ਆਜ਼ਾਦੀ ਦੀ ਪਹਿਲੀ ਜੰਗ ‘ਗ਼ਦਰ’ ਦੇ ਇਤਿਹਾਸਕ ਦਿਨ ਮੌਕੇ ਸੀਪੀਆਈ (ਐੱਮ ਐੱਲ) ਨਿਊ ਡੈਮੋਕਰੇਸੀ ਵੱਲੋਂ ਕਨਵੈਨਸ਼ਨ ਕਰਨ ਦਾ ਐਲਾਨ

ਚੰਡੀਗੜ੍ਹ/ਜਲੰਧਰ, ;;;;;;;;;;;;;;;;;; ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਆਜ਼ਾਦੀ ਦੀ ਪਹਿਲੀ ਜੰਗ ‘1857 ਦਾ ਗ਼ਦਰ’ ਦੇ ਇਤਿਹਾਸਕ ਦਿਨ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 10 ਮਈ ਨੂੰ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਜਿਸ ਵਿੱਚ ‘ਭਾਜਪਾ ਹਰਾਓ-ਭਾਜਪਾ ਭਜਾਓ’, ਦੂਜੀਆਂ ਸੱਤਾਧਾਰੀ ਪਾਰਟੀਆਂ ਨੂੰ ਸਵਾਲ ਕਰੋ ਅਤੇ ਲੁੱਟ ਅਧਾਰਿਤ ਪ੍ਰਬੰਧ ਦਾ ਪਰਦਾਫਾਸ਼ ਕਰੋ  ਮੁਹਿੰਮ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਜਾਵੇਗਾ।
ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਦੇਸ਼ ਦੇ ਲੋਕਾਂ ਵਿਰੁੱਧ ਫਾਸ਼ੀਵਾਦੀ ਹਮਲਾ ਵਿੱਢਿਆ ਹੋਇਆ ਹੈ। ਦੇਸ਼ ਦੀਆਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਖਿਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ। ਕਦੀ ਘਰ ਵਾਪਸੀ, ਕਦੀ ਗਊ ਹੱਤਿਆ, ਕਦੀ ਗਊ ਮਾਸ ਅਤੇ ਕਦੀ ਲਵ ਜਿਹਾਦ ਦਾ ਬਹਾਨਾ ਬਣਾ ਕੇ ਇਹਨਾਂ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਚੋਣਾਂ ’ਚ ਮੁਸਲਮਾਨਾਂ ਨੂੰ ਘੁਸਪੈਠੀਏ, ਵੱਧ ਬੱਚੇ ਜੰਮਣ ਵਾਲੇ ਦੱਸਕੇ ਨੀਵੇਂ ਪੱਧਰ ਦਾ ਕੀਤਾ ਜਾ ਰਿਹਾ ਪ੍ਰਚਾਰ ਮੋਦੀ-ਸ਼ਾਹ ਦੀ ਦੀ ਬੁਖਲਾਹਟ ਦਾ ਪ੍ਰਗਟਾਵਾ ਹੈ। ਉਸਤੋਂ ਵੀ ਅੱਗੇ ਜਾ ਕੇ ਵਿਰੋਧੀ ਪਾਰਟੀਆਂ ਦੀ ਜਿੱਤ ਨੂੰ ਮੰਗਲਸੂਤਰ ਉਤਾਰਨ ਅਤੇ ਔਰਤਾਂ ਦਾ ਸੋਨਾ ਮੁਸਲਮਾਨਾਂ ਦੇ ਹਵਾਲੇ ਕਰਕੇ ਹਿੰਦੂ ਭਾਈਚਾਰੇ ਨੂੰ ਡਰਾਇਆ ਜਾ ਰਿਹਾ ਹੈ ਤਾਂ ਜੋ ਵੋਟਾਂ ਦਾ ਧਰੁਵੀਕਰਨ ਕਰਕੇ ਹਰ ਹੀਲੇ ਚੋਣਾਂ ਜਿੱਤਣ ਦਾ ਅਧਾਰ ਬਣੇ। ਉਨ੍ਹਾਂ ਕਿਹਾ ਕਿ ਆਰ ਐੱਸ ਐੱਸ ਭਾਜਪਾ ਵਲੋਂ ਵਿਰੋਧੀ ਪਾਰਟੀਆਂ ਦੇ ਜਿੱਤ ਜਾਣ ’ਤੇ ਦੇਸ਼ ਵਿੱਚ ਦੰਗੇ ਹੋਣ ਦਾ ਹਊਆ ਖੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰ ਐੱਸ ਐੱਸ ਭਾਜਪਾ ਵਾਲੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸੇਧ ਵਿੱਚ ਲਗਾਤਾਰ ਯਤਨ ਕਰ ਰਹੇ ਹਨ। ਦੇਸ਼ ਵਿੱਚ ਇੱਕ ਵਿਚਾਰਧਾਰਾ, ਇੱਕ ਪਾਰਟੀ, ਇੱਕ ਨੇਤਾ, ਹੋਣ ਦਾ ਪ੍ਰਚਾਰ ਕਰ ਰਹੇ ਹਨ ਜਿਸ ਰਾਹੀਂ ਇੱਕ ਭਾਸ਼ਾ, ਇੱਕ ਧਰਮ, ਇੱਕ ਸੱਭਿਆਚਾਰ ਲਾਗੂ ਕਰਕੇ ਦੇਸ਼ ਦੀ ਵੰਨ-ਸੁਵੰਨਤਾ ਖਤਮ ਕਰਕੇ ਦੇਸ਼ ਦੇ ਮਾਲ ਖਜ਼ਾਨੇ, ਜਲ ਜੰਗਲ ਜ਼ਮੀਨ ਕਾਰਪੋਰੇਟ ਦੇ ਹਵਾਲੇ ਕੀਤੇ ਜਾ ਸਕਣ। ਇਹ ਕਾਰਪੋਰੇਟ ਤੇ ਆਰ.ਐਸ.ਐਸ. ਦਾ ਸਾਂਝਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਅਸਲੀ ਮੁੱਦੇ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਸਿਹਤ, ਵਿੱਦਿਆ ਆਦਿ ਚੋਣ ਪ੍ਰਚਾਰ ’ਚੋਂ ਗਾਇਬ ਹਨ। ਵਿਰੋਧੀ ਧਿਰ ਵੀ ਫਾਸ਼ੀਵਾਦ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਸ ਕਰਕੇ ਇੱਕ ਗੱਠਜੋੜ ਬਣਾਉਣ ਦੇ ਬਾਵਜੂਦ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਇੱਕ ਦੂਜੇ ਵਿਰੁੱਧ ਚੋਣ ਲੜ ਕੇ ਸੰਘ ਦੇ ਮੱਦਦਗਾਰ ਸਾਬਤ ਹੋ ਰਹੇ ਹਨ। ਉਨ੍ਹਾਂ ਨੇ 10 ਮਈ ਦੀ ਕਨਵੈਨਸ਼ਨ ਦੀ ਸਫ਼ਲਤਾ ਲਈ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਲੁੱਟ ਦਾ ਰਾਜ ਖਤਮ ਕਰਕੇ ਮਿਹਨਤੀ ਲੋਕਾਂ ਦੇ ਰਾਜ ਦੀ ਸਥਾਪਤੀ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾ ਸਕੇ।

Leave a Reply

Your email address will not be published.


*