ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਨਾਲ ਸਬੰਧਤ ਮਨਿਸਟਰੀਅਲ ਸਟਾਫ਼ ਦੇ ਪੱਖ ਵਿੱਚ ਸੈਕਟਰੀਏਟ ਭੱਤੇ ਨੂੰ ਲੈ ਕੇ ਦਿੱਤੇ ਗਏ ਇਤਿਹਾਸਕ ਫ਼ੈਸਲੇ ਤੋਂ ਖੁਸ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਤੇ ਆਫੀਸਰਜ਼ ਐਸੋਸੀਏਸ਼ਨ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਧੰਨਵਾਦ ਮੀਟਿੰਗ ਦਾ ਆਯੋਜਨ ਕਰਕੇ ਮੁੱਖ ਪਟੀਸ਼ਨ ਕਰਤਾ ਬਲਵੀਰ ਸਿੰਘ ਗਰਚਾ ਦਾ ਮੂੰਹ ਮਿੱਠਾ ਕਰਵਾਉਂਦਿਆ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਅਪ੍ਰੈਲ 2020 ਦੇ ਦੌਰਾਨ ਜੀਐਨਡੀਯੂ ਨਾਨ-ਟੀਚਿੰਗ ਐਸੋਸੀਏਸ਼ਨ ਦੇ ਤੱਤਕਾਲੀ ਸੈਕਟਰੀ ਬਲਵੀਰ ਸਿੰਘ ਗਰਚਾ ਨੇ ਉਸ ਸਮੇਂ ਦੀ ਪੰਜਾਬ ਸਰਕਾਰ ਦੇ ਵੱਲੋਂ 6ਵੇਂ ਪੇਅ ਕਮਿਸ਼ਨ ਦੇ ਦੌਰਾਨ ਯੂਨੀਵਰਸਿਟੀ ਦੇ ਮਨਿਸਟਰੀਅਲ ਸਟਾਫ਼ ਦੇ ਬੰਦ ਕੀਤੇ ਗਏ ਸੈਕਟਰੀਏਟ ਭੱਤੇ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਸੀਡਬਲਯੂਪੀ 1329/2020 ਦਾਇਰ ਕੀਤੀ ਗਈ ਸੀ। ਜਿਸ ਦੀ ਅਪ੍ਰੈਲ 2020 ਤੋਂ ਲੈ ਕੇ ਮਈ 2024 ਤੱਕ ਨਜ਼ਰਸਾਨੀ ਕੀਤੀ ਗਈ ਤੇ ਅੱਜ ਤੋਂ 10 ਦਿਨ ਪਹਿਲਾਂ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ ਤੇ ਬੀਤੇ ਦਿਨ ਸੈਕਟਰੀਏਟ ਭੱਤਾ ਜਾਰੀ ਰੱਖਣ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਮਨਿਸਟਰੀਅਲ ਸਟਾਫ਼ ਨੂੰ ਸੈਕਟਰੀਏਟ ਭੱਤਾ 18 ਦਸੰਬਰ 1979 ਤੋਂ ਮਿਲਦਾ ਆ ਰਿਹਾ ਸੀ। ਪੰਜਾਬ ਐਂਡ ਹਾਈਕੋਰਟ ਦੇ ਇਸ ਫ਼ੈਸਲਾ ਦਾ ਫ਼ਾਇਦਾ ਯੂਨਵਰਸਿਟੀ ਦੇ ਵਿੱਚ ਕਾਰਜਸ਼ੀਲ ਤੇ ਸੇਵਾ ਮੁੱਕਤ ਹਜ਼ਾਰਾ ਮਨਿਸਟਰੀਅਲ ਕਾਮਿਆ ਨੂੰ ਮਿਲਣਾ ਤੈਅ ਹੈ। ਜੀਐਨਡੀਸੂ ਨਾਨ-ਟੀਚਿੰਗ ਐਸੋਸੀਏਸ਼ਨ ਤੇ ਆਫੀਸਰਜ਼ ਐਸੋਸੀਏਸ਼ਨ ਦੀ ਇਸ ਧੰਨਵਾਦ ਬੈਠਕ ਦੇ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਣ ਆਏ ਦੋਵੇਂ ਐਸੋਸੀਏਸ਼ਨਾ ਦੇ ਸਰਕਦਾ ਸਾਬਕਾ ਅਹੁੱਦੇਦਾਰ ਤੇ ਸੇਵਾ ਮੁੱਕਤ ਸੁਪਰਡੈਂਟ ਬਲਵੀਰ ਸਿੰਘ ਗਰਚਾ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਸੀਡਬਲਯੂਪੀ 1329/2020 ਦਾਇਰ ਕਰਨ ਤੋਂ ਬਾਅਦ ਜੀਐਨਡੀਯੂ ਨੂੰ ਮਿਲੇ ਸਟੇਅ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਦੋਵੇਂ ਐਸੋਸੀਏਸ਼ਨਾ ਦੇ ਵੱਲੋਂ ਵੀ ਪਟੀਸ਼ਨਾ ਦਾਇਰ ਕੀਤੀਆਂ ਗਈਆ ਸਨ, ਜਿਸ ਨੂੰ ਕੋਰਟ ਦੇ ਵੱਲੋਂ ਸਮਾਨਾਂਤਰ ਮੰਨਦੇ ਹੋਏ ਸੁਣਵਾਈ ਲਈ ਨਜ਼ਰਸਾਨੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮੇਤ ਜੀਐਨਡੀਯੂ ਦੇ ਹੋਰਨਾ ਦੋ ਯੂਨੀਵਰਸਿਟੀਆਂ ਦੇ ਹਜ਼ਾਰਾਂ ਮਨਿਸਟਰੀਅਲ ਸਟਾਫ਼ ਮੈਂਬਰਾਂ ਨੂੰ ਇਸ ਦਾ ਲਾਹਾ ਮਿਲੇਗਾ। ਉਨ੍ਹਾਂ ਦੱਸਿਆ ਕਿ ਕੋਰਟ ਦੇ ਵੱਲੋਂ ਸਰਕਾਰ ਤੇ ਜੀਐਨਡੀਯੂ ਪ੍ਰਸ਼ਾਸ਼ਨ ਨੂੰ ਆਪਣੇ ਹੁਕਮਾਂ ਵਿੱਚ ਸੈਕਟਰੀਏਟ ਭੱਤਾ ਜਾਰੀ ਕਰਨ ਦੇ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਹਨ। ਇਸ ਮੌਕੇ ਜੀਐਨਡੀਯੂ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਤੇ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਮੇਤ ਸਮੁੱਚੀਆਂ ਧਿਰਾਂ ਦੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ, ਪੰਜਾਬ ਸਰਕਾਰ ਤੇ ਜੀਐਨਡੀਯੂ ਪ੍ਰਸ਼ਾਸ਼ਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਬਲਵੀਰ ਸਿੰਘ ਗਰਚਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਸਨਮਾਨ ਕਰਨ ਦੇ ਨਾਲ-ਨਾਲ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ। ਪ੍ਰਧਾਨ ਹਰਦੀਪ ਸਿੰਘ ਨਾਗਰਾ ਤੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਕਿਹਾ ਇਹ ਸਮੁੱਚੇ ਮਨਿਸਟਰੀਅਲ ਸਟਾਫ਼ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਇਸ ਪਟੀਸ਼ਨ ਨੂੰ ਲੈ ਕੇ ਐਸੋਸੀਏਸ਼ਨਾ ਦੇ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਗਿਆ ਤੇ ਅੰਤ ਸੱਚਾਈ ਦੀ ਜਿੱਤ ਹੋਈ। ਉਨ੍ਹਾਂ ਕੋਰਟ ਦੇ ਇਤਿਹਾਸਕ ਫ਼ੈਸਲੇ ਦਾ ਸਵਾਗਤ ਵੀ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਐਸੋਸੀਏਸ਼ਨਾ ਸਮੁੱਚੇ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਚਿਰੋਕਣੀਆ ਤੇ ਹੱਕੀ ਮੰਗਾ ਦੇ ਲਈ ਪਹਿਲਾਂ ਵੀ ਸ਼ੰਘਰਸ਼ ਕਰਦੀਆਂ ਰਹੀਆ ਹਨ ਤੇ ਭਵਿੱਖ ਵਿੱਚ ਵੀ ਕਰਦੀਆਂ ਰਹਿਣਗੀਆ। ਇਸ ਮੌਕੇ ਸਕੱਤਰ ਰਜਿੰਦਰ ਸਿੰਘ, ਆਈ.ਟੀ. ਸੈਂਟਰ ਇੰਚਾਰਜ਼ ਤੀਰਥ ਸਿੰਘ, ਡਿਜੀਟਲ ਲਾਇਬ੍ਰੇਰੀ ਇੰਚਾਰਜ਼ ਸਰਬਜੀਤ ਸਿੰਘ, ਰੋਹਿਤ ਭਾਟੀਆ, ਹਰਦੀਪ ਸਿੰਘ ਗੁੰਮਟਾਲਾ, ਪ੍ਰਗਟ ਸਿੰਘ, ਮੱਤਬਰ ਚੰਦ, ਬੱਦਰੀ ਨਾਥ, ਹਰਦੀਪ ਸਿੰਘ, ਰਾਕੇਸ਼ ਦੱਤਾ, ਤਰਸੇਮ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਮੋਹਨਦੀਪ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published.


*