ਮਾਲੇਰਕੋਟਲਾ ( ਕਿਮੀ ਅਰੋੜਾ ਅਸਲਮ ਨਾਜ਼ ) ਪੁਲਸ ਤੇ ਪ੍ਰੈਸ ਦਾ ਆਪਸ ‘ਚ ਰਿਸ਼ਤਾ ਇਕ ਪਰਿਵਾਰ ਵਾਂਗ ਨਹੂੰ-ਮਾਸ ਵਾਲਾ ਹੁੰਦਾ ਹੈ।ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਜਨਤਾ ਦੀ ਸੇਵਾ ਲਈ ਪੁਲਸ ਨੂੰ ਪ੍ਰੈਸ ਦਾ ਸਹਿਯੋਗ ਬਹੁਤ ਜ਼ਰੂਰੀ ਹੈ।ਪੁਲਸ ਅਤੇ ਪ੍ਰੈਸ ਦਰਿਆਮਨ ਆਪਸੀ ਰਿਸ਼ਤੇ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਵਿੱਖ ‘ਚ ਜਿਥੇ ਉਪਰਾਲੇ ਕੀਤੇ ਜਾਣਗੇ ਉਥੇ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਮੀਡੀਆ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ।ਇਹ ਪ੍ਰਗਟਾਵਾ ਮਾਲੇਰਕੋਟਲਾ ਜ਼ਿਲ੍ਹਾ ਪ੍ਰੈਸ ਕਲੱਬ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਹਾਬੂਦੀਨ ਦੀ ਅਗਵਾਈ ਹੇਠ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਆਯੋਜਿਤ ਮੀਟਿੰਗ ਕਮ ਸਮਾਗਮ ‘ਚ ਮੁੱਖ ਮਹਿਮਾਨ ਵੱਜੋਂ ਪੁੱਜੇ ਮਾਲੇਰਕੋਟਲਾ ਦੇ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਜ਼ਿਲ੍ਹੇ ਭਰ ਤੋਂ ਪਹੁੰਚੇ ਚਾਰ ਦਰਜਣ ਤੋਂ ਵੱਧ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਦੌਰਾਨ ਵੱਖ-ਵੱਖ ਪੱਤਰਕਾਰਾਂ ਵੱਲੋਂ ਰੱਖੀਆਂ ਗਈਆਂ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਨੂੰ ਐਸ.ਐਸ.ਪੀ. ਖੱਖ ਨੇ ਤੁਰੰਤ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਪੁਲਸ ਅਧਿਕਾਰੀਆਂ ਦੇ ਦਫਤਰਾਂ ਅਤੇ ਥਾਣਿਆਂ ‘ਚ ਪੱਤਰਕਾਰਾਂ ਨੂੰ ਜਿਥੇ ਪਹਿਲ ਦੇ ਅਧਾਰ ‘ਤੇ ਬਣਦਾ ਪੂਰਾ ਮਨ-ਸਨਮਾਨ ਦਿੱਤਾ ਜਾਵੇਗਾ ਉਥੇ ਉਹ ਆਪਣੇ ਸਾਰੇ ਥਾਣਾ ਮੁੱਖੀਆਂ ਅਤੇ ਡੀ.ਐਸ.ਪੀ. ਸਾਹਿਬਾਨਾਂ ਨੂੰ ਵੀ ਕਹਿਣਗੇ ਕਿ ਉਹ ਆਪੋ-ਆਪਣੇ ਖੇਤਰਾਂ ਦੇ ਪੱਤਰਕਾਰਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਮੀਟਿੰਗ ਕਰਨ ਅਤੇ ਪੱਤਰਕਾਰਾਂ ਨੂੰ ਲੋੜੀਂਦਾ ਸਹਿਯੋਗ ਤੇ ਮਾਣ-ਸਨਮਾਨ ਦਿੱਤਾ ਜਾਵੇ।
ਜ਼ਿਲ੍ਹਾ ਪੁਲਸ ਮੁਖੀ ਸ.ਖੱਖ ਨੇ ਕਿਹਾ ਕਿ ਪੁਲਸ ਅਤੇ ਮੀਡੀਆ ਵਿਚਕਾਰ ਵਧੀਆ ਦੋਸਤਾਨਾਂ ਸਬੰਧ ਬਣੇ ਰਹਿਣ ਇਸ ਲਈ ਉਹ ਸਮੇਂ-ਸਮੇਂ ‘ਤੇ ਆਪਣੀ ਟੀਮ ਦੇ ਹੋਰਨਾਂ ਪੁਲਸ ਅਧਿਕਾਰੀਆਂ ਨੂੰ ਨਾਲ ਲੈ ਕੇ ਪੱਤਰਕਾਰਾਂ ਨਾਲ ਮੀਟਿੰਗਾਂ ਵੀ ਕਰਨਗੇ।ਜ਼ਿਲ੍ਹੇ ਅੰਦਰ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਦੇ ਨਾਲ-ਨਾਲ ਜ਼ਿਲ੍ਹਾ ਵਾਸੀਆਂ ਨੂੰ ਵਧੀਆ ਪੁਲਸ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੁਲਸ ਵੱਲੋਂ ਕੀਤੇ ਜਾ ਰਹੇ ਇਤਿਹਾਸਕ ਉਪਰਾਲਿਆਂ ਦਾ ਵਿਸਥਾਰ ‘ਚ ਜ਼ਿਕਰ ਕਰਦਿਆਂ ਸ.ਖੱਖ ਨੇ ਕਿਹਾ ਕਿ ਇਨ੍ਹਾਂ ਕਾਰਜ਼ਾਂ ਨੂੰ ਹੋਰ ਵੀ ਜੰਗੀ ਪੱਧਰ ‘ਤੇ ਜਾਰੀ ਰੱਖਣ ਲਈ ਜਿਥੇ ਪੁਲਸ ਨੂੰ ਪ੍ਰੈਸ ਦਾ ਸਹਿਯੋਗ ਜ਼ਰੂਰੀ ਹੈ ਉਥੇ ਜਨਤਾ ਵੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੁਲਸ ਨੂੰ ਸਹਿਯੋਗ ਦੇਵੇ।
ਇਸ ਮੌਕੇ ਮਾਲੇਰਕੋਟਲਾ ਜ਼ਿਲ੍ਹਾ ਪ੍ਰੈਸ ਕਲੱਬ ਵੱਲੋਂ ਨਸ਼ਿਆਂ ਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਲਈ ਅਤੇ ਟ੍ਰੈਫਿਕ ਵਿਵਸਥਾ ਸੁਧਾਰਨ ਲਈ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਕੀਤੇ ਜਾ ਰਹੇ ਇਤਿਹਾਸਕ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਓਧਰ ਡੀ.ਐਸ.ਪੀ. ਗੁਰਦੇਵ ਸਿੰਘ ਵੱਲੋਂ ਐਸ.ਐਸ.ਪੀ. ਸ.ਖੱਖ ਦੀ ਅਗਵਾਈ ਹੇਠ ਬਜ਼ੂਰਗਾਂ ਨੂੰ ਘਰ ਬੈਠਿਆਂ ਹੀ ਪੁਲਸ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂ ਕੀਤੀ ਵਿਸ਼ੇਸ ਮੁਹਿੰਮ ਦੇ ਨਾਲ-ਨਾਲ ਮਾਲੇਰਕੋਟਲਾ ਅੰਦਰ ਅਮਨ-ਸ਼ਾਤੀ ਬਣਾਈ ਰੱਖਣ ਲਈ ਕੀਤੇ ਜਾ ਰਹੇ ਕਾਰਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਪ੍ਰੈਸ ਕਲੱਬ ਵੱਲੋਂ ਡੀ.ਐਸ.ਪੀ. ਗੁਰਦੇਵ ਸਿੰਘ ਜੀ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ।
ਸਨਮਾਨ ਸਮਾਗਮ ਤੋਂ ਬਾਅਦ ਮਾਲੇਰਕੋਟਲਾ ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਸ਼ਹਾਬੂਦੀਨ ਦੀ ਪ੍ਰਧਾਨਗੀ ‘ਚ ਹੋਈ ਮਹੀਨਾਂਵਾਰ ਮੀਟਿੰਗ ਦੌਰਾਨ ਕਲੱਬ ਦੀਆਂ ਗਤੀਵਿਧੀਆਂ ਅਤੇ ਹੋਰ ਭਵਿੱਖ ਦੇ ਕਾਰਜਾਂ ਸਬੰਧੀ ਚਰਚਾ ਕਰਦੇ ਹੋਏ ਰੂਪ ਰੇਖਾ ਉਲੀਕੀ ਗਈ।ਇਸ ਤੋਂ ਪਹਿਲਾਂ ਪੇਸ਼ ਕੀਤੇ ਗਏ ਇਕ ਸੋਗ ਮਤੇ ‘ਚ ਅਹਿਮਦਗੜ੍ਹ ਤੋਂ ਸੀਨੀਅਰ ਪੱਤਰਕਾਰ ਸੁਰਿੰਦਰ ਤਾਇਲ ਦੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੇ ਸੋਗ ‘ਚ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸਵ:ਤਾਇਲ ਨੂੰ ਸਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਮੀਟਿੰਗ ‘ਚ ਜ਼ਿਲ੍ਹੇ ਭਰ ਤੋਂ ਚਾਰ ਦਰਜਣ ਦੇ ਕਰੀਬ ਪੱਤਰਕਾਰਾਂ ਨੇ ਸ਼ਿਰਕਤ ਕੀਤੀ।
Leave a Reply