ਪਟਿਆਲਾ, ( ਪੱਤਰ ਪ੍ਰੇਰਕ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਪ੍ਰਚਾਰ ਲਈ ਪਟਿਆਲਾ ਪੁੱਜਣ ਤੇ 37 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚ ਵਲੋਂ ਕਾਲੇ ਝੰਡੇ ਲੈਕੇ ਡੱਟਵਾਂ ਵਿਰੋਧ ਕੀਤਾ ਗਿਆ। ਅੱਜ ਪਟਿਆਲਾ ਸ਼ਹਿਰ ਨੂੰ ਆਉਂਦੇ ਪੰਜ ਰੂਟਾਂ ਉਤੇ ਜਿਉਂ ਹੀ ਕਿਸਾਨਾਂ ਦੇ ਕਾਫ਼ਲੇ ਪ੍ਰਧਾਨ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਮਿੱਥੇ ਸਥਾਨਾਂ ਤੋਂ ਰਵਾਨਾ ਹੋਏ ਤਾਂ ਪੁਲਿਸ ਦੁਆਰਾ ਇਹਨਾਂ ਨੂੰ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਵੱਖ-ਵੱਖ ਥਾਂਵਾਂ ਤੇ ਰੋਕਾਂ ਲਗਾ ਕੇ ਰੋਕ ਲਿਆ ਜਿਸ ਕਾਰਨ ਲੱਗ ਤਿੰਨ ਘੰਟੇ ਲਈ ਚੱਕਾ ਜਾਮ ਲੱਗਿਆ ਰਿਹਾ। ਜਦੋਂਕਿ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਦਾ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਸੀ।
ਇਸ ਦੌਰਾਨ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਕਾਫਲਾ ਪਸਿਆਣਾ ਨੇੜੇ ਕਿਸਾਨਾਂ ਮਜ਼ਦੂਰਾਂ ਦੇ ਧਰਨੇ ਵਿੱਚ ਆ ਘੁਸਿਆ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਦਲਿਤ ਆਗੂ ਬਿੱਕਰ ਸਿੰਘ ਹਥੋਆ ਨੂੰ ਫੇਟ ਮਾਰਕੇ ਜ਼ਖਮੀ ਕਰ ਦਿੱਤਾ। ਹੰਸ ਰਾਜ ਹੰਸ ਦੀ ਇਸ ਉਕਸਾਉ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਹੰਸ ਰਾਜ ਹੰਸ ਦੀ ਇਸ ਕਾਰਵਾਈ ਨੂੰ ਅਤਿ ਨਿੰਦਣਯੋਗ ਅਤੇ ਦਲਿਤ ਵਿਰੋਧੀ ਕਾਰਵਾਈ ਕਰਾਰ ਦਿੱਤਾ ਹੈ।
ਜਿਨ੍ਹਾਂ ਪੰਜ ਰੂਟਾਂ ਉਤੇ ਅੱਜ ਕਾਫਲੇ ਅੱਗੇ ਵਧੇ ਉਨ੍ਹਾਂ ਵਿੱਚ ਸੰਗਰੂਰ-ਪਟਿਆਲਾ ਰੋਡ ਤੇ ਪਸਿਆਣਾ ਚੌਂਕੀ ਦੇ ਨੇੜੇ, ਸਰਹੰਦ-ਪਟਿਆਲਾ ਰੋਡ ਤੇ ਪਿੰਡ ਬਾਰਨ, ਨਾਭਾ-ਪਟਿਆਲਾ ਰੋਡ ਤੇ ਕਲਿਆਣ ਟੋਲ ਪਲਾਜ਼ਾ, ਪੇਹਵਾ-ਪਟਿਆਲਾ ਸੜਕ ਤੇ ਜੋੜੀਆਂ ਸੜਕਾਂ ਅਤੇ ਪਾਤੜਾਂ-ਪਟਿਆਲਾ ਰੋਡ ਤੇ ਪਿੰਡ ਢੈਂਠਲ ਦੇ ਅੱਡੇ ਤੇ ਕਿਸਾਨਾਂ ਮਜ਼ਦੂਰਾਂ ਦੇ ਕਾਫਲਿਆਂ ਨੂੰ ਰੋਕਿਆਂ ਗਿਆ ਜਿੱਥੇ ਉਨ੍ਹਾਂ ਨੇ ਕਾਲੇ ਝੰਡੇ ਲੈਕੇ ਸੜਕਾਂ ਤੇ ਬੈਠ ਕੇ ਵਿਰੋਧ ਸ਼ੁਰੂ ਕਰ ਦਿੱਤਾ।
ਇਨ੍ਹਾਂ ਇਕੱਠਾ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ, ਬੀਕੇਯੂ ਰਾਜੇਵਾਲ ਦੇ ਸੂਬਾ ਆਗੂ ਨਰਿੰਦਰ ਸਿੰਘ ਲੇਹਲਾ, ਬੀਕੇਯੂ ਡਕੌਂਦਾ ਦੇ ਸੂਬਾ ਵਿੱਤ ਸਕੱਤਰ ਰਾਮ ਸਿੰਘ ਮਟੋਰੜਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਕੁਲਵੰਤ ਮੌਲਵੀਵਾਲਾ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਖੇੜੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਧਰਮਪਾਲ ਸੀਲ, ਬੀਕੇਯੂ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਇਕਬਾਲ ਸਿੰਘ ਮੰਡੋਲੀ, ਜਮਹੂਰੀ ਕਿਸਾਨ ਸਭਾ ਦੇ ਪੂਰਨ ਚੰਦ ਨਨਹੇੜਾ ਭਰਾਤਰੀ ਜਥੇਬੰਦੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੋਦ, ਮੁਲਾਜ਼ਮ ਆਗੂ ਦਰਸ਼ਨ ਸਿੰਘ ਬੇਲੂਮਾਜਰਾ ਅਤੇ ਨੌਜਵਾਨ ਭਾਰਤ ਸਭਾ ਦੇ ਹਰਿੰਦਰ ਸਿੰਘ ਸੈਣੀਮਾਜਰਾ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਬੀਤੇ ਦੱਸ ਸਾਲਾਂ ਦੇ ਭਾਜਪਾ ਰਾਜ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀ ਵਰਗ ਦੇ ਮੁੱਦਿਆਂ ਦੀ ਕ ਲਗਾਤਾਰ ਅਣਦੇਖੀ ਕੀਤੀ ਗਈ।ਘੱਟ ਗਿਣਤੀਆਂ ਖਾਸ ਕਰਕੇ ਇੱਕ ਫਿਰਕੇ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ ਗਿਆ। ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਕੇ ਕੇਂਦਰੀਕਰਨ ਨੂੰ ਤਕੜਾ ਕੀਤਾ ਗਿਆ। ਹੁਣ ਭਾਜਪਾ ਪੰਜਾਬ ਵਿਚ ਧਰੁਵੀਕਰਨ ਦੀ ਖਤਰਨਾਕ ਚਾਲ ਚੱਲ ਕੇ ਪਿੰਡਾਂ ਅਤੇ ਸ਼ਹਿਰਾਂ, ਕਿਸਾਨਾਂ ਅਤੇ ਦਲਿਤਾਂ ਵਿੱਚ ਪਾੜਾ ਪਾਉਣ ਦੀ ਸਾਜ਼ਿਸ਼ ਰੱਚ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਭਾਜਪਾ ਦੀ ਇਸ ਸਾਜਿਸ਼ ਨੂੰ ਸਫਲ ਨਹੀ ਹੋਣ ਦੇਵੇਗਾ ਉਨ੍ਹਾਂ ਪੰਜਾਬ ਦੇ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਸਜ਼ਾ ਦੇਕੇ ਹਰਾਉਣ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਅੱਜ ਪਟਿਆਲਾ ਵੱਲ ਜਾ ਰਹੇ ਕਾਫ਼ਲਿਆਂ ਨੂੰ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਰਾਹੀਂ ਸ਼ਹਿਰ ਤੋਂ ਬਾਹਰ ਰੋਕੇ ਜਾਣ ਨੇ ਸਾਬਿਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਦਾ ਸਾਹਮਣਾ ਨਹੀ ਕਰ ਸਕਦੇ ਅੱਜ ਉਨ੍ਹਾਂ ਦੀ ਨੈਤਿਕ ਹਾਰ ਹੋ ਗਈ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਕਿਹਾ ਕਿ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਕਾਫਲੇ ਵਲੋਂ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਵਿੱਚ ਘੁਸਪੈਠ ਦਲਿਤਾਂ ਦੀ ਫੋਕੀ ਹਮਦਰਦੀ ਲੈਣ ਲਈ ਜਾਣਬੁੱਝ ਕੇ ਸ਼ਰਾਰਤ ਭਰੀ ਉਕਸਾਉ ਕਾਰਵਾਈ ਹੈ।ਪਰ ਅੱਜ ਕਿਸਾਨ ਜਥੇਬੰਦੀਆਂ ਦਾ ਮਜ਼ਦੂਰ ਅਤੇ ਦਲਿਤ ਜਥੇਬੰਦੀਆਂ ਨੇ ਡੱਟਵਾਂ ਸਾਥ ਦਿੱਤਾ। ਇੱਕ ਦਲਿਤ ਆਗੂ ਨੂੰ ਫੇਟ ਮਾਰਕੇ ਜ਼ਖਮੀ ਕਰਨ ਨੇ ਹੰਸ ਰਾਜ ਹੰਸ ਫ਼ਕੀਰੀ ਚਿਹਰੇ ਤੋਂ ਸ਼ਰਾਫਤ ਦਾ ਨਕਾਬ ਲਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਭਾਜਪਾ ਦੀ ਧਰੁਵੀਕਰਨ ਦੀ ਨੀਤੀ ਤਹਿਤ ਦਲਿਤਾਂ ਨੂੰ ਕਿਸਾਨਾਂ ਖਿਲਾਫ ਭੜਕਾਉਣ ਦੇ ਯਤਨ ਕਰ ਰਿਹਾ। ਉਨ੍ਹਾਂ ਚੋਣ ਕਮਿਸ਼ਨ ਨੂੰ ਇਸ ਦਾ ਸਖਤ ਨੋਟਿਸ ਲੈਕੇ ਉਸ ਦੀ ਉਮੀਦਵਾਰੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਵੱਖ ਵੱਖ ਥਾਵਾਂ ਤੇ ਇਕੱਠਾਂ ਨੂੰ ਹਜੂਰਾ ਸਿੰਘ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਬੁੱਟਰ, ਭੁਪਿੰਦਰ ਸਿੰਘ ਲੌਂਗੋਵਾਲ, ਸੁਖਵਿੰਦਰ ਸਿੰਘ ਤੁੱਲੇਵਾਲ, ਅਵਤਾਰ ਸਿੰਘ ਕੌਰਜੀਵਾਲਾ ਅਤੇ ਦਲਜੀਤ ਸਿੰਘ ਚੱਕ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
Leave a Reply