ਪੀਆਈਬੀ ਚੰਡੀਗੜ੍ਹ ਦੁਆਰਾ ਆਯੋਜਿਤ ਵਾਰਤਾਲਾਪ ਵਿੱਚ, ਏਡੀਜੀ ਸ਼੍ਰੀ ਰਾਜੇਂਦਰ ਚੌਧਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ 

 ਚੰਡੀਗੜ੍ਹ:::::::::::::
ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਚੰਡੀਗੜ੍ਹ ਨੇ ਅੱਜ ਚੰਡੀਗੜ੍ਹ ਵਿੱਚ ਇੱਕ “ਵਾਰਤਾਲਾਪ” ਮੀਡੀਆ ਵਰਕਸ਼ਾਪ ਦਾ ਆਯੋਜਨ ਕੀਤਾ, ਜਿਸ ਵਿੱਚ ਸ਼੍ਰੀ ਰਾਜੇਂਦਰ ਚੌਧਰੀ, ਐਡੀਸ਼ਨਲ ਡਾਇਰੈਕਟਰ ਜਨਰਲ (ਏਡੀਜੀ), ਪੀਆਈਬੀ, ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸ੍ਰੀ ਯਸ਼ੂ ਦੀਪ ਸਿੰਘ, ਆਈਐੱਫਐੱਸ, ਪ੍ਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਇਸ ਮੌਕੇ ‘ਤੇ ਮਹਿਮਾਨ ਵਜੋਂ ਹਾਜ਼ਰ ਸਨ। ਇਹ ਇਕੱਠ ਇੱਕ ਮਹੱਤਵਪੂਰਨ ਪਲ ਸਾਬਤ ਹੋਇਆ ਕਿਉਂਕਿ ਪੀਆਈਬੀ ਚੰਡੀਗੜ੍ਹ ਨੇ ਗਣਤੰਤਰ ਦਿਵਸ ਪਰੇਡ 2024 ਵਿੱਚ ਹਿੱਸਾ ਲੈਣ ਲਈ ਸੱਦੇ ਗਏ ਖੇਤਰ ਦੇ ਲਾਭਾਰਥੀਆਂ ਨੂੰ ਇਸ ਮੌਕੇ ਸ਼ਾਮਲ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਰਾਜੇਂਦਰ ਚੌਧਰੀ ਅਤੇ ਸ਼੍ਰੀ ਯਸ਼ੂ ਦੀਪ ਸਿੰਘ ਵੱਲੋਂ ਦੀਪ ਜਗਾ ਕੇ ਕੀਤੀ ਗਈ, ਜੋ ਕਿ ਤਰੱਕੀ ਅਤੇ ਸਮ੍ਰਿੱਧੀ ਦਾ ਪ੍ਰਤੀਕ ਹੈ। ਇਸ ਤੋਂ ਬਾਅਦ, ਏਡੀਜੀ ਸ਼੍ਰੀ ਰਾਜੇਂਦਰ ਚੌਧਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਉਨ੍ਹਾਂ ਆਖਰੀ ਸਿਰੇ ਤੱਕ ਪਹੁੰਚਣ ਅਤੇ ਸੇਵਾਵਾਂ ਨੂੰ ਪ੍ਰਭਾਵੀ ਢੰਗ ਨਾਲ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ “ਵੀਬੀਐੱਸਵਾਈ ਸਸ਼ਕਤੀਕਰਨ ਦੀ ਯਾਤਰਾ ਰਹੀ ਹੈ, ਜਿੱਥੇ ਸਰਕਾਰ ਨੇ ਹੇਠਲੇ ਪੱਧਰ ‘ਤੇ ਲੋਕਾਂ ਤੱਕ ਪਹੁੰਚ ਕੀਤੀ ਹੈ। ਵਿਭਿੰਨ ਯੋਜਨਾਵਾਂ ਦੇ ਲਾਭ ਦੇਸ਼ ਦੇ ਹਰ ਕੋਨੇ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ, ਸਮਾਵੇਸ਼ ‘ਤੇ ਜ਼ੋਰ ਦਿੱਤਾ ਗਿਆ ਹੈ।” ਵਿਸਤ੍ਰਿਤ ਪੇਸ਼ਕਾਰੀ ਨੇ ਉਜਾਗਰ ਕੀਤਾ ਕਿ ਕਿਵੇਂ ਸਰਕਾਰ ਦੇ ਯਤਨਾਂ ਨੇ 15 ਕਰੋੜ ਤੋਂ ਵੱਧ ਵਿਅਕਤੀਆਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਜੋ ਕਿ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਦੀ ਸਫਲਤਾ ਦਾ ਪ੍ਰਮਾਣ ਹੈ।
ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਦੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਏਡੀਜੀ ਸ਼੍ਰੀ ਰਾਜੇਂਦਰ ਚੌਧਰੀ ਨੇ ਯਾਤਰਾ ਦੇ ਬਹੁਪੱਖੀ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਖੁਲਾਸਾ ਕੀਤਾ ਕਿ ਦੌਰੇ ਦੌਰਾਨ, 1.2 ਲੱਖ ਤੋਂ ਵੱਧ ਡ੍ਰੋਨ ਪ੍ਰਦਰਸ਼ਨ ਹੋਏ, ਜੋ ਜਨ ਸ਼ਮੂਲੀਅਤ ਲਈ ਸਰਕਾਰ ਦੀ ਨਵੀਨਤਾਕਾਰੀ ਪਹੁੰਚ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ, 11 ਕਰੋੜ ਤੋਂ ਵੱਧ ਲੋਕਾਂ ਦੀ ਪ੍ਰਭਾਵਸ਼ਾਲੀ ਗਿਣਤੀ ਨੇ ਦੇਸ਼ ਦੀ ਤਰੱਕੀ ਲਈ ਸਮੂਹਿਕ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਸੰਕਲਪ ਪ੍ਰਤੀਗਿਆ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਸ਼੍ਰੀ ਚੌਧਰੀ ਨੇ ਸਿਹਤ ਸੰਭਾਲ ਵਿੱਚ ਮਹੱਤਵਪੂਰਨ ਯਤਨਾਂ ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਸਿਹਤ ਕੈਂਪਾਂ ਵਿੱਚ ਚਾਰ ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ, ਜੋ ਕਿ ਜਨ ਸਿਹਤ ‘ਤੇ ਸਰਕਾਰ ਦੇ ਸਰਗਰਮ ਰੁਖ ਨੂੰ ਦਰਸਾਉਂਦਾ ਹੈ। ਲਗਭਗ ਦੋ ਕਰੋੜ ਆਯੂਸ਼ਮਾਨ ਭਾਰਤ ਕਾਰਡ ਜਾਰੀ ਕਰਨਾ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸੀ, ਜਿਸ ਨਾਲ ਨਾਗਰਿਕਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕੀਤੀ ਗਈ।
ਵਾਰਤਾਲਾਪ ਵਿੱਚ, ਸ਼੍ਰੀ ਯਸ਼ੂ ਦੀਪ ਸਿੰਘ, ਆਈਐੱਫਐੱਸ, ਪਰਵਾਸੀਆਂ ਦੇ ਰੱਖਿਅਕ, ਵਿਦੇਸ਼ ਮੰਤਰਾਲੇ, ਚੰਡੀਗੜ੍ਹ ਨੇ ਇੱਕ ਚਿੰਤਾਜਨਕ ਰੁਝਾਨ ਦਾ ਖੁਲਾਸਾ ਕੀਤਾ ਜਿਸ ਵਿੱਚ ਵਿਦੇਸ਼ੀ ਨੌਕਰੀ ਲੱਭਣ ਵਾਲੇ ਲੋਕ ਬੇਈਮਾਨ ਭਰਤੀ ਏਜੰਟਾਂ ਦੇ ਧੋਖੇ ਭਰੇ ਅਭਿਆਸਾਂ ਦਾ ਸ਼ਿਕਾਰ ਹੋ ਰਹੇ ਹਨ। ਸਥਿਤੀ ਦੀ ਗੰਭੀਰਤਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਸਿੰਘ ਨੇ ਖੁਲਾਸਾ ਕੀਤਾ, “ਅਸੀਂ ਅਜਿਹੇ ਮਾਮਲਿਆਂ ਵਿੱਚ ਇੱਕ ਮਹੱਤਵਪੂਰਨ ਵਾਧਾ ਦੇਖਿਆ ਹੈ ਜਿੱਥੇ ਗੈਰ-ਰਜਿਸਟਰਡ ਭਰਤੀ ਏਜੰਟਾਂ ਦੁਆਰਾ ਵਿਦੇਸ਼ੀ ਨੌਕਰੀ ਦੀ ਭਾਲ ਕਰਨ ਵਾਲਿਆਂ ਨੂੰ ਫਰਜ਼ੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਰਾਹੀਂ ਠੱਗਿਆ ਜਾ ਰਿਹਾ ਹੈ, ਜਿਸ ਵਿੱਚ 2 ਤੋਂ 5 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਭਾਰੀ ਵਸੂਲੀ ਵੀ ਕੀਤੀ ਜਾ ਰਹੀ ਹੈ।”
ਸ੍ਰੀ ਸਿੰਘ ਨੇ ਇੱਕ ਜਾਇਜ਼ ਨੌਕਰੀ ਦੀ ਪੇਸ਼ਕਸ਼ ਲਈ ਲੋੜੀਂਦੀਆਂ ਸ਼ਰਤਾਂ ਦੀ ਰੂਪਰੇਖਾ ਦੱਸੀ, ਜਿਸ ਵਿੱਚ ਪਾਰਦਰਸ਼ੀ ਨਿਯਮਾਂ ਅਤੇ ਸ਼ਰਤਾਂ, ਤਨਖਾਹ ਦੇ ਵੇਰਵੇ ਅਤੇ ਉਚਿਤ ਰੋਜ਼ਗਾਰ ਜਾਂ ਕੰਮ ਦੇ ਵੀਜ਼ੇ ਦੀ ਵਿਵਸਥਾ ਸ਼ਾਮਲ ਹੈ। ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਦੇ ਯਤਨਾਂ ਵਿੱਚ, ਸ਼੍ਰੀ ਸਿੰਘ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਰਜਿਸਟਰਡ ਭਰਤੀ ਏਜੰਟਾਂ ਤੋਂ ਸੇਵਾਵਾਂ ਲੈਣ ਲਈ ਉਤਸ਼ਾਹਿਤ ਕੀਤਾ, ਜਿਨ੍ਹਾਂ ਦੀ ਪਛਾਣ ਪ੍ਰਮੁੱਖ ਤੌਰ ‘ਤੇ ਪ੍ਰਦਰਸ਼ਿਤ ਲਾਇਸੈਂਸ ਨੰਬਰਾਂ ਦੁਆਰਾ ਕੀਤੀ ਜਾ ਸਕਦੀ ਹੈ। ਸੰਭਾਵੀ ਪ੍ਰਵਾਸੀਆਂ ਨੂੰ ਸਰਕਾਰੀ ਚੈਨਲਾਂ ਰਾਹੀਂ ਜਾਂ ਸਮਰਪਿਤ ਵੈੱਬਸਾਈਟ www.emigrate.gov.in ਜਾਂ ਪੀਬੀਐੱਸਕੇ ਪੋਰਟਲ www.pbsk.gov.in/home ‘ਤੇ ਜਾ ਕੇ ਭਰਤੀ ਏਜੰਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ। ਸ਼੍ਰੀ ਸਿੰਘ ਨੇ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਵਾਸੀ ਭਾਰਤੀ ਬੀਮਾ ਯੋਜਨਾ (ਪੀਬੀਬੀਵਾਈ) ਦੀ ਖਰੀਦ ਲਈ ਰਜਿਸਟਰਡ ਏਜੰਟਾਂ ਦੀ ਲਾਜ਼ਮੀ ਲੋੜ ਨੂੰ ਉਜਾਗਰ ਕਰਦੇ ਹੋਏ, ਮਜ਼ਦੂਰਾਂ ਦੀ ਸੁਰੱਖਿਆ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਇਹ ਬੀਮਾ ਕਈ ਲਾਭਾਂ ਦੀ ਪੇਸ਼ਕਸ਼ ਕਰਦਾ ਹੈ, ਜਿਨ੍ਹਾਂ ਵਿੱਚ ਮੌਤ ਦੇ ਮਾਮਲੇ ਵਿੱਚ 10 ਲੱਖ ਰੁਪਏ ਦੀ ਬੀਮੇ ਦੀ ਰਕਮ ਵੀ ਸ਼ਾਮਲ ਹੈ। ਉਨ੍ਹਾਂ ਮੀਡੀਆ ਨੂੰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਅਤੇ ਹੈਲਪਲਾਈਨ 1800113090 ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ, ਲੋਕਾਂ ਨੂੰ ਅਪੀਲ ਕੀਤੀ ਕਿ ਉਹ, ਕਿਸੇ ਵੀ ਸ਼ਿਕਾਇਤ ਦੀ ਤੁਰੰਤ ਰਿਪੋਰਟ ਕਰਨ।
ਪੀਆਈਬੀ ਚੰਡੀਗੜ੍ਹ ਨੇ ਇਸ ਮੌਕੇ ਖੇਤਰੀ ਲਾਭਾਰਥੀਆਂ ਨੂੰ ਵੀ ਬੁਲਾਇਆ ਜਿਨ੍ਹਾਂ ਨੂੰ ਗਣਤੰਤਰ ਦਿਵਸ ਪਰੇਡ 2024 ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਲਾਭਾਰਥੀਆਂ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਤਾਨੀਆ ਸਿੰਗਲਾ, ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਤਹਿਤ ਸੁਨੀਲ ਕੁਮਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਅਧੀਨ ਜਸਵਿੰਦਰ ਕੌਰ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਸ਼ੀਲਾ ਭੋਜ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਰਾਜ ਬਹਾਦਰ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਕਿਰਨ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਵਿਸ਼ਾਲ ਕੁਮਾਰ, ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਵਿਨੋਦ ਨੇ ਮੀਡੀਆ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਇਨ੍ਹਾਂ ਸਰਕਾਰੀ ਯੋਜਨਾਵਾਂ ਨੇ ਉਨ੍ਹਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ।
ਇਨ੍ਹਾਂ ਲਾਭਾਰਥੀਆਂ ਨੇ ਖੇਤੀਬਾੜੀ, ਆਵਾਸ ਅਤੇ ਕਾਰੋਬਾਰੀ ਸਸ਼ਕਤੀਕਰਨ ਦੀਆਂ ਸਕੀਮਾਂ ਤੋਂ ਪ੍ਰਾਪਤ ਅਸਲ ਲਾਭਾਂ ਦੇ ਪ੍ਰਤੱਖ ਵੇਰਵੇ ਪ੍ਰਦਾਨ ਕੀਤੇ। ਵਾਰਤਾਲਾਪ ਨੇ ਇਨ੍ਹਾਂ ਵਿਅਕਤੀਆਂ ਲਈ ਪਹਿਲ ਦੇ ਪਰਿਵਰਤਨਕਾਰੀ ਪ੍ਰਭਾਵ ਲਈ ਧੰਨਵਾਦ ਪ੍ਰਗਟ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕੀਤਾ, ਜੋ ਕਿ ਜੀਵਨ ਦੇ ਵਿਭਿੰਨ ਖੇਤਰਾਂ ਦੇ ਨਾਗਰਿਕਾਂ ਤੱਕ ਪਹੁੰਚਣ ਅਤੇ ਉਨ੍ਹਾਂ ਦੇ ਉਥਾਨ ਵਿੱਚ ਸਰਕਾਰ ਦੇ ਯਤਨਾਂ ਦੀ ਸਫਲਤਾ ਨੂੰ ਦਰਸਾਉਂਦਾ ਹੈ।

Leave a Reply

Your email address will not be published.


*