ ਸਿੰਘ ਚੋਹਾਨ ਬਠਿੰਡਾ, ਨਿਰੰਜਨ ਸਿੰਘ ਰੱਖੜਾ ਮੁਕਤਸਰ, ਜਰਨੈਲ ਸਿੰਘ ਧੁਰਾਲੀ, ਬਲਵਿੰਦਰ ਸਿੰਘ ਮੁਲਤਾਨੀ ਚੰਡੀਗੜ੍ਹ, ਵਿੱਤ ਸਕੱਤਰ ਮਲਕੀਤ ਸਿੰਘ ਸਾਗੂ ਸੰਗਰੂਰ, ਅਮਰਜੀਤ ਸਿੰਘ ਪੁਰਬਾ ਘੁਮਾਣ, ਕੌਰ ਸਿੰਘ ਉਪਲੀ, ਯਾਦਵਿੰਦਰ ਸਿੰਘ ਲਾਲੀ, ਜਸਪਾਲ ਸਿੰਘ ਬੇਦੀ, ਪਾਲੀ ਸਿੰਘ ਕਮਲ, ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਇਕਾਈਆਂ ਦੇ ਨੁਮਾਇੰਦਿਆਂ ਵੱਲੋਂ ਭਗਤ ਨਾਮਦੇਵ ਜੀ ਦਾ ਸੂਬਾ ਪੱਧਰੀ ਪ੍ਰਕਾਸ਼ ਦਿਹਾੜਾ ਘੁਮਾਣ (ਗੁਰਦਾਸਪੁਰ) ਵਿਖੇ ਮਨਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿੱਚ ਸਾਰਿਆਂ ਵੱਲੋਂ ਸਰਬ ਸੰਮਤੀ ਨਾਲ ਘੁਮਾਣ ਵਿਖੇ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਜੈਕਾਰਿਆਂ ਦੀ ਗੂੰਜ ਵਿੱਚ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸਭਾ ਦੇ ਕੌਮੀ ਪ੍ਰਧਾਨ ਤੋਂ ਇਲਾਵਾ ਸੂਬੇ ਦੀਆਂ ਵੱਖ ਵੱਖ ਇਕਾਈਆਂ ਤੋਂ ਪਹੁੰਚੇ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ।

Leave a Reply

Your email address will not be published.


*