ਥਾਣਾ ਦਿੜ੍ਹਬਾ, ਸੁਨਾਮ ਤੇ ਚੀਮਾ ਖੇਤਰ ‘ਚ ਨਕਲੀ ਸ਼ਰਾਬ ਵੇਚਣ ਵਾਲੇ ਗਿਰੋਹ ਦੇ ਹੁਣ ਤੱਕ 10 ਦੋਸ਼ੀ ਗ੍ਰਿਫਤਾਰ

ਸੰਗਰੂਰ::::::::::::::::::::::: ਡੀ.ਆਈ.ਜੀ., ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜਤਿੰਦਰ ਜੋਰਵਾਲ ਆਈ.ਏ.ਐਸ., ਡੀ.ਸੀ., ਸੰਗਰੂਰ ਅਤੇ ਸਰਤਾਜ ਸਿੰਘ ਚਾਹਲ, ਆਈ.ਪੀ.ਐਸ, ਐਸ.ਐਸ.ਪੀ, ਸੰਗਰੂਰ ਦੀ ਯੋਗ ਅਗਵਾਈ ‘ਚ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਦਿੜ੍ਹਬਾ, ਥਾਣਾ ਸਿਟੀ ਸੁਨਾਮ ਅਤੇ ਥਾਣਾ ਚੀਮਾ ਦੇ ਖੇਤਰਾਂ ਵਿੱਚ ਨਕਲੀ ਸ਼ਰਾਬ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਕਲੀ ਸ਼ਰਾਬ ਅਤੇ ਨਕਲੀ ਸ਼ਰਾਬ ਦੇ ਨਿਰਮਾਣ ਅਤੇ ਲੇਬਲਿੰਗ ਲਈ ਵਰਤੇ ਜਾਣ ਵਾਲੇ ਹੋਰ ਸਾਜ਼ੋਸਾਮਾਨ ਦੀ ਵੱਡੀ ਬਰਾਮਦਗੀ ਕੀਤੀ ਗਈ।
ਡੀ.ਆਈ.ਜੀ., ਪਟਿਆਲਾ ਰੇਂਜ ਨੇ ਦੱਸਿਆ ਕਿ ਮਿਤੀ 20.03.2024 ਨੂੰ ਸੰਗਰੂਰ ਪੁਲਿਸ ਨੂੰ ਪਿੰਡ ਗੁੱਜਰਾਂ (ਥਾਣਾ ਦਿੜ੍ਹਬਾ) ਤੋਂ ਗੈਰ ਕੁਦਰਤੀ ਮੌਤਾਂ ਹੋਣ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਦੇ ਤੁਰੰਤ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਅਮਰੀਕ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਅਵਤਾਰ ਸਿੰਘ ਦੋਵੇਂ ਵਾਸੀ ਪਿੰਡ ਗੁੱਜਰਾਂ ਦੇ ਖਿਲਾਫ ਐਫ.ਆਈ.ਆਰ ਨੰ. 25 ਮਿਤੀ 20.03.2024 ਅਧੀਨ 302, 34 ਆਈ.ਪੀ.ਸੀ. ਅਤੇ 61/01/14 ਆਬਕਾਰੀ ਐਕਟ ਥਾਣਾ ਦਿੜ੍ਹਬਾ ਵਿਖੇ ਦਰਜ ਕੀਤੀ। ਉਕਤ ਮਾਮਲੇ ਦੀ ਤਫ਼ਤੀਸ਼ ਦੌਰਾਨ ਮੁਲਜ਼ਮ ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਲਾਲ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਉਭਾਵਾਲ ਅਤੇ ਇਸ ਪੂਰੇ ਕਾਂਡ ਦੇ ਮਾਸਟਰ ਮਾਈਂਡ ਹਰਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਤੇਈਪੁਰ, ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਭਾਰੀ ਮਾਤਰਾ ਵਿੱਚ ਨਕਲੀ ਸ਼ਰਾਬ ਅਤੇ ਇਸ ਨਕਲੀ ਸ਼ਰਾਬ ਦੇ ਨਿਰਮਾਣ ਲਈ ਵਰਤੇ ਜਾਂਦੇ ਹੋਰ ਸਮਾਨ ਦੀ ਬਰਾਮਦਗੀ ਕੀਤੀ ਗਈ।
ਮਿਤੀ 22.03.2024 ਨੂੰ ਪੁਲਿਸ ਥਾਣਾ ਸਿਟੀ ਸੁਨਾਮ ਅਤੇ ਥਾਣਾ ਚੀਮਾ ਵਿਖੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਕੁੱਝ ਵਿਅਕਤੀ ਵੀ ਨਕਲੀ ਸ਼ਰਾਬ ਪੀਣ ਨਾਲ ਬਿਮਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ। ਤਫਤੀਸ਼ ਕਰਨ ‘ਤੇ ਪਤਾ ਲੱਗਾ ਕਿ ਇਹ ਘਟਨਾ ਵੀ ਉਸੇ ਨਕਲੀ ਸ਼ਰਾਬ ਦੇ ਸੇਵਨ ਕਾਰਨ ਵਾਪਰੀ ਸੀ, ਜਿਸ ਕਾਰਨ ਥਾਣਾ ਦਿੜ੍ਹਬਾ ਦੇ ਖੇਤਰ ‘ਚ ਮਿਤੀ 20.03.2024 ਨੂੰ ਇਹ ਘਟਨਾ ਵਾਪਰੀ ਸੀ ਕਿਉਂਕਿ ਉਕਤ ਨਕਲੀ ਸ਼ਰਾਬ ਦੀ ਕੁਝ ਖੇਪ ਵੀ ਇਨ੍ਹਾਂ ਕੋਲ ਪਹੁੰਚੀ ਸੀ।
ਇਸ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼ ਕਰਨ ਅਤੇ ਖਤਰੇ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ, 22.03.2024 ਨੂੰ, ਸੰਗਰੂਰ ਪੁਲਿਸ ਨੇ ਦੋ ਹੋਰ ਐਫ.ਆਈ.ਆਰ. ਨੰ. 18 ਮਿਤੀ 22.03.2024 ਅ/ਧ 302, 120-ਬੀ ਆਈ.ਪੀ.ਸੀ. ਅਤੇ 61-ਏ ਆਬਕਾਰੀ ਐਕਟ, ਥਾਣਾ ਚੀਮਾ ਵਿਖੇ 7 ਵਿਅਕਤੀਆਂ ਖ਼ਿਲਾਫ਼ ਅਤੇ ਇਸ ਤੋਂ ਇਲਾਵਾ ਐਫ ਆਈ ਆਰ ਨੰ. 44 ਮਿਤੀ 22.03.2024 ਅ/ਧ 302, 34 ਆਈ.ਪੀ.ਸੀ. ਅਤੇ 61-ਏ ਆਬਕਾਰੀ ਐਕਟ ਥਾਣਾ ਸਿਟੀ ਸੁਨਾਮ, ਸੰਗਰੂਰ ਵਿਖੇ 6 ਵਿਅਕਤੀਆਂ ਖਿਲਾਫ ਦਰਜ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਟੀਮਾਂ ਭੇਜੀਆਂ ਅਤੇ ਤੁਰੰਤ ਕਾਰਵਾਈ ਕਰਕੇ ਇਸ ਘਟਨਾ ਵਿੱਚ ਸ਼ਾਮਲ ਜ਼ਿਆਦਾਤਰ ਦੋਸ਼ੀਆਂ ਨੂੰ ਫੜਨ ਵਿੱਚ ਕਾਮਯਾਬ ਰਹੀ। ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਗ੍ਰਿਫ਼ਤਾਰ ਵਿਅਕਤੀਆਂ ਦੀ ਕੁੱਲ ਗਿਣਤੀ 10 ਹੋ ਗਈ ਹੈ। ਇਹ ਦੋ ਫੜੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਪੁੱਤਰ ਚੰਨਾ ਰਾਮ ਵਾਸੀ ਟਿੱਬੀ ਰਵਿਦਾਸਪੁਰਾ, ਸੁਨਾਮ ਅਤੇ ਵੀਰੂ ਸੈਣੀ ਪੁੱਤਰ ਮਰਹੂਮ ਪੁੰਨੂੰ ਸੈਣੀ ਵਾਸੀ ਵਾਰਡ ਨੰ.3 ਸੁਨਾਮ ਵਜੋਂ ਹੋਈ ਹੈ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਪਰੋਕਤ ਵੀਰੂ ਸੈਣੀ ਨੇ 4 ਪੇਟੀਆਂ ਨਕਲੀ ਸ਼ਰਾਬ ਸੋਮਾ ਕੌਰ (ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ) ਤੋਂ ਖਰੀਦ ਕੇ ਦੋ ਡੱਬੇ ਮੰਗਲ ਸਿੰਘ ਨੂੰ ਵੇਚ ਦਿੱਤੇ ਅਤੇ ਬਾਕੀ ਦੋ ਡੱਬੇ ਇਲਾਕੇ ਦੇ ਆਮ ਲੋਕਾਂ ਨੂੰ ਵੇਚ ਦਿੱਤੇ। ਅੱਗੇ ਮੰਗਲ ਸਿੰਘ ਨੇ ਉਪਰੋਕਤ ਦੋ ਪੇਟੀਆਂ ਨਕਲੀ ਸ਼ਰਾਬ ਟਿੱਬੀ ਰਵਿਦਾਸਪੁਰਾ, ਸੁਨਾਮ ਦੇ ਇਲਾਕੇ ਵਿੱਚ ਆਮ ਲੋਕਾਂ ਨੂੰ ਵੇਚ ਦਿੱਤੀ। ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਤੋਂ ਪੁਲਿਸ ਨੇ ਪੂਰੀ ਨਕਲੀ ਸ਼ਰਾਬ ਦੀ ਖੇਪ ਜੋ ਮਾਸਟਰਮਾਈਂਡ ਹਰਮਨਪ੍ਰੀਤ ਸਿੰਘ ਦੁਆਰਾ ਤਿਆਰ ਕੀਤੀ ਗਈ ਸੀ ਅਤੇ ਉਸਦੇ ਵੱਖ-ਵੱਖ ਸਾਥੀਆਂ ਨੂੰ ਵੇਚੀ ਗਈ ਸੀ, ਦੀ ਗਿਣਤੀ ਕਰਨ ਦੇ ਯੋਗ ਹੋ ਗਈ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿੱਚ ਇਸ ਸਮੁੱਚੀ ਘਟਨਾ ਨਾਲ ਸਬੰਧਤ ਅਪਰਾਧਿਕ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਐਸਆਈਟੀ ਦੀ ਅਗਵਾਈ ਏਡੀਜੀਪੀ ਰੈਂਕ ਦੇ ਅਧਿਕਾਰੀ ਦੇ ਨਾਲ-ਨਾਲ ਹੋਰ ਅਧਿਕਾਰੀ ਕਰਨਗੇ।
ਸੰਗਰੂਰ ਪੁਲਿਸ ਨੇ ਇਸ ਵਾਰਦਾਤ ਦੇ ਮਾਸਟਰਮਾਈਂਡ ਹਰਮਨਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਸੰਗਰੂਰ ਪੁਲਿਸ ਦੇ ਯਤਨਾਂ ਨਾਲ ਕਈ ਬੇਕਸੂਰ ਵਸਨੀਕਾਂ ਦੀਆਂ ਜਾਨਾਂ ਵੀ ਬਚ ਗਈਆਂ ਹਨ ਜੋ ਨਕਲੀ ਸ਼ਰਾਬ ਦੇ ਸੇਵਨ ਦਾ ਸ਼ਿਕਾਰ ਹੋ ਜਾਂਦੇ, ਜੇਕਰ ਮਾਮਲੇ ਨੂੰ ਇੰਨੀ ਤੇਜ਼ ਰਫ਼ਤਾਰ ਨਾਲ ਨਜਿੱਠਿਆ ਨਾ ਗਿਆ ਹੁੰਦਾ ਅਤੇ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ।
ਰਿਕਾਰਡ ਅਨੁਸਾਰ ਵੀਰੂ ਸੈਣੀ ਪੁੱਤਰ ਮਰਹੂਮ ਪੁਨੂੰ ਸੈਣੀ ਵਿਰੁੱਧ ਪਹਿਲਾਂ ਵੀ ਹੇਠ ਲਿਖੀਆਂ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ:
1. ਪਰਚਾ ਨੰ. 246 ਮਿਤੀ 2.11.2022 ਅਧੀਨ 61/01/14 ਆਬਕਾਰੀ ਐਕਟ ਥਾਣਾ ਸਿਟੀ ਸੁਨਾਮ
2. ਪਰਚਾ ਨੰ. 271 ਮਿਤੀ 22.11.2022 ਅਧੀਨ 30/54/59 ਅਸਲਾ ਐਕਟ ਅਤੇ 188 ਆਈ.ਪੀ.ਸੀ. ਥਾਣਾ ਸਿਟੀ ਸੁਨਾਮ

Leave a Reply

Your email address will not be published.


*