ਡੇਢ ਮਹੀਨਾ ਪਹਿਲਾਂ ਹੋਈ ਮੌਤ ਦੇ ਮਾਮਲੇ ‘ਚ ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ‘ਤੇ ਮੁਲਜ਼ਮਾਂ ਨੂੰ ਬਚਾਉਣ ਦੇ ਇਲਜ਼ਾਮ ਲਗਾਏ ਹਨ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ ) ਭਵਾਨੀਗੜ੍ਹ ਸ਼ਹਿਰ ਦੇ ਇਕ ਨੌਜਵਾਨ ਦੀ ਕਰੀਬ ਡੇਢ ਮਹੀਨਾ ਪਹਿਲਾਂ ਹੋਈ ਮੌਤ ਦੇ ਮਾਮਲੇ ‘ਚ ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ‘ਤੇ ਮੁਲਜ਼ਮਾਂ ਨੂੰ ਬਚਾਉਣ ਦੇ ਇਲਜ਼ਾਮ ਲਗਾਏ ਹਨ। ਪਰਿਵਾਰ ਨੇ ਪੁਲਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਮੁਲਜ਼ਮਾਂ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਪੀੜਤ ਪਰਿਵਾਰ ਨੇ ਜਲਦ ਇਨਸਾਫ ਨਾ ਮਿਲਣ ‘ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਇਸ ਸਬੰਧੀ ਵਿਚ ਅੱਜ ਅਜੀਤ ਨਗਰ ਵਿਖੇ ਮੁਹੱਲਾ ਨਿਵਾਸੀਆਂ ਦੀ ਮੌਜੂਦਗੀ ‘ਚ ਨੀਲਮ ਰਾਣੀ ਨੇ ਭਰੇ ਮਨ ਨਾਲ ਦੱਸਿਆ ਕਿ ਘਟਨਾ ਬੀਤੀ 26 ਮਾਰਚ ਦੀ ਹੈ। ਸ਼ਹਿਰ ਦੇ ਪੁਰਾਣੇ ਬੱਸ ਸਟੈੰਡ ‘ਤੇ ਸਿਗਰਟ ਬੀੜੀ ਦੇ ਖੋਖੇ ‘ਤੇ ਬੈਠਦੇ ਉਸ ਦੇ 24 ਸਾਲਾ ਲੜਕੇ ਕੈਲਾਸ਼ ਕੁਮਾਰ ਨੂੰ ਜੀਤੀ ਤੇ ਉਸ ਦੇ ਨਾਲ ਰਹਿੰਦੀ ਬਬਲੀ ਨਾਂ ਦੀ ਔਰਤ ਨਾਭਾ ਵੱਲ ਨੂੰ ਲੈ ਗਏ ਤੇ ਉਸੇ ਸ਼ਾਮ ਉਨ੍ਹਾਂ ਦਾ ਲੜਕਾ ਕੈਲਾਸ਼ ਇੱਥੋਂ ਥੋੜੀ ਦੂਰੀ ‘ਤੇ ਨਾਭਾ ਕੈੰਚੀਆਂ ਵਿੱਚ ਸੂਏ ਵਾਲੀ ਸੜਕ ‘ਤੇ ਸ਼ਮਸ਼ਾਨਘਾਟ ਦੇ ਕੋਲ ਬੈਂਚ ‘ਤੇ ਬੇਹੋਸ਼ ਪਿਆ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਕੈਲਾਸ਼ ਨੂੰ ਮੌਕੇ ਤੋਂ ਚੁੱਕ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੀਲਮ ਨੇ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਕਾਰਵਾਈ ਕਰਦਿਆਂ ਉਕਤ ਜੀਤੀ ਤੇ ਬਬਲੀ ਖ਼ਿਲਾਫ਼ ਧਾਰਾ 304 ਦੇ ਤਹਿਤ ਕੇਸ ਦਰਜ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ੁੱਕਰਵਾਰ ਨੂੰ ਨੀਲਮ ਤੇ ਉਸ ਦੀ ਬੇਟੀ ਗੀਤਾ ਰਾਣੀ ਨੇ ਦੋਸ਼ ਲਗਾਇਆ ਕਿ ਮਾਮਲੇ ਨੂੰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਹੁਣ ਤੱਕ ਪੁਲਸ ਕਾਰਵਾਈ ਕਰਨ ਤੋਂ ਟਾਲਾ ਵੱਟਦੀ ਹੀ ਨਜ਼ਰ ਆਈ ਹੈ ਮਾਂ-ਧੀ ਦਾ ਕਹਿਣਾ ਹੈ ਕਿ ਉਹ ਇਨਸਾਫ਼ ਲਈ ਥਾਣੇ ਦੇ ਗੇੜੇ ਮਾਰ ਕੇ ਥੱਕ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਦਕਿ ਪੁਲਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦੇ ਕੇ ਕੈਲਾਸ਼ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਸੀ। ਨੀਲਮ ਤੇ ਉਸ ਦੀ ਧੀ ਗੀਤਾ ਨੇ ਕਿਹਾ ਕਿ ਕੈਲਾਸ਼ ਦੀ ਮੌਤ ਦੇ ਜੁੰਮੇਵਾਰ ਸ਼ਰੇਆਮ ਘੁੰਮ ਰਹੇ ਹਨ ਪਰੰਤੂ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਹੱਥ ਤੇ ਹੱਥ ਰੱਖੀ ਬੈਠੀ ਹੈ। ਪੀੜਤ ਪਰਿਵਾਰ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਛੇਤੀ ਹੀ ਇਨਸਾਫ਼ ਨਹੀਂ ਮਿਲਿਆ ਤਾਂ ਉਹ ਪੁਲਸ ਦੇ ਉੱਚ ਅਧਿਕਾਰੀਆਂ ਅੱਗੇ ਗੁਹਾਰ ਲਗਾਉਣਗੇ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇਦੂਜੇ ਪਾਸੇ ਭਵਾਨੀਗੜ੍ਹ ਦੇ ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਕਿਹਾ ਕਿ ਪਰਿਵਾਰ ਵੱਲੋਂ ਪੁਲਸ ’ਤੇ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੁਲਸ ਨੇ ਇੱਕ ਔਰਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਕੀ ਦੋ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published.


*