ਮਹਰੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਛੋਟੇ ਸਿੱਧੂ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ 

ਅੰਮ੍ਰਿਤਸਰ,  ( ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਛੋਟੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਗੁਰੂ ਘਰ ਵਿਖੇ ਮੱਥਾ ਟੇਕਿਆ।
ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਛੋਟੇ ਪੁੱਤਰ ਸ਼ੁਭਦੀਪ ਸਿੰਘ ਨਾਲ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਆਪਣੇ ਛੋਟੇ ਸਿੱਧੂ ਨੂੰ ਮੀਡੀਆ ਤੋਂ ਦੂਰ ਰੱਖਿਆ ਅਤੇ ਕਿਸੇ ਨੂੰ ਵੀ ਉਸਦਾ ਮੂੰਹ ਨਹੀਂ ਦਿਖਾਇਆ। ਉਹਨਾਂ ਆਖਿਆ ਕਿ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਆਏ ਹਾਂ, ਜਦੋਂ ਦਾ ਛੋਟੇ ਸਿੱਧੂ ਦਾ ਜਨਮ ਹੋਇਆ ਹੈ, ਅਸੀਂ ਗੁਰੂ ਘਰ ਮੱਥਾ ਨਹੀਂ ਟੇਕਿਆ ਸੀ।
ਅੱਜ ਛੋਟੇ ਸਿੱਧੂ ਨੂੰ ਲੈ ਕੇ ਗੁਰੂ ਘਰ ਵਿੱਚ ਮੱਥਾ ਟਿਕਾਉਣ ਲਈ ਪੁੱਜੇ ਹਾਂ। ਲੋਕ ਸਭਾ ਚੋਣਾਂ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਚੋਣ ਲੜਨ ਵਾਸਤੇ ਆਖਿਆ ਗਿਆ ਸੀ ਪਰ ਅਸੀਂ ਜੋ ਹਾਲਾਤ ਵੇਖੇ ਹਨ ਅਤੇ ਛੋਟੇ ਸਿੱਧੂ ਕਰਕੇ ਮੈਂ ਚੋਣ ਨਹੀਂ ਲੜੀ।
ਉਹਨਾਂ ਕਿਹਾ ਕਿ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਮੇਰੇ ਲਈ ਬਹੁਤ ਖ਼ਾਸ ਹਨ, ਉਹਨਾਂ ਦੇ ਲਈ ਮੈਂ ਲੋਕ ਸਭਾ ਚੋਣ ਵਿੱਚ ਪ੍ਰਚਾਰ ਜ਼ਰੂਰ ਕਰਾਂਗਾ।
ਉਹਨਾਂ ਕਿਹਾ ਕਿ ਮੈਂ ਹੁਣ ਸਿੱਧੂ ਦੇ ਗੀਤ ਨਹੀਂ ਸੁਣਦਾ ਕਿਉਂਕਿ ਮੈਂ ਗੀਤ ਸੁਣ ਕੇ ਭਾਵਕ ਹੋ ਜਾਂਦਾ ਹਾਂ। ਸਾਡੇ ਕੋਲੋਂ ਬੋਲਿਆਂ ਤੱਕ ਨਹੀਂ ਜਾਂਦਾ ਅਤੇ ਨਾ ਹੀ ਯੂਟਿਊਬ ਵੇਖਦਾ ਹਾਂ ਕਿਉਂਕਿ ਸਿੱਧੂ ਦੀ ਵੀਡੀਓਜ਼ ਵੇਖਣ ਦਾ ਮੇਰਾ ਹੌਸਲਾ ਨਹੀਂ ਪੈਂਦਾ। ਗੁਰੂ ਦੇ ਦਰ ਤੋਂ ਹੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਇੱਥੇ ਆ ਕੇ ਖ਼ਤਮ ਹੋ ਜਾਂਦੀ ਹੈ। ਪੰਜਾਬ ਦੇ ਵਿੱਚ ਲਾਅ-ਐਂਡ-ਆਰਡਰ ਦੇ ਹਾਲਾਤ ਬਹੁਤ ਮਾੜੇ ਹਨ। ਸੁਪਰੀਮ ਕੋਰਟ ਵਿੱਚ ਹਲਫਨਾਵਾਂ ਵੀ ਪੰਜਾਬ ਸਰਕਾਰ ਨੇ ਪੇਸ਼ ਕਰ ਦਿੱਤਾ ਹੈ। ਇਹਨਾਂ ਦੀ ਗ਼ਲਤੀ ਨਾਲ ਸਿੱਧੂ ਦੀ ਮੌਤ ਹੋਈ ਹੈ। ਜੇਕਰ ਉਸ ਨੂੰ ਸਿਕਿਉਰਟੀ ਦਿੱਤੀ ਹੁੰਦੀ ਤੇ ਉਸ ਦੀ ਮੌਤ ਨਾ ਹੁੰਦੀ। ਉਹਨਾਂ ਕਿਹਾ ਕਿ ਅਸੀਂ 15 ਦਿਨ ਬਿਨਾਂ ਗੰਨਮੈਨਾਂ ਤੋਂ ਘਰ ਰਹੇ ਹਾਂ, ਕਿਸੇ ਨੂੰ ਨਹੀਂ ਪਤਾ ਸੀ ਕਿ ਸਾਡੇ ਕੋਲ ਗੰਨਮੈਨ ਨਹੀਂ, ਇਸ ਵਿੱਚ ਸਰਕਾਰ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਦਾ ਬਹੁਤ ਵੱਡਾ ਰੋਲ ਹੈ। ਜਿਹਨਾਂ ਨੇ ਸਿੱਧੂ ਦੀ ਸਿਕਿਊਰਟੀ ਬਾਰੇ ਖ਼ਬਰ ਲੀਕ ਕੀਤੀ, ਮੈਂ ਮੁੱਖ ਮੰਤਰੀ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤਾ ਵੀ ਚੁੱਕਾਂ ਹਾਂ ਪਰ ਇਹ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਸਾਰਾ ਕੁੱਝ ਪਲੈਨਿੰਗ ਦੇ ਤਹਿਤ ਸਰਕਾਰ ਵੱਲੋਂ ਇਹ ਕੀਤਾ ਗਿਆ ਹੈ।
ਮਾਲਕ ਕਿਰਪਾ ਕਰੇ ਛੋਟਾ ਸਿੱਧੂ, ਵੱਡੇ ਸਿੱਧੂ ਵਾਲਾ ਰਾਹ ਅਪਣਾ ਲਵੇ। ਸਿੱਧੂ ਮੂਸੇਵਾਲਾ ਰਾਜ਼ਨੀਤੀ ਨੂੰ ਲੈ ਕੇ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਿਆ ਸੀ ਜੇ ਉਹ 4-5 ਸਾਲ ਹੋਰ ਜਿਊਂਦਾ ਰਹਿੰਦਾ ਤਾਂ ਬਹੁਤ ਕੁੱਝ ਉਸ ਨੇ ਬਦਲ ਦੇਣਾ ਸੀ। ਗੋਲਡੀ ਬਰਾੜ ਦੀ ਮੌਤ ਦੀ ਸਰਕਾਰ ਵੱਲੋਂ ਹਰ ਵਾਰ ਝੂਠੀ ਖ਼ਬਰ ਉਡਾਈ ਜਾਂਦੀ ਹੈ।
ਇਸੇ ਦੌਰਾਨ ਬਲਕੌਰ ਸਿੰਘ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਕਵੀ, ਲੇਖਕ ਅਤੇ ਗੀਤਕਾਰ ਸੁਰਜੀਤ ਪਾਤਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਦਾ ਇਸ ਸੰਸਾਰ ਤੋਂ ਚਲੇ ਜਾਣਾ ਵੱਡਾ ਘਾਟਾ ਹੈ, ਜਿਸ ਦੀ ਪੂਰਤੀ ਕਦੇਂ ਵੀ ਨਹੀਂ ਕੀਤੀ ਜਾਂ ਸਕਦੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਸਮੇਤ ਗੁਰੂ ਘਰ ਅਰਦਾਸ ਕਰਨ ਲਈ ਆਇਆ ਹਾਂ ਤਾਂ ਜੋ ਮੇਰੇ ਵੱਡੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲ ਸਕੇ।

Leave a Reply

Your email address will not be published.


*