November 27, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ਵਿਖੇ 27 ਨਵੰਬਰ ਨੂੰ ਰਾਤ 8 ਵਜੇ ਹੋਵੇਗੀ ਬਲੈਕਆਊਟ ਦੀ ਮੌਕ ਡਰਿੱਲ

ਅੰਮ੍ਰਿਤਸਰ, 26 ਨਵੰਬਰ 2026
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)-
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ (ਸਿਵਲ ਡਿਫੈਂਸ ਸ਼ਾਖਾ), ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਪੈਸ਼ਲ ਡੀ.ਜੀ.ਪੀ. ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ, ਸਿਵਲ ਡਿਫੈਂਸ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ 27 ਨਵੰਬਰ 2026 ਨੂੰ ਰਾਤ 8 ਵਜੇ (20:00 ਵਜੇ) ਸ੍ਰੀ ਗੁਰੂ ਰਾਮਦਾਸ ਅਰਬਨ ਅਸਟੇਟ, ਏਅਰਪੋਰਟ ਰੋਡ, ਅੰਮ੍ਰਿਤਸਰ ਵਿਖੇ ਸਿਵਲ ਡਿਫੈਂਸ ਏਅਰ ਰੇਡ ਬਲੈਕਆਊਟ ਦੀ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਅਭਿਆਸ ਸਿਵਲ ਡਿਫੈਂਸ ਦੀ ਤਿਆਰੀ ਅਤੇ ਸਮਰੱਥਾ ਦੀ ਜਾਂਚ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।
   ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੱਲਵੀ ਮਿਸ਼ਰਾ ਨੇ ਦੱਸਿਆ ਕਿ ਇਸ ਮੌਕ ਅਭਿਆਸ ਦੌਰਾਨ ਲੋਕਾਂ ਨੂੰ ਹਵਾਈ ਹਮਲੇ ਦੀ ਚੇਤਾਵਨੀ (Air Raid Warning Signal) ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਸਾਇਰਨ ਦੋ ਮਿੰਟ ਤੱਕ ਉੱਚੀ ਅਤੇ ਨੀਵੀਂ ਸੁਰ ਵਿੱਚ ਵਜਾਇਆ ਜਾਵੇਗਾ, ਜੋ ਹਵਾਈ ਹਮਲੇ ਦੀ ਚੇਤਾਵਨੀ ਦਾ ਸੰਕੇਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੌਕ ਅਭਿਆਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ, ਅੰਮ੍ਰਿਤਸਰ ਅਤੇ ਜ਼ਿਲ੍ਹਾ ਕਮਾਂਡਰ, ਪੰਜਾਬ ਹੋਮ ਗਾਰਡਜ਼-ਕਮ-ਐਡੀਸ਼ਨਲ ਕੰਟਰੋਲਰ, ਸਿਵਲ ਡਿਫੈਂਸ, ਅੰਮ੍ਰਿਤਸਰ ਵੱਲੋਂ ਨਿਰਧਾਰਤ ਕੀਤੇ ਗਏ ਇਲਾਕੇ ਵਿੱਚ ਹੀ ਬਲੈਕਆਊਟ (Blackout) ਲਾਗੂ ਕੀਤਾ ਜਾਵੇਗਾ।
    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਰਧਾਰਤ ਇਲਾਕੇ ਦੇ ਵਸਨੀਕਾਂ ਨੂੰ ਬਲੈਕਆਊਟ ਦੌਰਾਨ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣੀਆਂ ਹੋਣਗੀਆਂ। ਹਾਲਾਂਕਿ, ਇਸ ਸਮੇਂ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਮੌਕ ਅਭਿਆਸ ਦੀ ਸਮਾਪਤੀ ਉਪਰੰਤ ‘ਆਲ ਕਲੀਅਰ’ (All Clear) ਦਾ ਸੰਕੇਤ ਦਿੱਤਾ ਜਾਵੇਗਾ, ਜਿਸ ਦੌਰਾਨ ਸਾਇਰਨ ਲਗਾਤਾਰ ਉੱਚੀ ਸੁਰ ਵਿੱਚ ਦੋ ਮਿੰਟ ਤੱਕ ਵੱਜੇਗਾ। ਇਹ ਅਭਿਆਸ ਦੇ ਮੁਕੰਮਲ ਹੋਣ ਦਾ ਸੰਕੇਤ ਹੋਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਇਹ ਮੌਕ ਅਭਿਆਸ 27 ਨਵੰਬਰ 2026 ਨੂੰ ਰਾਤ 7:55 ਵਜੇ ਤੋਂ 8:20 ਵਜੇ ਤੱਕ ਚੱਲੇਗਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਦੌਰਾਨ ਘਬਰਾਉਣ ਨਾ, ਕਿਉਂਕਿ ਇਹ ਸਿਵਲ ਡਿਫੈਂਸ ਦੀ ਤਿਆਰੀ ਅਤੇ ਸਮਰੱਥਾ ਦੀ ਜਾਂਚ ਕਰਨ ਲਈ ਕਰਵਾਇਆ ਜਾਣ ਵਾਲਾ ਇੱਕ ਨਿਯਮਤ ਮੌਕ ਅਭਿਆਸ ਹੈ। ਲੋਕਾਂ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਗਲਤ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ਨੂੰ ਅੱਗੇ ਸਾਂਝਾ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.