August 17, 2026

Justice News

ਅਵਾਮ ਦੀ ਆਵਾਜ਼

ਵੱਧ ਨਮੀ ਵਾਲੀ ਕਣਕ ਮੰਡੀਆਂ ‘ਚ ਆਉਣ ਤੋਂ ਰੋਕੀ ਜਾਵੇ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ,  (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਕਣਕ ਦੀ ਖਰੀਦ ਨੂੰ ਲੈ ਕੇ ਜ਼ਿਲੇ ਭਰ ਵਿੱਚ ਲਗਾਤਾਰ ਅਧਿਕਾਰੀਆਂ ਨਾਲ ਤਾਲਮੇਲ ਰੱਖ ਰਹੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ, ਕਿਉਂਕਿ ਦਾਣੇ ਵਿੱਚ ਵੱਧ ਨਮੀ ਮਿਲਣ ਨਾਲ ਖਰੀਦ ਏਜੰਸੀਆਂ ਵਾਸਤੇ ਖਰੀਦ ਕਰਨੀ ਸੰਭਵ ਨਹੀਂ ਹੁੰਦੀ, ਜਿਸ ਕਾਰਨ ਕਿਸਾਨ ਨੂੰ ਕਣਕ ਸੁੱਕਣ ਦਾ ਇੰਤਜ਼ਾਰ ਮੰਡੀ ਵਿੱਚ ਬੈਠ ਕੇ ਕਰਨਾ ਪੈਂਦਾ ਹੈ। ਇਸ ਨਾਲ ਇੱਕ ਤਾਂ ਕਿਸਾਨ ਦੀ ਖੱਜ਼ਲ ਖੁਆਰੀ ਹੁੰਦੀ ਹੈ, ਦੂਸਰਾ ਮੰਡੀ ਵਿੱਚ ਥਾਂ ਰੁੱਝਿਆ ਰਹਿੰਦਾ ਹੈ, ਜੋ ਕਿ ਹੋਰ ਫ਼ਸਲ ਦੀ ਖਰੀਦ ਵਿੱਚ ਵਿਘਨ ਪਾਉਂਦਾ ਹੈ। ਅੱਜ ਕਣਕ ਦੀ ਖਰੀਦ ਸਬੰਧੀ ਐਸ ਡੀ ਐਮ, ਜ਼ਿਲਾ ਖੁਰਾਕ ਸਪਲਾਈ ਕੰਟਰੋਲਰ, ਜਿਲਾ ਮੰਡੀ ਅਫ਼ਸਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸ੍ਰੀ ਥੋਰੀ ਨੇ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਮੰਡੀ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਕ ਤਾਂ ਬਰਸਾਤ ਘੱਟ ਸੀ ਦੂਸਰਾ ਕਣਕ ਤਰਪਾਲਾਂ ਨਾਲ ਢੱਕੀ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਉਨਾਂ ਦੱਸਿਆ ਕਿ ਅੱਜ ਮੁੜ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਪਰ ਕਈ ਸਥਾਨਾਂ ਉੱਤੇ ਦਾਣੇ ਵਿੱਚ ਨਮੀ 12 ਫ਼ੀਸਦੀ ਤੋਂ ਵੱਧ ਹੋਣ ਕਾਰਨ ਖਰੀਦ ਨਹੀਂ ਹੋ ਸਕੀ। ਉਨਾਂ ਦੱਸਿਆ ਕਿ ਮੰਡੀਆਂ ਵਿੱਚ ਗੇਟ ਉੱਤੇ ਨਮੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਵੀ ਟਰਾਲੀ ਵਿੱਚ ਵੱਧ ਨਮੀ ਵਾਲੀ ਕਣਕ ਮਿਲਦੀ ਹੈ, ਉਸ ਨੂੰ ਵਾਪਸ ਭੇਜਿਆ ਜਾ ਰਿਹਾ ਹੈ।
     ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਰਸਾਤ ਕਾਰਨ ਨਮੀ ਆਮ ਨਾਲੋਂ ਵੱਧੀ ਹੈ, ਸੋ ਉਹ ਕਣਕ ਦੀ ਕਟਾਈ ਵੇਲੇ ਦਾਣੇ ਦੀ ਨਮੀ ਦਾ ਜ਼ਰੂਰ ਧਿਆਨ ਰੱਖਣ। ਉਨਾਂ ਕਿਹਾ ਕਿ ਅਸੀਂ ਤੁਹਾਡੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪਾਬੰਦ ਹਾਂ, ਸੋ ਕਿਸੇ ਵੀ ਤਰ੍ਹਾਂ ਦੀ ਕਾਹਲੀ ਦੀ ਲੋੜ ਨਹੀਂ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.