ਲੁਧਿਆਣਾ( Justice Nnews) – ਲੋਕ ਸਭਾ ਚੋਣਾਂ-2024 ਦੌਰਾਨ, ਹਰੇਕ ਯੋਗ ਵੋਟਰ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਹਿਰਦ ਯਤਨਾਂ ਸਦਕਾ 22 ਜਨਵਰੀ, 2024 ਤੋਂ 4 ਮਈ, 2024 ਤੱਕ 37126 ਨਵੇਂ ਵੋਟਰ ਸ਼ਾਮਲ ਹੋਏ ਹਨ।
ਪ੍ਰਸ਼ਾਸਨ ਵੱਲੋਂ 14 ਮਈ ਨੂੰ ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਅਨੁਸਾਰ ਹੁਣ ਲੁਧਿਆਣਾ ਜ਼ਿਲ੍ਹੇ ਵਿੱਚ 2694622 ਵੋਟਰ ਹਨ ਜਦਕਿ 22 ਜਨਵਰੀ 2024 ਨੂੰ 2657496 ਵੋਟਰ ਸਨ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੁੱਲ 37126 ਵੋਟਰਾਂ ਦਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 22 ਜਨਵਰੀ 2024 ਨੂੰ ਜ਼ਿਲ੍ਹੇ ਵਿੱਚ ਕੁੱਲ 1417816 ਪੁਰਸ਼, 1239534 ਔਰਤਾਂ ਅਤੇ 146 ਟਰਾਂਸਜੈਂਡਰ ਸਨ ਅਤੇ ਹੁਣ (14 ਮਈ) ਤੱਕ ਇਸ ਵਿੱਚ 1435624 ਪੁਰਸ਼, 1258847 ਔਰਤਾਂ ਅਤੇ 151 ਟਰਾਂਸਜੈਂਡਰ ਹਨ।
ਇਸੇ ਤਰ੍ਹਾਂ 22 ਜਨਵਰੀ 2024 ਨੂੰ ਜ਼ਿਲ੍ਹੇ ਵਿੱਚ 47749 ਨੌਜਵਾਨ ਵੋਟਰ ਸਨ ਅਤੇ ਹੁਣ ਇਸ ਵਿੱਚ 58801 ਨੌਜਵਾਨ ਵੋਟਰ ਹਨ। ਜ਼ਿਲ੍ਹੇ ਵਿੱਚ 22 ਜਨਵਰੀ, 2024 ਨੂੰ 15706 ਦਿਵਿਆਂਗ ਵੋਟਰ ਸਨ ਅਤੇ ਹੁਣ ਇਸ ਵਿੱਚ 16973 ਵੋਟਰ ਹਨ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਵੈਨਾਂ, ਰੈਲੀਆਂ, ਸੈਮੀਨਾਰਾਂ ਰਾਹੀਂ ਸੰਭਾਵੀ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ, ਜ਼ਿਲ੍ਹੇ ਵਿੱਚ ਸਵੀਪ ਮੁਹਿੰਮ ਤਹਿਤ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਹ ਵਾਧਾ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਇੱਕ ਕਦਮ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਪਿੱਛੇ ਨਾ ਰਹੇ। ਉਨ੍ਹਾਂ ਕਿਹਾ ਕਿ ਸਵੀਪ ਮੁਹਿੰਮ ਤਹਿਤ 1 ਜੂਨ ਨੂੰ ਲੋਕਤੰਤਰ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਲੋਕਤੰਤਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਸਾਰੇ ਭਾਈਵਾਲ ਖਾਸ ਕਰਕੇ ਨੌਜਵਾਨ ਵੋਟਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਉਦੇਸ਼ ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਅਤੇ ਲੋਕ ਸਭਾ ਚੋਣਾਂ ਦੌਰਾਨ 70 ਫੀਸਦ (ਇਸ ਵਾਰ, 70 ਪਾਰ) ਤੋਂ ਵੱਧ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।
Leave a Reply