August 17, 2026

Justice News

ਅਵਾਮ ਦੀ ਆਵਾਜ਼

ਐਮਪੀ ਅਰੋੜਾ ਨੇ ਲੁਧਿਆਣਾ ਵਿਖੇ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਦਾ ਭਰੋਸਾ ਦਿੱਤਾ

ਲੁਧਿਆਣਾ::::::::::::::::::::::: ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਅੱਜ ਤੀਜੇ ਦਿਨ ਜੀਐਮਐਮਐਸਏ ਐਕਸਪੋ ਇੰਡੀਆ-2024 ਦਾ ਦੌਰਾ ਕੀਤਾ।
ਇਹ ਐਕਸਪੋ ਗਾਰਮੈਂਟਸ ਮਸ਼ੀਨਰੀ ਮੈਨੂਫੈਕਚਰਰਜ਼ ਐਂਡ ਸਪਲਾਇਰਜ਼ ਐਸੋਸੀਏਸ਼ਨ ਵੱਲੋਂ 19-22 ਜਨਵਰੀ ਤੱਕ ਦਾਣਾ ਮੰਡੀ, ਬਹਾਦਰ ਕੇ ਰੋਡ, ਲੁਧਿਆਣਾ ਵਿਖੇ ਲਗਾਈ ਜਾ ਰਹੀ ਹੈ। ਇਸ ਐਕਸਪੋ ਵਿੱਚ ਸਪਿਨਿੰਗ, ਬੁਣਾਈ, ਰੰਗਾਈ, ਪ੍ਰਿੰਟਿੰਗ, ਕਢਾਈ, ਫਿਨਿਸ਼ਿੰਗ ਲਿੰਕਿੰਗ, ਲੇਜ਼ਰ ਕਟਿੰਗ ਅਤੇ ਪੈਕੇਜਿੰਗ, ਰੰਗ, ਰਸਾਇਣਕ ਧਾਗੇ ਨਾਲ ਸਬੰਧਤ ਮਸ਼ੀਨਾਂ ਅਤੇ ਸਹਾਇਕ ਉਪਕਰਣ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ।
ਐਕਸਪੋ ਦਾ ਦੌਰਾ ਕਰਨ ਤੋਂ ਬਾਅਦ, ਅਰੋੜਾ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਐਕਸਪੋ ਇਕ ਛੱਤ ਹੇਠ ਸਭ ਤੋਂ ਵੱਕਾਰੀ ਪਲੇਟਫਾਰਮ ਹੈ ਜੋ ਕਿ ਪਹਿਰਾਵੇ ਦੇ ਹਰ ਖੇਤਰ ਵਿੱਚ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਪ੍ਰਦਾਨ ਕਰਦੀ ਹੈ, ਨਾਲ ਹੀ ਮੌਜੂਦਾ ਸਿਸਟਮ ਨੂੰ ਅਪਗ੍ਰੇਡ ਕਰਨ ਅਤੇ ਲੋੜੀਂਦੀ ਤਕਨੀਕੀ ਮਸ਼ੀਨਰੀ ਨੂੰ ਬਦਲਣ ਦਾ ਮੌਕਾ ਦਿੰਦੀ ਹੈ।
ਉਨ੍ਹਾਂ ਨੇ ਐਕਸਪੋ ਦੇ ਆਯੋਜਨ ਲਈ ਪ੍ਰਬੰਧਕਾਂ ਦੀ ਬਹੁਤ ਸ਼ਲਾਘਾ ਕੀਤੀ ਜਿੱਥੇ ਤਕਨਾਲੋਜੀ ਅਤੇ ਮਸ਼ੀਨਾਂ ਦਾ ਲਾਈਵ ਡੈਮੋ ਉਪਲਬਧ ਹੈ, ਜੋ ਕਿ 8ਵਾਂ ਐਡੀਸ਼ਨ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਐਕਸਪੋ ਨਾ ਸਿਰਫ਼ ਮੌਜੂਦਾ ਉਦਯੋਗਾਂ ਨੂੰ ਲਾਭ ਪਹੁੰਚਾਉਂਦੇ ਹਨ ਬਲਕਿ ਇਸ ਦੇ ਨਾਲ ਹੀ ਸੈਲਾਨੀਆਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਐਕਸਪੋ ਨਾ ਸਿਰਫ਼ ਲੁਧਿਆਣਾ ਦੀ ਸਨਅਤ ਸਗੋਂ ਸਮੁੱਚੇ ਉੱਤਰੀ ਭਾਰਤ ਦੇ ਉਦਯੋਗਾਂ ਲਈ ਲਾਹੇਵੰਦ ਸਿੱਧ ਹੋਵੇਗੀ।
ਉਨ੍ਹਾਂ ਮੁੜ ਤੋਂ ਭਰੋਸਾ ਦਿੱਤਾ ਕਿ ਉਹ ਲੁਧਿਆਣਾ ਵਿਖੇ ਪ੍ਰਦਰਸ਼ਨੀ ਕੇਂਦਰ ਦੀ ਸਥਾਪਨਾ ਲਈ ਠੋਸ ਉਪਰਾਲੇ ਕਰਨਗੇ। ਉਨ੍ਹਾਂ ਲੁਧਿਆਣਾ ਦੀਆਂ ਸਨਅਤੀ ਜਥੇਬੰਦੀਆਂ ਨੂੰ ਮੁੜ ਇਸ ਮੰਗ ਸਬੰਧੀ ਮੰਗ ਪੱਤਰ ਸੌਂਪਣ ਲਈ ਕਿਹਾ ਤਾਂ ਜੋ ਉਹ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾ ਸਕਣ। ਉਨ੍ਹਾਂ ਨੇ ਸਥਾਨਕ ਉਦਯੋਗਾਂ ਨੂੰ ਪ੍ਰਦਰਸ਼ਨੀ ਕੇਂਦਰ ਲਈ ਲੋੜੀਂਦੀ  ਜ਼ਮੀਨ ਅਤੇ ਸਥਾਨ ਬਾਰੇ ਸੁਝਾਅ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨਾ ਉਦਯੋਗ ਦੀ ਸਖ਼ਤ ਮੰਗ ਹੈ।
ਅਰੋੜਾ ਨੇ ਮੰਨਿਆ ਕਿ ਸਥਾਨਕ ਕੱਪੜਾ ਉਦਯੋਗ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਤੌਰ ‘ਤੇ ਚੀਨ ਦੇ ਨਿਰਮਾਤਾਵਾਂ ਤੋਂ ਜੋ ਘਰੇਲੂ ਬਾਜ਼ਾਰ ਵਿੱਚ ਤਿਆਰ ਕੀਤੇ ਜਾਣ ਵਾਲੇ ਸਮਾਨ ਦੇ ਮੁਕਾਬਲੇ ਬਹੁਤ ਘੱਟ ਕੀਮਤ ‘ਤੇ ਵਸਤੂਆਂ ਦੀ ਬਰਾਮਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਲੋੜ ਹੈ ਕਿ ਕੇਂਦਰ ਸਰਕਾਰ ਚੀਨ ਤੋਂ ਆਉਣ ਵਾਲੇ ਉਤਪਾਦਾਂ ‘ਤੇ ਵਧੇਰੇ ਕਸਟਮ ਡਿਊਟੀ ਲਾਵੇ ਤਾਂ ਜੋ ਘਰੇਲੂ ਉਦਯੋਗ ਲਈ ਬਰਾਬਰੀ ਦਾ ਮੈਦਾਨ ਬਣ ਸਕੇ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ‘ਤੇ ਅਰੋੜਾ ਨੇ ਭਰੋਸਾ ਦਿੱਤਾ ਕਿ ਹਲਵਾਰਾ ਹਵਾਈ ਅੱਡਾ ਉਸਾਰੀ ਦੇ ਆਖਰੀ ਪੜਾਅ ‘ਤੇ ਹੈ ਅਤੇ ਇਸ ਸਾਲ ਮਾਰਚ ਤੱਕ ਮੁਕੰਮਲ ਹੋ ਜਾਵੇਗਾ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.